ਜਲੰਧਰ (ਕੇਸਰ)-ਇਜ਼ਰਾਈਲ ਵੱਲੋਂ ਫਲਸਤੀਨੀਆਂ ਦੀ ਨਸਲਕੁਸ਼ੀ ਦੇ ਵਿਰੋਧ ’ਚ ਸਥਾਈ ਜੰਗਬੰਦੀ ਲਈ ਭਾਰਤ ਸਰਕਾਰ ਵੱਲੋਂ ਇਜ਼ਰਾਈਲ ਨੂੰ ਹਥਿਆਰ ਅਤੇ ਹੋਰ ਜੰਗੀ ਸਾਜ਼ੋ-ਸਾਮਾਨ ਦਿੱਤੇ ਜਾਣ ਦੇ ਵਿਰੋਧ ’ਚ ਅਤੇ ਫਲਸਤੀਨੀਆਂ ਨਾਲ ਯਕਜ਼ਹਿਤੀ ਪ੍ਰਗਟਾਉਣ ਲਈ 7 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਕਨਵੈਨਸ਼ਨ ਅਤੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਸਾਰੇ ਜੰਗੀ ਨਿਯਮਾਂ ਨੂੰ ਛਿੱਕੇ ਉੱਤੇ ਟੰਗ ਕੇ ਹਸਪਤਾਲਾਂ, ਸਕੂਲਾਂ ਅਤੇ ਰਿਹਾਇਸ਼ੀ ਥਾਵਾਂ ਨੂੰ ਵੀ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਾਣੀ, ਦਵਾਈਆਂ ਅਤੇ ਖਾਣ-ਪੀਣ ਦੇ ਸਾਜ਼ੋ-ਸਾਮਾਨ ’ਤੇ ਲਾਈਆਂ ਪਾਬੰਦੀਆਂ ਅਤਿ ਘਿਨਾਉਣੇ ਗੈਰ-ਮਾਨਵਵਾਦੀ ਇਜ਼ਰਾਈਲ ਅਤੇ ਉਸ ਦੇ ਸਹਿਯੋਗੀਆਂ ਦਾ ਕਰੂਰ ਚਿਹਰਾ ਸਾਰੀ ਦੁਨੀਆ ਸਾਹਮਣੇ ਆ ਗਿਆ ਹੈ।
ਅਮਰੀਕਾ ਅਤੇ ਉਸ ਦੇ ਪੱਛਮੀ ਸਹਿਯੋਗੀ ਇਜ਼ਰਾਈਲ ਨੂੰ ਲਗਾਤਾਰ ਹਥਿਆਰਾਂ ਦੀ ਸਪਲਾਈ ਅਤੇ ਆਰਥਿਕ ਮਦਦ ਦੇ ਰਹੇ ਹਨ। ਸਥਾਈ ਜੰਗਬੰਦੀ ਲਈ ਯੂ.ਐੱਨ.ਓ. ਦੇ ਮਤਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।ਉਨ੍ਹਾਂ ਸਮੂਹ ਅਮਨਪਸੰਦ ਸ਼ਹਿਰੀਆਂ ਨੂੰ ਇਸ ਜੰਗੀ ਕਤਲੇਆਮ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਹੈ।




