ਨਵੀਂ ਦਿੱਲੀ : ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਐਤਵਾਰ ਦੋਸ਼ ਲਾਇਆ ਕਿ ਆਰ ਐੱਸ ਐੱਸ ਦੇ ਸਾਬਕਾ ਆਗੂ ਸੁਭਾਸ਼ ਵੇਲਿੰਗਕਰ ਵੱਲੋਂ ਸੇਂਟ ਫਰਾਂਸਿਸ ਜ਼ੇਵੀਅਰ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਪੈਦਾ ਹੋਏ ਵਿਵਾਦ ਤੋਂ ਬਾਅਦ ਹੁਕਮਰਾਨ ਭਾਜਪਾ ਗਿਣਮਿਥ ਕੇ ਗੋਆ ’ਚ ਫਿਰਕੂ ਤਣਾਅ ਨੂੰ ਹਵਾ ਦੇ ਰਹੀ ਹੈ।
ਰਾਹੁਲ ਨੇ ਐਕਸ ’ਤੇ ਪੋਸਟ ਪਾਈ ਹੈ ਕਿ ਗੋਆ ਦਾ ਕੁਦਰਤੀ ਸੁਹੱਪਣ ਇੱਥੋਂ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਏਕਤਾ ਤੇ ਮਹਿਮਾਨ-ਨਵਾਜ਼ੀ ’ਚ ਹੈ। ਬਦਕਿਸਮਤੀ ਨਾਲ ਭਾਜਪਾ ਦੇ ਰਾਜ ’ਚ ਇਸ ਏਕਤਾ ’ਤੇ ਹਮਲੇ ਹੋ ਰਹੇ ਹਨ। ਵੇਲਿੰਗਕਰ ਨੇ ਕਿਹਾ ਸੀ ਕਿ ਸੇਂਟ ਫਰਾਂਸਿਸ ਜ਼ੇਵੀਅਰ ਦੇ ਅਵਸ਼ੇਸ਼ਾਂ ਦਾ ਡੀ ਐੱਨ ਏ ਟੈੱਸਟ ਕਰਵਾਇਆ ਜਾਵੇ। ਉਸਨੇ ਸੇਂਟ ਜ਼ੇਵੀਅਰ ਨੂੰ ਗੋਇਨਚੋ ਸਾਹਿਬ (ਗੋਆ ਦਾ ਰਾਖਾ) ਦਾ ਰੁਤਬਾ ਦੇਣ ’ਤੇ ਵੀ ਕਿੰਤੂ ਕੀਤਾ ਸੀ। ਇਸਤੋਂ ਬਾਅਦ ਗੋਆ ਵਿਚ ਈਸਾਈ ਭਾਈਚਾਰੇ ਵਿਚ ਬਹੁਤ ਗੁੱਸਾ ਪੈਦਾ ਹੋ ਗਿਆ। ਈਸਾਈਆਂ ਨੇ ਸ਼ਿਕਾਇਤਾਂ ਕੀਤੀਆਂ ਤੇ ਪ੍ਰੋਟੈੱਸਟ ਵੀ ਕੀਤੇ।
ਰਾਹੁਲ ਨੇ ਕਿਹਾ ਹੈ ਕਿ ਸੰਘ ਪਰਵਾਰ ਉਤਲੀ ਪੱਧਰ ’ਤੇ ਬੈਠੇ ਲੋਕਾਂ ਦੀ ਮਦਦ ਨਾਲ ਬਿਨਾਂ ਕਿਸੇ ਡਰ-ਡੁੱਕਰ ਦੇ ਭਾਰਤ-ਭਰ ਵਿਚ ਅਜਿਹੀਆਂ ਕਾਰਵਾਈਆਂ ਕਰ ਰਿਹਾ ਹੈ। ਗੋਆ ਵਿਚ ਭਾਜਪਾ ਦੀ ਰਣਨੀਤੀ ਸਾਫ ਹੈ : ਲੋਕਾਂ ਨੂੰ ਵੰਡੋ ਅਤੇ ਪਰਿਆਵਰਣ ਨੇਮਾਂ ਦੀ ਉਲੰਘਣਾ ਕਰਕੇ ਕੁਦਰਤੀ ਵਸੀਲਿਆਂ ਦੀ ਲੁੱਟ ਕਰੋ। ਗੋਆ ਦੀ ਕੁਦਰਤੀ ਤੇ ਸਮਾਜੀ ਵਿਰਾਸਤ ’ਤੇ ਹਮਲਾ ਕੀਤਾ ਜਾ ਰਿਹਾ ਹੈ। ਸੱਤਾਧਾਰੀ ਪਾਰਟੀ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ, ਕਿਉਂਕਿ ਸੂਬੇ ਦੇ ਲੋਕ ਤੇ ਪੂਰਾ ਦੇਸ਼ ਇਸ ਵੰਡਪਾਊ ਏਜੰਡੇ ਨੂੰ ਦੇਖ ਰਿਹਾ ਹੈ। ਭਾਜਪਾ ਜਾਣਬੁੱਝ ਕੇ ਫਿਰਕੂ ਤਣਾਅ ਵਧਾ ਰਹੀ ਹੈ, ਜਿੱਥੇ ਆਰ ਐੱਸ ਐੱਸ ਦਾ ਇੱਕ ਸਾਬਕਾ ਆਗੂ ਈਸਾਈਆਂ ਨੂੰ ਭੜਕਾ ਰਿਹਾ ਹੈ ਅਤੇ ਸੰਘ ਸੰਗਠਨਾਂ ਨੂੰ ਮੁਸਲਮਾਨਾਂ ਦੇ ਆਰਥਕ ਬਾਈਕਾਟ ਦਾ ਸੱਦਾ ਦੇ ਰਿਹਾ ਹੈ।




