ਨਵੀਂ ਦਿੱਲੀ : ਹਰਿਆਣਾ ਤੇ ਜੰਮੂ-ਕਸ਼ਮੀਰ ਅਸੰਬਲੀਆਂ ਲਈ ਪਈਆਂ ਵੋਟਾਂ ਦੀ ਗਿਣਤੀ ਮੰਗਲਵਾਰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਦੁਪਹਿਰ ਤੱਕ ਕਾਫੀ ਹੱਦ ਤੱਕ ਕਲੀਅਰ ਹੋ ਜਾਵੇਗਾ ਕਿ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ।
ਸੋਨਾ 78,700 ਰੁਪਏ
ਮੁੰਬਈ : ਸੋਨਾ ਸੋਮਵਾਰ 78,700 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ’ਤੇ ਪੁੱਜ ਗਿਆ ਹੈ। ਸ਼ੁੱਕਰਵਾਰ ਭਾਅ 78,450 ਰੁਪਏ ਸੀ। 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 200 ਰੁਪਏ ਚੜ੍ਹ ਕੇ 78,300 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜ ਗਿਆ।
ਕਰੀਬੀਆਂ ਨੂੰ ਮਿਲਣ ’ਤੇ ਰੋਕ
ਲਾਹੌਰ : ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 18 ਅਕਤੂਬਰ ਤੱਕ ਪਰਵਾਰਕ ਮੈਂਬਰਾਂ, ਵਕੀਲਾਂ ਅਤੇ ਪਾਰਟੀ ਨੇਤਾਵਾਂ ਨੂੰ ਮਿਲਣ ਤੋਂ ਰੋਕ ਦਿੱਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਬਾਨੀ ਖਾਨ ਅਗਸਤ 2023 ਤੋਂ ਕਈ ਮਾਮਲਿਆਂ ’ਚ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ’ਚ ਬੰਦ ਹਨ। ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਖਾਨ ਦੀ ਪਾਰਟੀ ਉੱਤੇ ਸ਼ੰਘਾਈ ਸਹਿਯੋਗ ਸੰਗਠਨ ਦੇ ਆਗਾਮੀ ਸੰਮੇਲਨ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ।
ਕਾਰ ’ਚ ਖੁਦਕੁਸ਼ੀ
ਪਟਿਆਲਾ : ਸੋਮਵਾਰ ਸਵੇਰੇ ਇੱਥੇ ਲਹਿਲ ਚੌਕ ’ਚ ਨੌਜਵਾਨ ਨੇ ਕਥਿਤ ਤੌਰ ’ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਗਿਆ ਹੈ ਕਿ ਬਠਿੰਡਾ ਦਾ ਹਰਪਾਲ ਸਿੰਘ ਕਾਰ ਵਿਚ ਸਵਾਰ ਸੀ ਤੇ ਖੁਦ ਨੂੰ ਗੋਲੀ 32 ਬੋਰ ਦੇ ਰਿਵਾਲਵਰ ਨਾਲ ਮਾਰੀ। ਥਾਣਾ ਸਿਵਲ ਲਾਈਨ ਪੁਲਸ ਨੇ ਚਿੱਟੇ ਰੰਗ ਦੀ ਕਰੂਜ਼ ਕਾਰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਮੁਨਸ਼ੀ ਵੱਲੋਂ ਖੁਦਕੁਸ਼ੀ
ਬਠਿੰਡਾ : ਕਸਬਾ ਰਾਮਪੁਰਾ ਫੂਲ ਦੇ ਥਾਣਾ ਸਦਰ ’ਚ ਮੁਨਸ਼ੀ ਹੌਲਦਾਰ ਸੁਖਪਾਲ ਸਿੰਘ ਨੇ ਕਥਿਤ ਤੌਰ ’ਤੇ ਖੁਦ ਨੂੰ ਏ ਕੇ-47 ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਕ ਸਮਾਜ ਸੇਵੀ ਸੰਸਥਾ ਵੱਲੋਂ ਉਸ ਨੂੰ ਫੌਰੀ ਸਰਕਾਰੀ ਹਸਪਤਾਲ ਲਿਆਂਦਾ ਗਿਆ, ਪਰ ਡਾਕਟਰਾਂ ਨੇ ਮਿ੍ਰਤਕ ਐਲਾਨ ਦਿੱਤਾ।
ਕੋਲਾ ਖਾਣ ’ਚ ਧਮਾਕੇ ਨਾਲ 7 ਮਜ਼ਦੂਰਾਂ ਦੀ ਮੌਤ
ਕੋਲਕਾਤਾ : ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ’ਚ ਸੋਮਵਾਰ ਦੁਪਹਿਰ ਇੱਕ ਨਿੱਜੀ ਸੰਸਥਾ ਦੀ ਮਾਲਕੀ ਵਾਲੀ ਕੋਲੇ ਦੀ ਖਾਣ ’ਚ ਹੋਏ ਧਮਾਕੇ ਕਾਰਨ 7 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 7 ਜ਼ਖਮੀ ਹੋ ਗਏ। ਧਮਾਕੇ ਤੋਂ ਬਾਅਦ ਜ਼ਮੀਨ ਖਿਸਕਣ ਨਾਲ ਖਾਣ ਅੰਦਰ ਹੋਰ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਧਮਾਕੇ ’ਚ ਮਾਰੇ ਗਏ ਕੁਝ ਲੋਕਾਂ ਦੀਆਂ ਲਾਸ਼ਾਂ ਦੇ ਟੁਕੜੇ ਹੋ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਕੋਲੇ ਦੀ ਖੁਦਾਈ ਲਈ ਜ਼ਰੂਰੀ ਸੁਰੱਖਿਆ ਉਪਾਵਾਂ ਦੀ ਪਾਲਣਾ ਕੀਤੇ ਬਿਨਾਂ ਧਮਾਕੇ ਬੇਢੰਗੇ ਤਰੀਕੇ ਨਾਲ ਕੀਤੇ ਗਏ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਮੋਦੀ-ਮੁਈਜ਼ੂ ਮੁਲਾਕਾਤ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨਾਲ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ‘ਐਕਸ’ ਪੋਸਟ ਵਿਚ ਕਿਹਾ ਕਿ ਭਾਰਤ-ਮਾਲਦੀਵ ਦੇ ਵਿਸ਼ੇਸ਼ ਸੰਬੰਧਾਂ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਹਾਊਸ ਪਹੁੰਚਣ ’ਤੇ ਮਾਲਦੀਵ ਦੇ ਰਾਸ਼ਟਰਪਤੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।