ਵਡੋਦਰਾ : ਗੁਜਰਾਤ ਪੁਲਸ ਨੇ ਵਡੋਦਰਾ ਵਿਚ ਨਾਬਾਲਗ ਕੁੜੀ ਨਾਲ ਸਮੂਹਕ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿਚ ਤਿੰਨ ਉਸਾਰੀ ਮਜ਼ਦੂਰਾਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਸ ਨੇ ਸੋਮਵਾਰ ਦੱਸਿਆ ਕਿ ਕਰੀਬ 1100 ਸੀ ਸੀ ਟੀ ਵੀ ਕੈਮਰਿਆਂ ਤੋਂ ਮਿਲੀਆਂ ਵੀਡੀਓ ਫੁਟੇਜ਼ਾਂ ਦੀ ਘੋਖ-ਪੜਤਾਲ ਤੋਂ ਬਾਅਦ ਮੁਲਜ਼ਮਾਂ ਨੂੰ ਵਾਰਦਾਤ ਦੇ 48 ਘੰਟਿਆਂ ਦੌਰਾਨ ਕਾਬੂ ਕਰ ਲਿਆ ਗਿਆ। ਮਾਮਲੇ ਵਿਚ ਦੋ ਹੋਰ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਹੜੇ ਮੁੱਖ ਮੁਲਜ਼ਮ ਨਾਲ ਮੋਟਰ ਸਾਈਕਲਾਂ ਉਤੇ ਜੁਰਮ ਵਾਲੀ ਥਾਂ ’ਤੇ ਗਏ ਸਨ। ਪੁਲਸ ਮੁਤਾਬਕ ਮੁਲਜ਼ਮ ਉੱਤਰ ਪ੍ਰਦੇਸ਼ ਨਾਲ ਸੰਬੰਧਤ ਹਨ, ਜਿਹੜੇ ਦਸ ਸਾਲਾਂ ਤੋਂ ਵੱਧ ਸਮੇਂ ਤੋਂ ਵਡੋਦਰਾ ਵਿਚ ਰਹਿ ਰਹੇ ਸਨ। ਇਨ੍ਹਾਂ ਦੀ ਪਛਾਣ ਮੁੰਨਾ ਵਨਜਾਰਾ (27), ਮੁਮਤਾਜ ਵਨਜਾਰਾ (36) ਅਤੇ ਸ਼ਾਹਰੁਖ ਵਨਜਾਰਾ (36) ਵਜੋਂ ਹੋਈ ਹੈ। ਪੁਲਸ ਕਮਿਸ਼ਨਰ ਨਰਸਿਮਹਾ ਕੋਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਕੁੜੀ ਨਾਲ ਉਦੋਂ ਕਥਿਤ ਸਮੂਹਕ ਜਬਰ-ਜ਼ਨਾਹ ਕੀਤਾ, ਜਦੋਂ ਉਹ ਬੀਤੇ ਸ਼ੁੱਕਰਵਾਰ ਦੇਰ ਰਾਤ ਨੂੰ ਆਪਣੇ ਦੋਸਤ ਮੁੰਡੇ ਨਾਲ ਜਾ ਰਹੀ ਸੀ ਤੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਸੰੁਨਸਾਨ ਥਾਂ ਉਤੇ ਘੇਰ ਲਿਆ। ਗੌਰਤਲਬ ਹੈ ਕਿ ਗੁਜਰਾਤ ਵਿਚ ਨਰਾਤਿਆਂ ਦੌਰਾਨ ਅਕਸਰ ਰਾਤਾਂ ਨੂੰ ਨੌਜਵਾਨ ਗਰਬਾ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਇੱਧਰ-ਉੱਧਰ ਜਾਂਦੇ ਹਨ।