ਚੰਡੀਗੜ੍ਹ (ਗਿਆਨ ਸੈਦਪੁਰੀ)
ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਦਰ ਮੁਕਾਮ ਵਿਖੇ ਦੋ ਦਿਨਾ ਸਿਧਾਂਤਕ ਵਰਕਸ਼ਾਪ ਦੇ ਦੂਸਰੇ ਤੇ ਆਖ਼ਰੀ ਦਿਨ ਸੀ ਪੀ ਆਈ ਦੇ ਕੇਂਦਰੀ ਵਿੱਦਿਆ ਵਿਭਾਗ ਦੇ ਸਕੱਤਰ ਅਨਿਲ ਰਾਜਿਮਵਾਲੇ ਨੇ ਮਾਰਕਸਵਾਦ-ਲੈਨਿਨਵਾਦ ਅਤੇ ਅਜੋਕੀਆਂ ਪ੍ਰਸਥਿਤੀਆ ਬਾਰੇ ਨਿੱਠ ਕੇ ਚਰਚਾ ਕੀਤੀ। ਉਨ੍ਹਾ ਕਿਹਾ ਕਿ ਮਾਰਕਸਵਾਦ ਇੱਕ ਵਿਸ਼ਾਲ ਫਲਸਫਾ ਹੈ। ਸਾਰੀ ਉਮਰ ਇਸ ਦਾ ਅਧਿਐਨ ਕੀਤਾ ਜਾ ਸਕਦਾ ਹੈ।ਇਹ ਵਿਗਿਆਨਿਕ ਤਾਂ ਹੈ ਹੀ, ਇਸ ਵਿੱਚ ਕੁਦਰਤ ਤੇ ਉਸ ਦੀ ਵਿਲੱਖਣਤਾ ਦਾ ਵੀ ਖੂਬਸੂਰਤ ਵਰਣਨ ਹੈ।ਹਰ ਕਮਿਊਨਿਸਟ ਲਈ ਮਾਰਕਸਵਾਦ ਪੜ੍ਹਨਾ ਉਸ ਦੀ ਜ਼ਿੰਮੇਵਾਰੀ ਹੈ।ਉਨ੍ਹਾ ਕਿਹਾ ਕਿ ਮਾਰਕਸਵਾਦ ਦਾ ਅਧਿਐਨ ਕਰਨ ਮੌਕੇ ਇਹ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਇਸ ਦਾ ਕੋਈ ਵੀ ਪਹਿਲੂ ਕਿਸ ਸੰਦਰਭ ਵਿੱਚ ਲਿਖਿਆ ਗਿਆ ਹੈ। ਰਾਜਿਮਵਾਲੇ ਨੇ ਅੱਗੇ ਦੱਸਿਆ ਕਿ ਹੀਗਲ ਨੂੰ ਪੜ੍ਹਨ ਤੋਂ ਬਿਨਾਂ ਮਾਰਕਸਵਾਦ ਨੂੰ ਸਮਝਣਾ ਮੁਸ਼ਕਲ ਹੈ। ਉਨ੍ਹਾ ਕਿਹਾ ਕਿ ਮਾਰਕਸਵਾਦ ਕੋਈ ਗੀਤਾ ਜਾਂ ਬਾਈਬਲ ਨਹੀਂ, ਕਿਉ ਕ ਇਹ ਸਾਇੰਸ ਹੈ, ਇਸ ਲਈ ਸਮੇਂ ਤੇ ਸਥਾਨ ਅਨੁਸਾਰ ਇਸ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।ਮਸਲਨ ਹੁਣ ਪ੍ਰੋਲੋਤਾਰੀ ਸ਼ਬਦ ਦੀ ਥਾਂ ‘ਕਾਮਾ ਜਮਾਤ’ ਵਰਤਿਆ ਜਾ ਸਕਦਾ ਹੈ।
ਕੇਂਦਰੀ ਆਗੂ ਨੇ ਕਿਹਾ ਕਿ ਇਹ ਗੱਲ ਵੀ ਸਮਝ ਦਾ ਹਿੱਸਾ ਬਣਾਉਣੀ ਪਵੇਗੀ ਕਿ ਸਮੇਂ ਅਨੁਸਾਰ ਬਦਲਣਾ ਮਾਰਕਸਵਾਦ ਨੂੰ ਛੱਡਣਾ ਨਹੀਂ ਹੈ। ਰਾਜਿਮਵਾਲੇ ਨੇ ਇਹ ਵੀ ਦੱਸਿਆ ਕਿ ਕਮਿਊਨਿਸਟ ਪਾਰਟੀ ਦੀ ਵਿਚਾਰਧਾਰਾ ਵਿੱਚ ਮਾਰਕਸਵਾਦ ਦੇ ਸਾਰੇ ਅੰਸ਼ ਸ਼ਾਮਲ ਨਹੀਂ ਹਨ। ਉਨ੍ਹਾ ਕਿਹਾ ਕਿ ਦਵੰਦਵਾਦੀ-ਪਦਾਰਥਵਾਦ ਸਾਡੇ ਕੰਮ ਕਰਨ ਦਾ ਤਰੀਕਾ ਹੈ। ਸਮੇਂ-ਸਮੇਂ ਸਮਝ ਬਦਲ ਜਾਣ ਦੇ ਸੰਬੰਧ ਵਿੱਚ ਉਨ੍ਹਾ ਕਿਹਾ ਕਿ ਕਿਸੇ ਵੇਲੇ ਫੀਦਲ ਕਾਸਤਰੋ ਈਸਾਈਅਤ ਦਾ ਵਿਰੋਧੀ ਸੀ, ਅੱਗੇ ਚੱਲ ਕੇ ਉਸ ਦਾ ਰਵੱਈਆ ਈਸਾਈਅਤ ਪ੍ਰਤੀ ਬਿਲਕੁਲ ਬਦਲ ਗਿਆ। ਇਹ ਸਾਰਾ ਕੁਝ ਸਮਝਣ ਦੀ ਲੋੜ ਹੈ। ਉਨ੍ਹਾ ਕਿਹਾ ਕਿ ਸਮਝਿਆ ਜਾਂਦਾ ਹੈ ਕਿ ਇਨਫਰਮੇਸ਼ਨ ਤਕਨੀਕ ਤੋਂ ਮਾਰਕਸਵਾਦ ਪਿੱਛੇ ਰਹਿ ਗਿਆ ਹੈ। ਆਪਣੀ ਗੱਲ ਜਾਰੀ ਰੱਖਦਿਆਂ ਰਾਜਿਮਵਾਲੇ ਨੇ ਕਿਹਾ ਕਿ ਇਹ ਗੱਲ ਵੀ ਵਿਸ਼ੇਸ਼ ਅਰਥ ਰੱਖਦੀ ਹੈ ਕਿ ਭਾਜਪਾ ਨੇ ਚੋਣਾਂ 2014 ਵਿੱਚ ਨਹੀਂ, ਸਗੋਂ 2013 ਵਿੱਚ ਹੀ ਜਿੱਤ ਲਈਆਂ ਸਨ, ਜਦੋਂ ਮੀਡੀਆ ਦਾ ਵੱਡਾ ਹਿੱਸਾ ਉਸ ਦੀ ਗੋਦੀ ਵਿੱਚ ਬੈਠ ਗਿਆ ਸੀ। ਕੇਂਦਰੀ ਆਗੂ ਨੇ ਕਿਹਾ ਕਿ ਸਮਾਜ ਦਾ ਸ਼ਹਿਰੀਕਰਨ ਹੋ ਰਿਹਾ ਹੈ। ਜਿੱਥੇ ਸਾਨੂੰ ਫਾਸ਼ੀਵਾਦ ਵਿਰੁੱਧ ਲੜਨਾ ਪੈ ਰਿਹਾ ਹੈ, ਉੱਥੇ ਸਾਨੂੰ ਅਰਬਨ ਮੁੱਦਿਆਂ ਵੱਲ ਵੀ ਧਿਆਨ ਦੇਣਾ ਪਵੇਗਾ।
ਸੀ ਪੀ ਆਈ ਦੇ ਕੇਂਦਰੀ ਸਕੱਤਰੇਤ ਦੇ ਮੈਂਬਰ ਡਾ. ਬੀ ਕੇ ਕਾਂਗੋ ਨੇ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਦੂਸਰੇ ਦਿਨ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਾਰਟੀ ਦੇ ਸਥਾਪਨਾ ਦਿਵਸ ਨੂੰ ਯਾਦਗਾਰੀ ਬਣਾਇਆ ਜਾਵੇ। ਉਨ੍ਹਾ ਕਿਹਾ ਕਿ ਲੋਕਾਂ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ ਪੁਰਾਣੇ ਕਾਮਰੇਡਾਂ ਦੀਆਂ ਸੰਖੇਪ ਜੀਵਨੀਆਂ ਛਾਪਣ ਦਾ ਯਤਨ ਕੀਤਾ ਜਾਵੇ। ਡਾ. ਕਾਂਗੋ ਨੇ ਕਿਹਾ ਕਿ ਵਰਕਸ਼ਾਪ ਦੀ ਸਫਲਤਾ ਲਈ ਉਹ ਪੰਜਾਬ ਸੀ ਪੀ ਆਈ ਨੂੰ ਵਧਾਈ ਦੇਣ ਦੇ ਨਾਲ ਸਲਾਹ ਦਿੰਦੇ ਹਨ ਕਿ ਇਸ ਸਾਰਥਿਕ ਸਿਲਸਲੇ ਨੂੰ ਜਾਰੀ ਰੱਖਿਆ ਜਾਵੇ। ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਤੇ ਵਿਦਿਆ ਵਿਭਾਗ ਸੀ ਪੀ ਆਈ ਪੰਜਾਬ ਦੇ ਇੰਚਾਰਜ ਹਰਦੇਵ ਸਿੰਘ ਅਰਸ਼ੀ ਨੇ ਵਰਕਸ਼ਾਪ ਦੀ ਸਫਲਤਾ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਕਮਿਊਨਿਸਟ ਮੈਨੀਫੈਸਟੋ ਪਾਰਟੀ ਪ੍ਰੋਗਰਾਮ ਤੇ ਹੋਰ ਦਸਤਵੇਜ਼ੀ ਪੁਸਤਕਾਂ ਪੜ੍ਹਨ ਦਾ ਪ੍ਰਣ ਕਰ ਕੇ ਘਰ ਨੂੰ ਪਰਤਿਆ ਜਾਵੇ। ਸੂਬਾ ਸਕੱਤਰੇਤ ਮੈਂਬਰ ਕਾਮਰੇਡ ਜਗਰੂਪ ਨੇ ਦੋ ਦਿਨਾ ਵਰਕਸ਼ਾਪ ਦੀ ਸਮਾਪਤੀ ਮੌਕੇ ਕਿਹਾ ਕਿ ਇਸ ਦੌਰਾਨ ਜਿੰਨਾ ਵੀ ਵਿਚਾਰ-ਵਟਾਂਦਰਾ ਦਿ੍ਰਸ਼ਟੀਗੋਚਰ ਹੋਇਆ, ਉਹ ਇਹੀ ਸਿੱਧ ਕਰਦਾ ਹੈ ਕਿ ਮਾਰਕਸਵਾਦ ਦੀ ਪ੍ਰਸੰਗਕਤਾ ਹਮੇਸ਼ਾ ਕਾਇਮ ਰਹਿਣੀ ਹੈ ਤੇ ਇਹ ਰਾਹ-ਦਸੇਰਾ ਹੈ। ਵਰਕਸ਼ਾਪ ਮੌਕੇ ਸਾਬਕਾ ਸੂਬਾ ਸਕੱਤਰ ਭੁਪਿੰਦਰ ਸਾਂਬਰ ਵੀ ਮੌਜੂਦ ਸਨ।