ਲੁਧਿਆਣਾ : ਈ ਡੀ ਨੇ ‘ਆਪ’ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਮੰਨੇ ਜਾਂਦੇ ਕਾਰੋਬਾਰੀ ਹੇਮੰਤ ਸੂਦ ਦੇ ਦਫਤਰਾਂ ਅਤੇ ਘਰਾਂ ’ਚ ਸੋਮਵਾਰ ਤੜਕੇ ਛਾਪੇਮਾਰੀ ਕੀਤੀ। ਈ ਡੀ ਨੇ ਰਿਤੇਸ਼ ਪ੍ਰਾਪਰਟੀਜ਼ ਦੇ 61 ਸਾਲਾ ਮਾਲਕ ਸੰਜੀਵ ਅਰੋੜਾ ਦੀਆਂ ਕਈ ਪ੍ਰਾਪਰਟੀਆਂ ਦੇ ਰਿਕਾਰਡ ਨੂੰ ਵੀ ਕਬਜ਼ੇ ’ਚ ਲਿਆ ਹੈ।
ਆਸ਼ੂ ਨੂੰ ਈ ਡੀ ਨੇ ਪਹਿਲਾਂ ਹੀ ਗਿ੍ਰਫਤਾਰ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਵੱਲੋਂ ਕੀਤੀ ਗਈ ਆਸ਼ੂ ਦੀ ਗਿ੍ਰਫਤਾਰੀ ਦੌਰਾਨ ਵੀ ਹੇਮੰਤ ਸੂਦ ਨੂੰ ਕਈ ਵਾਰ ਪੁੱਛਗਿੱਛ ਲਈ ਬੁਲਾਇਆ ਗਿਆ ਸੀ।
ਈ ਡੀ ਨੇ ਅਰੋੜਾ ਅਤੇ ਹੋਰਾਂ ਖਿਲਾਫ ਕਥਿਤ ਜ਼ਮੀਨੀ ਧੋਖਾਧੜੀ ਦੇ ਕੇਸ ਦੇ ਸੰਬੰਧ ’ਚ ਜਲੰਧਰ, ਲੁਧਿਆਣਾ, ਗੁਰੂਗ੍ਰਾਮ ਅਤੇ ਦਿੱਲੀ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਲੁਧਿਆਣਾ ਅਤੇ ਗੁਰੂਗ੍ਰਾਮ ਵਿਖੇ ਅਰੋੜਾ ਦੇ ਘਰ ਸਮੇਤ ਲੱਗਭੱਗ 16-17 ਥਾਵਾਂ ਦੀ ਤਲਾਸ਼ੀ ਲਈ ਗਈ।
ਅਰੋੜਾ ਨੇ ਐਕਸ ’ਤੇ ਪੋਸਟ ਪਾ ਕੇ ਕਿਹਾਮੈਂ ਕਾਨੂੰਨ ਦਾ ਪਾਲਣ ਕਰਨ ਵਾਲਾ ਨਾਗਰਿਕ ਹਾਂ, ਮੈਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗਾ ਅਤੇ ਇਹ ਯਕੀਨੀ ਬਣਾਵਾਂਗਾ ਕਿ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਸਕਾਂ।
ਸੰਜੀਵ ਅਰੋੜਾ ਦੇ ਘਰ ਈ ਡੀ ਦੇ ਪਹੁੰਚਣ ਤੋਂ ਬਾਅਦ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰੱਬ ਆਮ ਆਦਮੀ ਪਾਰਟੀ ਦੇ ਨਾਲ ਹੈ ਅਤੇ ਡਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਕਿਸੇ ਨੇ ਕੁੱਝ ਗਲਤ ਨਹੀਂ ਕੀਤਾ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਭਿ੍ਰਸ਼ਟਾਚਾਰ ਦੀ ਜਾਂਚ ਦੇ ਨਾਂਅ ’ਤੇ ਏਜੰਸੀਆਂ ਰਾਹੀਂ ਪਾਰਟੀ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ। ਉਨ੍ਹਾ ਕਿਹਾ ਕਿ ਏਜੰਸੀਆਂ ਨੇ ਪਹਿਲਾਂ ਉਸ ਨੂੰ ਮਨੀਸ਼ ਸਿਸੋਦੀਆ, ਸੰਜੇ ਸਿੰਘ ਅਤੇ ਪਾਰਟੀ ਦੇ ਹੋਰ ਆਗੂਆਂ ਨੂੰ ਗਿ੍ਰਫਤਾਰ ਕੀਤਾ ਸੀ। ਅਜਿਹਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਇੱਕ ਪਾਰਟੀ ਦੇ ਮਗਰ ਲੱਗੇ ਹੋਏ ਹਨ ਅਤੇ ਪਾਰਟੀ ਤੇ ਇਸ ਦੇ ਨੇਤਾਵਾਂ ਨੂੰ ਖਤਮ ਕਰਨ ਲਈ ਸਾਰੇ ਸਰੋਤ ਤੇ ਏਜੰਸੀਆਂ ਤਾਇਨਾਤ ਕਰ ਦਿੱਤੀਆਂ ਹਨ।