16.3 C
Jalandhar
Saturday, December 21, 2024
spot_img

ਹਿਮਾਚਲ ਦੀ ਚੀਨ ਸਰਹੱਦ ’ਤੇ ਡਰੋਨਾਂ ਦੀ ਹਲਚਲ

ਸ਼ਿਮਲਾ : ਹਿਮਾਚਲ ਦੇ ਕਨੌਰ ਜ਼ਿਲ੍ਹੇ ’ਚ ਭਾਰਤ-ਚੀਨ ਸਰਹੱਦ ਦੇ ਨਾਲ ਡਰੋਨ ਦੇਖੇ ਗਏ ਹਨ। ਇਸ ਸੰਬੰਧੀ ਸੂਬੇ ਦੇ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ ਕਿ ਇਨ੍ਹਾਂ ਦੀ ਵਰਤੋਂ ਨਿਗਰਾਨੀ ਅਤੇ ਜਾਸੂਸੀ ਦੇ ਉਦੇਸਾਂ ਲਈ ਕੀਤੀ ਜਾ ਰਹੀ ਹੈ। ਨੇਗੀ ਨੇ ਕਿਹਾ ਕਿ ਜ਼ਿਲ੍ਹੇ ਦੇ ਪੂ ਬਲਾਕ ਦੇ ਸ਼ਿਪਕੀ ਲਾ ਅਤੇ ਰਿਸ਼ੀ ਡੋਗਰੀ ਪਿੰਡਾਂ ’ਚ ਡਰੋਨ ਗਤੀਵਿਧੀ ਦੇਖੀ ਗਈ ਹੈ। ਕਨੌਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਨੇਗੀ ਨੇ ਕਿਹਾ ਕਿ ਪਿਛਲੇ ਹਫਤੇ ਸਰਹੱਦੀ ਖੇਤਰ ਦੇ ਨੇੜੇ ਅਕਸਰ ਉੱਡਦੇ ਕਈ ਡਰੋਨ ਦੇਖੇ ਗਏ ਹਨ ਅਤੇ ਕਈ ਲੋਕਾਂ ਨੇ ਉਨ੍ਹਾ ਨੂੰ ਅਜਿਹੇ ਦਿ੍ਰਸ਼ਾਂ ਬਾਰੇ ਸੂਚਿਤ ਕੀਤਾ ਹੈ।
ਮਾਲੀਆ ਅਤੇ ਬਾਗਬਾਨੀ ਮੰਤਰੀ ਨੇ ਕਿਹਾ ਕਿ ਲਾਈਨ ਆਫ ਐਕਚੁਅਲ ਕੰਟਰੋਲ (ਐੱਲ ਏ ਸੀ) ਤੱਕ ਸੜਕਾਂ ਬਣਾਉਣ ਲਈ ਸ਼ਿਪਕੀ ਲਾ ਅਤੇ ਰਿਸ਼ੀ ਡੋਗਰੀ ਵਿਖੇ ਕੰਮ ਚੱਲ ਰਿਹਾ ਹੈ ਅਤੇ ਇਨ੍ਹਾਂ ਡਰੋਨਾਂ ਵੱਲੋਂ ਨਿਗਰਾਨੀ ਅਤੇ ਜਾਸੂਸੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾ ਦਾਅਵਾ ਕੀਤਾ ਕਿ ਡਰੋਨ ਪੁਲਸ ਅਤੇ ਫੌਜ ਦੇ ਜਵਾਨਾਂ ਨੇ ਵੀ ਦੇਖੇ ਹਨ। ਉਨ੍ਹਾ ਕੇਂਦਰ ਸਰਕਾਰ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਅਤੇ ਲੋੜੀਂਦੇ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ।

Related Articles

Latest Articles