ਭਲਕੇ ਕਿਵਾੜ ਬੰਦ ਹੋਣਗੇ

0
156

ਅੰਮਿ੍ਰਤਸਰ : ਉੱਤਰਾਖੰਡ ’ਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋ ਜਾਣਗੇ ਅਤੇ 25 ਮਈ ਤੋਂ ਸ਼ੁਰੂ ਹੋਈ ਸਾਲਾਨਾ ਯਾਤਰਾ ਸਮਾਪਤ ਹੋ ਜਾਵੇਗੀ। ਦੋ ਲੱਖ ਤੋਂ ਵੱਧ ਯਾਤਰੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ।
22 ਪਾਕਿਸਤਾਨੀਆਂ ਨੂੰ ਪਨਾਹ ਦਿਵਾਉਣ ਵਾਲਾ ਗਿ੍ਰਫਤਾਰ
ਬੇਂਗਲੁਰੂ : ਪੁਲਸ ਨੇ ਪਰਵੇਜ਼ ਨੂੰ ਕਥਿਤ ਤੌਰ ’ਤੇ 22 ਪਾਕਿਸਤਾਨੀ ਨਾਗਰਿਕਾਂ ਦੀ ਮਦਦ ਕਰਨ ਅਤੇ ਪਨਾਹ ਦੇਣ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੇਂਗਲੁਰੂ ਅਤੇ ਕਰਨਾਟਕ ਦੇ ਹੋਰ ਹਿੱਸਿਆਂ ਵਿਚ ਹਿੰਦੂ ਨਾਵਾਂ ਦੇ ਇੱਕ ਪਰਵਾਰ ਦੇ ਚਾਰ ਮੈਂਬਰ, ਜੋ ਕਿ ਪਾਕਿਸਤਾਨੀ ਨਾਗਰਿਕ ਸਨ, ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਇੱਥੇ ਪੀਨੀਆ ਤੋਂ ਤਿੰਨ ਹੋਰ ਪਾਕਿਸਤਾਨੀ ਨਾਗਰਿਕਾਂ ਨੂੰ ਗਿ੍ਰਫਤਾਰ ਕੀਤਾ ਅਤੇ ਦਾਵਾਂਗੇਰੇ ਜ਼ਿਲ੍ਹੇ ਵਿੱਚੋਂ ਵੀ ਪਾਕਿਸਤਾਨੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਪੁਲਸ ਨੂੰ ਪਤਾ ਲੱਗਾ ਕਿ ਪਰਵੇਜ਼ ਇਨ੍ਹਾਂ ਪਾਕਿਸਤਾਨੀਆਂ ਨੂੰ ਉਨ੍ਹਾਂ ਦੇ ਬਦਲੇ ਹੋਏ ਨਾਵਾਂ ਵਾਲੇ ਸਾਰੇ ਦਸਤਾਵੇਜ਼ ਦਿਵਾਉਣ ਵਿਚ ਮਦਦ ਕਰ ਰਿਹਾ ਸੀ।
ਪ੍ਰਦਰਸ਼ਨ ਦੀ ਥਾਂ ਨੂੰ ਲੈ ਕੇ ਸੁਣਵਾਈ ਅੱਜ
ਨਵੀਂ ਦਿੱਲੀ : ਦਿੱਲੀ ਹਾਈਕੋਰਟ ਵਾਤਾਵਰਣ ਕਾਰਕੁੰਨ ਸੋਨਮ ਵਾਂਗਚੁਕ ਅਤੇ ਹੋਰਾਂ ਨੂੰ ਜੰਤਰ-ਮੰਤਰ ਜਾਂ ਰਾਜਧਾਨੀ ਦੇ ਕਿਸੇ ਹੋਰ ਢੁੱਕਵੇਂ ਸਥਾਨ ’ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕਰਦੀ ਪਟੀਸ਼ਨ ’ਤੇ ਬੁੱਧਵਾਰ ਸੁਣਵਾਈ ਕਰੇਗੀ। ਪਟੀਸ਼ਨਕਰਤਾ ਐਪੈਕਸ ਬਾਡੀ ਲੇਹ ਨੇ ਕਿਹਾ ਹੈ ਕਿ ਉਨ੍ਹਾਂ ਸੰਵਿਧਾਨ ਦੀ ਛੇਵੀਂ ਅਨੁਸੂਚੀ ’ਚ ਲੱਦਾਖ ਨੂੰ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਵਾਂਗਚੁਕ ਅਤੇ ਲੱਗਭੱਗ 200 ਹੋਰਾਂ ਦੇ ਨਾਲ ਲੇਹ, ਲੱਦਾਖ ਤੋਂ ਦਿੱਲੀ ਤੱਕ ਸ਼ਾਂਤਮਈ ਰੋਸ ਮਾਰਚ ਸ਼ੁਰੂ ਕੀਤਾ ਤੇ ਉਹ ਜੰਤਰ-ਮੰਤਰ ਜਾਂ ਕਿਸੇ ਹੋਰ ਢੁੱਕਵੀਂ ਥਾਂ ’ਤੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਪਰ ਦਿੱਲੀ ਪੁਲਸ ਨੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰਨ ਦੀ ਬੇਨਤੀ ਰੱਦ ਕਰ ਦਿੱਤੀ ਹੈ।