ਮੇਲੇ ਦੇ ਆਗਾਜ਼ ਮੌਕੇ 7 ਨਵੰਬਰ ਦੀ ਸ਼ਾਮ ਚਿੱਤਰਕਲਾ, ਸਾਹਿਤ ਤੇ ‘ਫੁਲਵਾੜੀ ਸ਼ਤਾਬਦੀ’ ਦੇ ਨਾਂਅ

0
208

ਜਲੰਧਰ (ਕੇਸਰ)
ਗਦਰੀ ਬਾਬਿਆਂ ਦੇ ਮੇਲੇ ਦਾ ਆਗਾਜ ਇਸ ਵਾਰ ਹੋਰ ਵੀ ਇਤਿਹਾਸਕ, ਅਰਥ ਭਰਪੂਰ ਅਤੇ ਪੁਸਤਕ ਸੱਭਿਆਚਾਰ ਨੂੰ ਮਕਬੂਲ ਬਣਾਉਣ ਪੱਖੋਂ ਪ੍ਰਭਾਵਸ਼ਾਲੀ ਹੋਏਗਾ। ਇਹ ਖੁਸ਼ੀ ਸਾਂਝੀ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 7 ਨਵੰਬਰ ਦੀ ਸ਼ਾਮ 2 ਵਜੇ ਦੇਸ਼ ਭਗਤ ਯਾਦਗਾਰ ਹਾਲ ਅੰਦਰ ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਹੋਏਗਾ। ਇਹ ਪ੍ਰਦਰਸ਼ਨੀ ਇਤਿਹਾਸਕ, ਸਮਾਜਿਕ ਅਤੇ ਸੱਭਿਆਚਾਰਕ ਸਰੋਕਾਰਾਂ ਨੂੰ ਦਿਲਕਸ਼ ਅੰਦਾਜ਼ ਵਿਚ ਕੈਨਵਸ ’ਤੇ ਹੀ ਨਹੀਂ, ਸਗੋਂ ਲੋਕ ਮਨਾਂ ਉਪਰ ਯਾਦਗਾਰੀ ਪ੍ਰਭਾਵ ਸਿਰਜੇਗੀ। ਇਸ ਪ੍ਰਦਰਸ਼ਨੀ ਵਿੱਚ ਗੁਰਦੀਸ਼, ਸਵਰਨਜੀਤ ਸਵੀ, ਗੁਰਪ੍ਰੀਤ ਬਠਿੰਡਾ, ਰਵਿੰਦਰ ਰਵੀ, ਇੰਦਰਜੀਤ ਆਰਟਿਸਟ ਜਲੰਧਰ, ਵਰੁਨ ਟੰਡਨ, ਰਣਜੋਧ ਲੁਧਿਆਣਾ, ਹਰਮੀਤ ਅੰਮਿ੍ਰਤਸਰ, ਇੰਦਰਜੀਤ ਮਾਨਸਾ ਆਦਿ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਕਲਾ ਪ੍ਰਦਰਸ਼ਨੀ ਦੇ ਕਨਵੀਨਰ ਵਿਜੈ ਬੰਬੇਲੀ ਵੱਲੋਂ ਨਿੱਘਾ ਬੁਲਾਵਾ ਭੇਜਿਆ ਜਾ ਰਿਹਾ ਹੈ। ਇਸ ਮੌਕੇ ਇਹਨਾਂ ਚਿੱਤਰਕਾਰ ਅਤੇ ਫੋਟੋਕਾਰ ਸਨਮਾਨਤ ਸ਼ਖਸੀਅਤਾਂ ਦਾ ਸਨਮਾਨ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਮਾਣ ਮਹਿਸੂਸ ਕਰੇਗੀ। ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਲਗਾਉਣ ਲਈ ਪੈਨਲ ਬੋਰਡ ਬਣਾਏ ਕੇ ਲੋੜਾਂ ਦੀ ਪੂਰਤੀ ਲਈ ਇਸ ਮੇਲੇ ਮੌਕੇ ਵਿਸ਼ੇਸ਼ ਅਤੇ ਢੁਕਵੇਂ ਉੱਦਮ ਜੁਟਾਉਣ ਲਈ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਇਸ ਉਪਰੰਤ ਸ਼ਾਮ 4 ਵਜੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਵਾਲੀ ਘਾਹ ਪਾਰਕ ਵਿੱਚ ਵਿਸ਼ੇਸ਼ ਤੌਰ ’ਤੇ ਉਸਾਰੇ ਜਾ ਰਹੇ ‘ਜੂਲੀਅਸ ਫਿਊਚਿਕ ਪੰਡਾਲ’ ਅੰਦਰ ਲੱਗਣ ਵਾਲੀ ਪੁਸਤਕ ਪ੍ਰਦਰਸ਼ਨੀ ਦਾ ਆਗਾਜ਼ ਕਰਦਿਆਂ ਨਵੰਬਰ 1924 ਵਿੱਚ ਸ਼ੁਰੂ ਹੋਏ ਬੇਹੱਦ ਹਰਮਨਪਿਆਰੇ ਪਰਚੇ ‘ਫੁਲਵਾੜੀ’ ਦੀ ਸ਼ਤਾਬਦੀ ਮੌਕੇ ਸਾਹਿਤ, ਪੱਤ੍ਰਕਾਵਾਂ, ਪੁਸਤਕਾਂ, ਪਾਠਕਾਂ ਦੇ ਅੰਤਰ-ਸੰਬੰਧਾਂ ਨੂੰ ਸਾਡੇ ਸਮਿਆਂ ਨਾਲ ਮੇਲ ਕੇ ਨਿਰਖਣ-ਪਰਖਣ ਉਪਰ ਗੰਭੀਰ ਵਿਚਾਰ-ਚਰਚਾ ਹੋਏਗੀ। ‘ਫੁਲਵਾੜੀ’ ਪੱਤ੍ਰਕਾ ਦੀ ਹਰਮਨਪਿਆਰਤਾ ਅਤੇ ਇਸ ਦੇ ਬਾਨੀ ਸੰਪਾਦਕ ਉੱਘੇ ਵਿਦਵਾਨ ਲੇਖਕ ਹੀਰਾ ਸਿੰਘ ਦਰਦ ਦੀ ਲੋਕ ਸਰੋਕਾਰਾਂ ਦੀ ਨਬਜ਼ ’ਤੇ ਹੱਥ ਰੱਖਣ ਦੀ ਕਲਾ ਤੋਂ ਪ੍ਰੇਰਨਾ ਲੈਣ ਦੀਆਂ ਗੱਲਾਂ ਹੋਣਗੀਆਂ। ਬੀਤੇ ਦਿਨੀਂ ਸਾਡੇ ਕੋਲੋਂ ਸਦੀਵੀ ਤੌਰ ’ਤੇ ਵਿਛੜੇ ਸਾਹਿਤ ਕਲਾ ਖੇਤਰ ਅਤੇ ਮੇਲੇ ਨਾਲ ਜੁੜੇ ਰੰਗਕਰਮੀ ਸ੍ਰੀਮਤੀ ਕੈਲਾਸ਼ ਕੌਰ, ਕਵੀ ਸੁਰਜੀਤ ਪਾਤਰ, ਅਮਰਜੀਤ ਪ੍ਰਦੇਸੀ, ਹਰਬੰਸ ਹੀਉਂ ਅਤੇ ਕੁਲਦੀਪ ਜਲੂਰ ਦੀ ਸਮਾਜ ਪ੍ਰਤੀ ਦੇਣ ਨੂੰ ਸਿਜਦਾ ਕੀਤਾ ਜਾਏਗਾ। ਦੂਜੇ ਦਿਨ 8 ਨਵੰਬਰ ਵੱਖ-ਵੱਖ ਮੁਕਾਬਲੇ ਤੇ 9 ਨਵੰਬਰ ਦਿਨ-ਰਾਤ ਮੇਲਾ ਸਿਖਰਾਂ ਛੂਹੇਗਾ।