13.8 C
Jalandhar
Monday, December 23, 2024
spot_img

ਮਾਨ 29 ਨੂੰ ਜਲੰਧਰ ‘ਚ ਪੰਜਾਬ ਖੇਡ ਮੇਲੇ ਦੀ ਸ਼ੁਰੂਆਤ ਕਰਨਗੇ : ਮੀਤ ਹੇਅਰ

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਵਿੱਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਅਤੇ ਖੇਡਾਂ ਵਿੱਚ ਗੁਆਚੀ ਸ਼ਾਨ ਬਹਾਲ ਕਰਨ ਦੇ ਟੀਚੇ ਨਾਲ ਖੇਡ ਵਿਭਾਗ ਵੱਲੋਂ ਉਲੀਕੇ ਪੰਜਾਬ ਖੇਡ ਮੇਲੇ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਜਲੰਧਰ ਵਿਖੇ ਕਰਨਗੇ | ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਵਾਲੇ ਦਿਨ ਕੌਮੀ ਖੇਡ ਦਿਵਸ ਮੌਕੇ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਇਹ ਖੇਡ ਮੇਲਾ ਸ਼ੁਰੂ ਹੋਵੇਗਾ | ਇਹ ਜਾਣਕਾਰੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ | ਇਸ ਮੌਕੇ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਰਾਜੇਸ਼ ਧੀਮਾਨ ਵੀ ਹਾਜ਼ਰ ਸਨ |
ਖੇਡ ਮੰਤਰੀ ਮੀਤ ਹੇਅਰ ਨੇ ਆਖਿਆ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਦਾ ਮਾਹੌਲ ਪੈਦਾ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਰਾਸ਼ਟਰਮੰਡਲ ਖੇਡਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਖੇਡ ਦਲ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਤਮਗਾ ਜੇਤੂ 18 ਖਿਡਾਰੀਆਂ ਲਈ ਨਗਦ ਇਨਾਮ ਦਾ ਵੀ ਐਲਾਨ ਕੀਤਾ ਗਿਆ ਹੈ | ਪੰਜਾਬ ਦੇ 18 ਖਿਡਾਰੀਆਂ ਨੇ 3 ਚਾਂਦੀ ਤੇ 4 ਕਾਂਸੀ ਦੇ ਤਮਗੇ ਜਿੱਤੇ | ਚਾਂਦੀ ਦਾ ਤਮਗਾ ਜੇਤੂ ਨੂੰ 50 ਲੱਖ ਰੁਪਏ ਤੇ ਕਾਂਸੀ ਦਾ ਤਮਗਾ ਜੇਤੂ ਨੂੰ 40 ਲੱਖ ਰੁਪਏ ਮਿਲਣਗੇ |
ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਵਿੱਚ ਪੰਜਾਬ ਦੇ 11 ਖਿਡਾਰੀ ਕਪਤਾਨ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ, ਹਾਰਦਿਕ ਸਿੰਘ, ਕਿ੍ਸ਼ਨ ਪਾਠਕ, ਜਰਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਸ਼ਾਮਲ ਸਨ | ਚਾਂਦੀ ਦਾ ਤਮਗਾ ਜਿੱਤਣ ਵਾਲੀ ਮਹਿਲਾ ਕਿ੍ਕਟ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਤੇ ਤਾਨੀਆ ਭਾਟੀਆ ਪੰਜਾਬ ਤੋਂ ਸਨ | ਮਹਿਲਾ ਹਾਕੀ ਵਿੱਚ ਗੁਰਜੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ | ਵੇਟਲਿਫਟਿੰਗ ਵਿੱਚ ਪੰਜਾਬ ਦੇ ਵਿਕਾਸ ਠਾਕੁਰ ਨੇ ਚਾਂਦੀ ਅਤੇ ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਨੇ ਕਾਂਸੀ ਦੇ ਤਮਗੇ ਜਿੱਤੇ |
ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਇਸ ਖੇਡ ਮਹਾਂਕੁੰਭ ਵਿੱਚ ਗਰੇਡੇਸ਼ਨ ਸੂਚੀ ਵਾਲੀਆਂ ਮਾਨਤਾ ਪ੍ਰਾਪਤ ਖੇਡਾਂ ਵਿੱਚ ਅੰਡਰ 14, ਅੰਡਰ 17, ਅੰਡਰ 21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ 4 ਲੱਖ ਤੋਂ ਵੱਧ ਖਿਡਾਰੀ ਹਿੱਸਾ ਲੈਣਗੇ | ਇਹ ਖੇਡ ਮੇਲਾ ਦੋ ਮਹੀਨੇ ਤੱਕ ਚੱਲੇਗਾ | ਇਸ ਸੰਬੰਧੀ ਹਿੱਸਾ ਲੈਣ ਦੇ ਇਛੁੱਕ ਖਿਡਾਰੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜਿਹੜੀ 11 ਅਗਸਤ ਤੋਂ 25 ਅਗਸਤ ਤੱਕ ਚੱਲੇਗੀ | ਖੇਡ ਮੇਲੇ ਵਿੱਚ ਪੈਰਾ ਸਪੋਰਟਸ ਵਾਲੇ ਖਿਡਾਰੀ ਲਈ ਵੀ ਮੁਕਾਬਲੇ ਹੋਣਗੇ | ਰਾਜ ਪੱਧਰ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜੇਤੂਆਂ ਨੂੰ 10 ਹਜ਼ਾਰ ਰੁਪਏ, 7 ਹਜ਼ਾਰ ਰੁਪਏ ਤੇ 5 ਹਜ਼ਾਰ ਰੁਪਏ ਅਤੇ ਸਰਟੀਫਿਕੇਟ ਮਿਲਣਗੇ | ਕੁੱਲ 6 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਜਾਵੇਗੀ | ਖੇਡ ਮੇਲੇ ਦੌਰਾਨ ਜੇਤੂਆਂ ਤੋਂ ਇਲਾਵਾ ਹੋਰਨਾਂ ਖਿਡਾਰੀਆਂ ਵਿੱਚੋਂ ਵੀ ਡੋਪ ਟੈਸਟ ਕੀਤੇ ਜਾਣਗੇ |

Related Articles

LEAVE A REPLY

Please enter your comment!
Please enter your name here

Latest Articles