36.7 C
Jalandhar
Friday, April 19, 2024
spot_img

ਲੱਗਦੈ ਸ਼ਾਹਕੋਟ ਪ੍ਰਸ਼ਾਸਨ ਅੰਦਰ ਆਰ ਐੱਸ ਐੱਸ ਦੀ ਰੂਹ ਪ੍ਰਵੇਸ਼ ਕਰ ਗਈ ਹੈ : ਅਰਸ਼ੀ

ਸ਼ਾਹਕੋਟ : ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਜ਼ਿਲ੍ਹਾ ਜਲੰਧਰ ਦੇ ਸਬ-ਡਵੀਜ਼ਨ ਸ਼ਾਹਕੋਟ ਦੇ ਐੱਸ.ਡੀ.ਐੱਮ ਨੂੰ ਮੰਗ ਪੱਤਰ ਦੇਣ ਗਏ ਕਮਿਊਨਿਸਟ ਆਗੂਆਂ ਵਿੱਚੋਂ ਇੱਕ ਆਗੂ ਅਤੇ ਕਵਰੇਜ ਕਰਨ ਗਏ ਸੀਨੀਅਰ ਪੱਤਰਕਾਰ ਵਿਰੁੱਧ ਅੱੈਫ.ਆਰ.ਆਈ ਦਰਜ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ | ਉਨ੍ਹਾਂ ਜਲੰਧਰ ਦੀ ਕਮਿਊਨਿਸਟ ਪਾਰਟੀ ਕੋਲੋਂ ਮਾਮਲੇ ਦੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਪ੍ਰੈੱਸ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਕਾਮਰੇਡ ਚਰਨਜੀਤ ਥੰਮੂਵਾਲ ਅਤੇ ਪੱਤਰਕਾਰ ਗਿਆਨ ਸੈਦਪੁਰੀ ਵਿਰੁੱਧ ਪਰਚਾ ਦਰਜ ਕਰਨ ਦੀ ਕਾਰਵਾਈ ਨੂੰ ਸਰਾਸਰ ਗਲਤ ਦੱਸਦਿਆਂ ਤੁਰੰਤ ਪਰਚਾ ਰੱਦ ਕਰਨ ਦੀ ਮੰਗ ਕੀਤੀ ਹੈ | ਇੱਥੇ ਦੱਸਣਯੋਗ ਹੈ ਕਿ ਲੰਘੀ ਪਹਿਲੀ ਅਗਸਤ ਨੂੰ ਪੰਜ ਮਜ਼ਦੂਰ ਜਥੇਬੰਦੀਆਂ ਵੱਲੋਂ ਦੇਸ਼ ਭਰ ਵਿੱਚ ਮਨਾਏ ਗਏ ਰੋਸ ਦਿਵਸ ਤਹਿਤ ਪੰਜ ਸੌ ਜ਼ਿਲਿ੍ਹਆਂ ਦੇ ਜ਼ਿਲ੍ਹਾ ਸਦਰ ਮੁਕਾਮਾਂ ਤੇ ਤਹਿਸੀਲ ਸਦਰ ਮੁਕਾਮਾਂ ‘ਤੇ ਮੰਗ ਪੱਤਰ ਦਿੱਤੇ ਗਏ ਸਨ | ਐੱਸ.ਡੀ.ਐੱਮ ਸ਼ਾਹਕੋਟ ਦੇ ਦਫਤਰ ਵਿੱਚ ਮੰਗ ਪੱਤਰ ਦੇਣ ਗਏ ਮਜ਼ਦੂਰ ਆਗੂ ਅਤੇ ਉਨ੍ਹਾਂ ਦੇ ਸਮੱਰਥਨ ਵਿੱਚ ਗਏ ਕਿਸਾਨ ਆਗੂਆਂ ਦਰਮਿਆਨ ਐੱਸ.ਡੀ.ਐੱਮ. ਦੀ ਗੈਰ ਮੌਜੂਦਗੀ ਵਿੱਚ ਇੱਕ ਮੁਲਾਜ਼ਮ ਨਾਲ ਤਕਰਾਰ ਹੋ ਗਈ ਸੀ | ਇਸ ਮਾਮਲੇ ਨੂੰ ਸੁਚੱਜੇ ਢੰਗ ਨਾਲ ਸੁਲਝਾਉਣ ਦਾ ਅਮਲ ਅਖਤਿਆਰ ਕਰਨ ਦੀ ਥਾਂ ਐੱਸ.ਡੀ.ਐੱਮ ਸ਼ਾਹਕੋਟ ਨੇ ਕਾਮਰੇਡ ਚਰਨਜੀਤ ਥੰਮੂਵਾਲ ਅਤੇ ‘ਅਣਪਛਾਤਿਆਂ’ ਵਿਰੁੱਧ ਪਰਚਾ ਦਰਜ ਕਰਨ ਲਈ ਸ਼ਾਹਕੋਟ ਪੁਲਸ ਨੂੰ ਹੁਕਮ ਚਾੜ੍ਹ ਦਿੱਤਾ | ਹੋਰ ਤਾਂ ਹੋਰ ਦਫਤਰ ਵਿੱਚ ਕਵਰੇਜ ਕਰਨ ਗਏ ਪੱਤਰਕਾਰ ਗਿਆਨ ਸੈਦਪੁਰੀ ਨੂੰ ਵੀ ਇਸ ਕਾਰਵਾਈ ਦਾ ਹਿੱਸਾ ਬਣਾ ਲਿਆ | ਕਮਿਊਨਿਸਟ ਆਗੂ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸ਼ਾਹਕੋਟ ਪ੍ਰਸ਼ਾਸਨ ਦੀ ਇਹ ਕਾਰਵਾਈ ਨਾ ਬਰਦਾਸ਼ਤਯੋਗ ਹੈ | ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਭਾਜਪਾ ਸਰਕਾਰ ਵੱਲੋਂ ਬਹੁਤ ਸਾਰੇ ਬੁੱਧੀਜੀਵੀਆਂ ਅਤੇ ਪੱਤਰਕਾਰਾਂ ਨੂੰ ਜੇਲ੍ਹੀਂ ਡੱਕ ਕੇ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਲੋਕ ਰੋਹ ਤੋਂ ਡਰੀ ਹੋਈ ਭਾਜਪਾ ਸਰਕਾਰ ਅਤੇ ਆਰ.ਐੱਸ.ਐੱਸ ਨੇ ਸੱਚ ਲਿਖਣ ਤੇ ਬੋਲਣ ਵਾਲਿਆਂ ਦੀ ਜ਼ੁਬਾਨਬੰਦੀ ਦਾ ਦੌਰ ਚਲਾ ਰੱਖਿਆ ਹੈ | ਲੱਗਦਾ ਹੈ ਕਿ ਸ਼ਾਹਕੋਟ ਪ੍ਰਸ਼ਾਸਨ ਅੰਦਰ ਭਾਜਪਾ ਸਰਕਾਰ ਅਤੇ ਆਰ.ਐੱਸ.ਐੱਸ ਦੀ ਰੂਹ ਪ੍ਰਵੇਸ਼ ਕਰ ਗਈ ਹੈ | ਐੱਸ.ਡੀ.ਐੱਮ. ਸ਼ਾਹਕੋਟ ਨੂੰ ਮੰਗ ਪੱਤਰ ਦੇਣ ਗਏ ਆਗੂਆਂ ਦੀ ਦਫਤਰ ਦੇ ਇੱਕ ਕਰਮਚਾਰੀ ਨਾਲ ਹੋਈ ਤਕਰਾਰ ਦੇ ਸੰਦਰਭ ਵਿੱਚ ਕਾਮਰੇਡ ਅਰਸ਼ੀ ਨੇ ਕਿਹਾ ਕਿ ਹੁਣ ਤੱਕ ਦਾ ਇਤਿਹਾਸ ਗਵਾਹ ਹੈ ਕਿ ਖੱਬੀਆਂ ਧਿਰਾਂ ਮੁਲਾਜ਼ਮਾਂ ਦੇ ਹੱਕਾਂ ਲਈ ਹਿੱਕ ਡਾਹ ਕੇ ਲੜਦੀਆਂ ਆਈਆਂ ਹਨ | ਮੁਲਾਜ਼ਮਾਂ ਵਾਸਤੇ ਇਹ ਲੜਾਈ ਜਾਰੀ ਰਹੇਗੀ | ਮੰਗ ਪੱਤਰ ਦੇਣ ਜਾਣ ਵੇਲੇ ਜੇਕਰ ਸਥਿਤੀ ਨੇ ਕੁਝ ਅਣਸੁਖਾਵਾਂ ਮੋੜ ਲੈ ਲਿਆ ਸੀ ਤਾਂ ਐੱਸ.ਡੀ.ਐੱਮ ਸਾਹਿਬ ਨੂੰ ਮਸਲਾ ਸਿਆਣਪ ਨਾਲ ਸੁਲਝਾਉਣਾ ਚਾਹੀਦਾ ਸੀ | ਇਸ ਦੀ ਬਜਾਏ ਉਨ੍ਹਾਂ ਵੱਲੋਂ ਮਜ਼ਦੂਰਾਂ ਤੇ ਕਿਸਾਨਾਂ ਲਈ ਸੰਘਰਸ਼ ਕਰਨ ਵਾਲੀਆਂ ਧਿਰਾਂ ਅਤੇ ਕਰਮਚਾਰੀਆਂ ਦਰਮਿਆਨ ਟਕਰਾਅ ਵਾਲੇ ਹਾਲਾਤ ਪੈਦਾ ਕੀਤੇ ਗਏ | ਕਾਮਰੇਡ ਅਰਸ਼ੀ ਨੇ ਕਿਹਾ ਕਿ ਅਗਲੇ ਮਹੀਨੇ ਸੀ.ਪੀ.ਆਈ ਦੀ ਸੂਬਾ ਕਾਨਫਰੰਸ ਜਲੰਧਰ ਵਿੱਚ ਹੋ ਰਹੀ ਹੈ | ਜ਼ਿਲ੍ਹੇ ਦੇ ਕਮਿਊਨਿਸਟ ਕਾਰਕੁੰਨ ਕਾਨਫਰੰਸ ਦੀ ਤਿਆਰੀ ਵਿੱਚ ਲੱਗੇ ਹੋਏ ਹਨ | ਸ਼ਾਹਕੋਟ ਦੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਦੀ ਗੈਰਵਾਜਬ ਕਾਰਵਾਈ ਨਾਲ ਸੂਬਾ ਕਾਨਫਰੰਸ ਦੀਆਂ ਤਿਆਰੀਆਂ ਵੀ ਪ੍ਰਭਾਵਿਤ ਹੋਈਆਂ ਹਨ | ਕਾਮਰੇਡ ਅਰਸ਼ੀ ਨੇ ਸ਼ਾਹਕੋਟ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਪੱਤਰਕਾਰ ਗਿਆਨ ਸੈਦਪੁਰੀ ਅਤੇ ਕਾਮਰੇਡ ਚਰਨਜੀਤ ਥੰਮੂਵਾਲ ਵਿਰੁੱਧ ਕੀਤਾ ਗਿਆ ਨਾਜਾਇਜ਼ ਪਰਚਾ ਤੁਰੰਤ ਰੱਦ ਕੀਤਾ ਜਾਵੇ | ਅਜਿਹਾ ਨਾ ਕਰਨ ਦੀ ਸੂਰਤ ਵਿੱਚ ਖੱਬੀਆਂ ਪਾਰਟੀਆਂ ਸੰਘਰਸ਼ ਵਿੱਢਣਗੀਆਂ |

Related Articles

LEAVE A REPLY

Please enter your comment!
Please enter your name here

Latest Articles