ਸਰਹੱਦੀ ਖ਼ੇਤਰ ’ਚ ਹੜ੍ਹਾਂ ਤੋਂ ਬਚਾਅ ਲਈ 176.29 ਕਰੋੜ ਦੇ ਪ੍ਰੋਜੈਕਟ ਨੂੰ ਹਰੀ ਝੰਡੀ

0
157

ਚੰਡੀਗੜ੍ਹ, (ਗੁਰਜੀਤ ਬਿੱਲਾ, �ਿਸ਼ਨ ਗਰਗ)-ਕੌਮਾਂਤਰੀ ਸਰਹੱਦ ਉਤੇ ਸੁਰੱਖਿਆ ਮਜ਼ਬੂਤ ਕਰਨ ਦੇ ਮੰਤਵ ਨਾਲ ਲਏ ਅਹਿਮ ਫੈਸਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੌਮਾਂਤਰੀ ਸਰਹੱਦ ਉਤੇ ਕੰਡਿਆਲੀ ਤਾਰ ਦੇ ਨਾਲ ਸਰਹੱਦੀ ਚੌਕੀਆਂ ਦੀ ਰਾਖੀ ਲਈ ਸਰਹੱਦੀ ਖ਼ੇਤਰ ਵਿੱਚ 176.29 ਕਰੋੜ ਰੁਪਏ ਦੀ ਲਾਗਤ ਵਾਲੇ ਹੜ੍ਹ ਸੰਭਾਲ ਪ੍ਰੋਜੈਕਟ ਨੂੰ ਬੁੱਧਵਾਰ ਹਰੀ ਝੰਡੀ ਦੇ ਦਿੱਤੀ।ਸੂਬਾਈ ਹੜ੍ਹ ਕੰਟਰੋਲ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਕੌਮਾਂਤਰੀ ਸਰਹੱਦ ਦੇ ਨਾਲ-ਨਾਲ ਸਰਹੱਦੀ ਚੌਕੀਆਂ ਨੂੰ ਬਚਾਉਣ ਲਈ ਬੀ.ਐੱਸ.ਐੱਫ. ਤੇ ਫੌਜ ਤੋਂ ਲਗਾਤਾਰ ਬੇਨਤੀਆਂ ਮਿਲ ਰਹੀਆਂ ਸਨ। ਉਨ੍ਹਾ ਕਿਹਾ ਕਿ ਇਹ ਥਾਵਾਂ ਰਾਵੀ, ਸਤਲੁਜ ਤੇ ਉਝ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਈਆਂ। ਉਨ੍ਹਾਂ ਕਿਹਾ ਕਿ ਪਹਿਲਾਂ ਸੂਬੇ ਨੂੰ ਹੜ੍ਹ ਕੰਟਰੋਲ ਲਈ ਮਿਲਦੇ ਨਿਗੂਣੇ ਫੰਡਾਂ ਨੂੰ ਕੌਮੀ ਮਹੱਤਵ ਵਾਲੀਆਂ ਥਾਵਾਂ ਨੂੰ ਬਚਾਉਣ ਲਈ ਤਬਦੀਲ ਕਰ ਦਿੱਤਾ ਜਾਂਦਾ ਸੀ। ਮਾਨ ਨੇ ਕਿਹਾ ਕਿ ਇਨ੍ਹਾਂ ਕੰਮਾਂ ਦੇ ਕੌਮੀ ਸੁਰੱਖਿਆ ਪਹਿਲੂ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੇ ਪੰਜਾਬ ਵਿੱਚ ਪੈਂਦੀਆਂ ਅਜਿਹੀਆਂ 28 ਥਾਵਾਂ ਲਈ 176.29 ਕਰੋੜ ਰੁਪਏ ਦਾ ਇਕ ਪ੍ਰੋਜੈਕਟ ਬਣਾਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਅਹਿਮ ਪ੍ਰਾਜੈਕਟ ਲਈ ਥਾਵਾਂ ਦੀ ਚੋਣ ਫੌਜ ਨਾਲ ਮਿਲ ਕੇ ਸਾਂਝੇ ਤੌਰ ਉਤੇ ਕੀਤੀ ਗਈ ਹੈ ਅਤੇ ਇਹ ਥਾਵਾਂ ਅੰਮਿ੍ਰਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਪੈਂਦੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕੰਮ 28 ਥਾਵਾਂ ਉਤੇ ਕੀਤਾ ਜਾਵੇਗਾ ਅਤੇ ਇਸ ਪ੍ਰਾਜੈਕਟ ਨਾਲ 8695.27 ਹੈਕਟੇਅਰ ਜ਼ਮੀਨ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ 28 ਥਾਵਾਂ ਵਿੱਚੋਂ ਫ਼ਿਰੋਜ਼ਪੁਰ ਵਿੱਚ ਸੱਤ, ਅੰਮਿ੍ਰਤਸਰ ਵਿੱਚ 11, ਤਰਨ ਤਾਰਨ ਵਿੱਚ ਤਿੰਨ, ਗੁਰਦਾਸਪੁਰ ਵਿੱਚ ਪੰਜ ਅਤੇ ਪਠਾਨਕੋਟ ਜ਼ਿਲ੍ਹੇ ਵਿੱਚ ਦੋ ਥਾਵਾਂ ਪੈਂਦੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਤਰਨ ਤਾਰਨ ਜ਼ਿਲ੍ਹੇ ਵਿੱਚ ਦਰਿਆ ਦੇ 1788 ਫੁੱਟ ਕਿਨਾਰੇ ਮਜ਼ਬੂਤ ਕਰਨ ਦੀ ਤਜਵੀਜ਼ ਹੈ। ਇਨ੍ਹਾਂ ਵਿੱਚ ਫ਼ਿਰੋਜ਼ਪੁਰ ਵਿੱਚ 1050 ਫੁੱਟ ਅਤੇ ਗੁਰਦਾਸਪੁਰ ਵਿੱਚ 2875 ਫੁੱਟ ਕਿਨਾਰੇ ਮਜ਼ਬੂਤ ਕੀਤੇ ਜਾਣਗੇ। ਇਸ ਪ੍ਰੋਜੈਕਟ ਵਿੱਚ 29140 ਫੁੱਟ ਰਿਟੇਨਿੰਗਵਾਲ, 22 ਸਪੱਰ ਅਤੇ 95 ਸਟੱਡ ਸ਼ਾਮਲ ਹਨ।