ਪਟਿਆਲਾ : ਪੀ ਆਰ ਟੀ ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੀ ਮਹੀਨਾਵਾਰ ਮੀਟਿੰਗ ਉਤਮ ਸਿੰਘ ਬਾਗੜੀ, ਕੁਲਦੀਪ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ। ਬਾਬੂ ਭਾਗ ਚੰਦ ਰਿਟਾਇਰਡ ਚੀਫ ਇੰਸਪੈਕਟਰ ਅਤੇ ਲਾਭ ਸਿੰਘ ਰਾਣਾ ਦੇ ਛੋਟੇ ਭਰਾ ਦੀ ਬੇਵਕਤ ਮੌਤ ’ਤੇ ਦੱਖ ਦਾ ਇਜ਼ਹਾਰ ਕਰਦੇ ਹੋਏ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਮੀਟਿੰਗ ਨੂੰ ਨਿਰਮਲ ਸਿੰਘ ਧਾਲੀਵਾਲ ਨੇ ਸੰਬੋਧਨ ਕਰਦੇ ਹੋਏ ਸਮੁੱਚੇ ਭਾਰਤ ਦੇ ਹਾਲਾਤ ’ਤੇ ਚਾਨਣਾ ਪਾਇਆ ਕਿ ਕਿਵੇਂ ਭਾਰਤ ਸਰਕਾਰ ਪਬਲਿਕ ਸੈਕਟਰ ਦੇ ਅਦਾਰੇ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆ ਨੂੰ ਵੇਚ ਰਹੀ ਹੈ। ਮੁਨਾਫਾ ਕਮਾ ਰਹੇ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਘਾਟੇ ਦੇ ਦੱਸ ਰਹੀ ਹੈ। ਉਹਨਾ ਬੈਂਗਲੁਰੂ ਵਿਖੇ ਹੋਈ ਐੱਨ ਐੱਫ ਆਈ ਆਰ ਟੀ ਡਬਲਯੂ ਦੀ ਕੌਮੀ ਕਾਨਫਰੰਸ ਬਾਰੇ ਚਾਨਣਾ ਪਾਇਆ। ਪੰਜਾਬ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਸਰਕਾਰੀ ਟਰਾਂਸਪੋਰਟ ਦੇ ਦੋਨੋਂ ਅਦਾਰਿਆਂ ਅੰਦਰ ਆਪਣੇ ਕਾਰਜਕਾਲ ਦੌਰਾਨ ਹੁਣ ਤੱਕ ਕੋਈ ਨਵੀਂ ਬੱਸ ਨਹੀਂ ਪਾਈ। ਅਦਾਰੇ ਅੰਦਰ ਬੱਸਾਂ ਕੰਡਮ ਹੋਣ ਕਰਕੇ ਲੱਖਾਂ ਕਿਲੋਮੀਟਰ ਮਿਸ ਹੋ ਰਹੇ ਹਨ। ਪੀ ਆਰ ਟੀ ਸੀ ਅਦਾਰੇ ਅੰਦਰ ਅੱਜ ਤੱਕ ਪੈਨਸ਼ਨ ਨਹੀਂ ਪਾਈ ਗਈ। ਪੰਜਾਬ ਸਰਕਾਰ ਸਫਰ ਸਹੂਲਤਾਂ ਦੇ ਪੈਸੇ ਨਹੀਂ ਦੇ ਰਹੀ। ਇਸ ਕਰਕੇ ਸੇਵਾ-ਮੁਕਤੀ ਬਕਾਏ ਵੀ ਨਹੀਂ ਮਿਲ ਰਹੇ। ਸਾਥੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਅਤੇ ਪੀ ਆਰ ਟੀ ਸੀ ਦੀਆਂ ਜਥੇਬੰਦੀਆਂ ਨੇ ਜੋ ਮੰਗ ਪੱਤਰ ਪੰਜਾਬ ਸਰਕਾਰ ਤੇ ਮੈਨੇਜਮੈਂਟਾਂ ਨੂੰ ਦਿੱਤਾ ਹੈ, ਉਸ ਵਿੱਚ ਮੰਗ ਕੀਤੀ ਹੈ ਕਿ ਪੰਜਾਬ ਰੋਡਵੇਜ਼ ਵਿੱਚ 1800 ਬੱਸਾਂ ਤੇ ਪੀ ਆਰ ਟੀ ਸੀ ਅੰਦਰ 800 ਬੱਸਾਂ ਅਦਾਰੇ ਦੀ ਮਾਲਕੀ ਦੀਆਂ ਪਾਈਆਂ ਜਾਣ, ਕੱਚੇ ਕਾਮੇ ਬਿਨਾਂ ਦੇਰੀ ਤੋਂ ਪੱਕੇ ਕੀਤੇ ਜਾਣ, ਪੀ ਆਰ ਟੀ ਸੀ ਦੇ ਪੈਨਸ਼ਨ ਸਕੀਮ 1992 ਤੋਂ ਵਾਂਝੇ ਰਹਿ ਗਏ 400 ਦੇ ਕਰੀਬ ਮੁਲਾਜ਼ਮਾਂ ਨੂੰ ਪੈਨਸ਼ਨ 1992 ਅਧੀਨ ਦਿੱਤੀ ਜਾਵੇ, ਕੰਡਕਟਰਾਂ ਉਪਰ ਲਾਈ ਬਲੈਕ ਲਿਸਟ ਦੀ ਮੱਦ ਰੱਦ ਕੀਤੀ ਜਾਵੇ, ਸਟਾਫ ਦੀ ਘਾਟ ਪੂਰੀ ਕੀਤੀ ਜਾਵੇ, ਤਨਖਾਹ ਵਿੱਚ ਇਕਸਾਰਤਾ ਲਿਆਂਦੀ ਜਾਵੇ। ਡਰਾਈਵਰਾਂ ਨੂੰ ਸਖਤ ਸਜ਼ਾਵਾਂ ਦੇਣੀਆਂ ਬੰਦ ਕੀਤੀਆਂ ਜਾਣ, ਕਲੇਮ ਪਾਉਣੇ ਬੰਦ ਕੀਤੇ ਜਾਣ ਅਤੇ ਹੋਰ ਮੰਗਾਂ ਦਾ ਨਿਪਟਾਰਾ ਛੇਤੀ ਕੀਤਾ ਜਾਵੇ।
ਮੀਟਿੰਗ ਨੂੰ ਮੁਹੰਮਦ ਖਲੀਲ ਜਨਰਲ ਸਕੱਤਰ, ਉਤਮ ਸਿੰਘ ਬਾਗੜੀ ਪ੍ਰਧਾਨ, ਰਮੇਸ਼ ਕੁਮਾਰ ਡਿਪਟੀ ਜਨਰਲ ਸਕੱਤਰ, ਪਿਆਰਾ ਦੀਨ, ਗੁਰਵਿੰਦਰ ਗੋਲਡੀ, ਹਰਭਜਨ ਸਿੰਘ, ਕੁਲਵੰਤ ਸਿੰਘ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਦਾ ਸੰਚਾਲਨ ਸੁਖਦੇਵ ਰਾਮ ਸੁੱਖੀ ਨੇ ਬਾਖੂਬੀ ਨਿਭਾਇਆ।





