28.6 C
Jalandhar
Friday, October 18, 2024
spot_img

ਸਾਥੀ ਗੁਰਮੇਲ ਵਿਗਿਆਨਕ ਸਮਾਜਵਾਦ ਦਾ ਬਿਹਤਰੀਨ ਅਧਿਆਪਕ ਸੀ : ਜਗਰੂਪ

ਮੋਗਾ
(ਇਕਬਾਲ ਸਿੰਘ ਖਹਿਰਾ)
ਪੰਜਾਬ ਰੋਡਵੇਜ਼ ਟਰਾਂਸਪੋਰਟ ਵਰਕਰ ਯੂਨੀਅਨ ਵੱਲੋਂ ਮਰਹੂਮ ਗੁਰਮੇਲ, ਜੋ ਕਿ ਆਪਣੀ ਜਥੇਬੰਦੀ ਦੇ ਪੰਜਾਬ ਪ੍ਰਧਾਨ ਸਨ, ਦੇ ਜਨਮ ਦਿਨ ’ਤੇ ਹਰ ਸਾਲ ਵਾਂਗ ਸਿਧਾਂਤਕ ਕੈਂਪ ਲਾਇਆ ਗਿਆ, ਜਿਥੇ ਵੱਡੀ ਗਿਣਤੀ ਚ ਜਥੇਬੰਦੀ ਦੇ ਆਗੂ/ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ, ਉਥੇ ਨੌਜਵਾਨ/ਵਿਦਿਆਰਥੀ, ਮੁਲਾਜ਼ਮ, ਆਂਗਣਵਾੜੀ ਵਰਕਰ ਆਦਿ ਹਰ ਵਰਗ ਦੇ ਲੋਕ ਆਪਣੇ ਮਹਿਬੂਬ ਆਗੂ ਨੂੰ ਆਪਣੀ ਅਕੀਦਤ ਭੇਟ ਕਰਨ ਲਈ ਪੁੱਜੇ। ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਕੈਂਪ ਨੂੰ ਸੰਬੋਧਨ ਕਰਦਿਆਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸੂਬਾਈ ਸਲਾਹਕਾਰ ਸਾਥੀ ਜਗਰੂਪ ਨੇ ਕਿਹਾ ਕਿ ਗੁਰਮੇਲ ਉਹ ਚੇਤਨ ਮਨੁੱਖ ਸੀ, ਜੋ ਇਨਕਲਾਬੀ ਦਰਸ਼ਨ, ਰਾਜਨੀਤਕ, ਆਰਥਿਕਤਾ ਅਤੇ ਵਿਗਿਆਨਕ ਸਮਾਜਵਾਦ ਦਾ ਬਿਹਤਰੀਨ ਅਧਿਆਪਕ ਸੀ। ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਉਹਨੂੰ ਬਹੁਤ ਛੇਤੀ ਸਾਡੇ ਤੋਂ ਖੋਹ ਲਿਆ। ਗੁਰਮੇਲ ਦੀ ਮੌਤ ਦੀ ਖ਼ਬਰ ਨੇ ਸਭ ਸੁਹਿਰਦ ਸਾਥੀਆਂ ਹਲੂਣ ਕੇ ਰੱਖ ਦਿੱਤਾ। ਇਹ ਬਹੁਤ ਵੱਡਾ ਘਾਟਾ ਸੀ, ਜਿਸ ਨੂੰ ਅਸੀਂ ਮਿਲਵੀਂ ਮਿਹਨਤ ਨਾਲ ਪੂਰਾ ਕਰਨ ਦਾ ਯਤਨ ਕਰ ਰਹੇ ਹਾਂ। ਉਨ੍ਹਾ ਕਿਹਾ ਸਾਥੀ ਗੁਰਮੇਲ ਦੀ ਯਾਦ ਵਿੱਚ ਗੁਰਮੇਲ ਯਾਦਗਾਰੀ ਇਨਕਲਾਬੀ ਦਰਸ਼ਨ ਅਕੈਡਮੀ ਉਨ੍ਹਾ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ’ਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਜਿਸ ਦੌਰ ਵਿਚ ਅੱਜ ਸਰਮਾਏਦਾਰੀ ਪ੍ਰਬੰਧ ਗੁਜ਼ਰ ਰਿਹਾ ਹੈ, ਉਸ ਲਈ ਜ਼ਰੂਰੀ ਹੈ ਕਿ ਸਿਧਾਂਤਕ ਸੇਧ ਲੈ ਸਹੀ ਦਿਸ਼ਾ ’ਚ ਕੰਮ ਕੀਤਾ ਜਾਵੇ। ਗੁਰਮੇਲ ਨੂੰ ਇਸ ਕਾਰਜ ਵਿੱਚ ਮੁਹਾਰਤ ਹਾਸਲ ਸੀ। ਉਨ੍ਹਾ ਕਿਹਾ ਕਿ ਸਮਾਜ ਵਿੱਚ ਫੈਲੀਆਂ ਮੌਜੂਦਾ ਸਮੱਸਿਆਵਾਂ ਦਾ ਹੱਲ ਸਿਰਫ ਤੇ ਸਿਰਫ ਮਾਰਕਸਵਾਦੀ ਫਲਸਫੇ ਅਨੁਸਾਰ ਸਮਾਜਵਾਦੀ ਪ੍ਰਬੰਧ ਵਿਚ ਹੀ ਸੰਭਵ ਹੈ। ਇਸ ਲਈ ਇਸ ਸਿਧਾਂਤ ਵਿੱਚ ਵਿਸ਼ਵਾਸ ਰੱਖਣ ਵਾਲੇ ਮਨੁੱਖਾਂ ਨੂੰ ਇਸ ਪ੍ਰਬੰਧ ਨੂੰ ਸਿਰਜਣ ਲਈ ਇੱਕਜੁੱਟ ਹੋ ਜਾਣਾ ਚਾਹੀਦਾ ਹੈ।
ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ, ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਪੰਜਾਬ (ਏਟਕ) ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਅਤੇ ਡਿਪਟੀ ਜਨਰਲ ਸਕੱਤਰ ਗੁਰਜੰਟ ਸਿੰਘ ਕੋਕਰੀ ਨੇ ਕਿਹਾ ਕਿ ਪਬਲਿਕ ਸੈਕਟਰ ਤਬਾਹ ਹੋ ਰਹੇ ਹਨ ਤੇ ਨਿੱਜੀਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ। ਬੇਰੁਜ਼ਗਾਰੀ, ਆਤਮ-ਹੱਤਿਆ, ਨਸ਼ੇ, ਮਾੜੀਆਂ ਸਿਹਤ ਸਹੂਲਤਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ। ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਬਾਈ ਗੁਰਮੇਲ ਦੇ ਦਿਮਾਗ਼ ’ਚ ਸੀ। ਇਸੇ ਲਈ ਉਨ੍ਹਾ ਤੋਂ ਇਸਤਰੀ, ਵਿਦਿਆਰਥੀ, ਮੁਲਾਜ਼ਮ ਤੇ ਨੌਜਵਾਨਾਂ ਦੀਆਂ ਜਥੇਬੰਦੀਆਂ ਸੇਧ ਲੈਣ ਦਾ ਕੰਮ ਕਰਦੀਆਂ ਸਨ। ਬਾਈ ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਵਿਦਿਆਰਥੀਆਂ, ਨੌਜਵਾਨਾਂ, ਮੁਲਾਜ਼ਮਾਂ, ਫੈਕਟਰੀਆਂ ਦੇ ਕਾਮਿਆਂ ਆਦਿ ਸਭ ਵਿੱਚ ਸਤਿਕਾਰਤ ਆਗੂ ਸੀ। ਮੁਸ਼ਕਲਾਂ ਭਾਵੇਂ ਪਰਵਾਰਕ ਹੋਣ, ਨਿੱਜੀ, ਸਮੂਹਿਕ, ਸਮਾਜੀ, ਰਾਜਸੀ ਜਾਂ ਜਥੇਬੰਦਕ, ਉਹ ਮੁਸ਼ਕਲਾਂ ਖੜੀਆਂ ਕਰਨ ਵਾਲਿਆਂ, ਗਿਣਾਉਣ ਵਾਲਿਆਂ ਤੋਂ ਉਲਟ ਮੁਸ਼ਕਲਾਂ ਨਾਲ ਨਜਿੱਠਣਾ ਜਾਣਦਾ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਈ ਗੁਰਮੇਲ ਦੀ ਜੀਵਨ ਸਾਥਣ ਗੁਰਚਰਨ ਕੌਰ, ਦੀਦਾਰ ਸਿੰਘ ਭੱਟੀ, ਡਾਕਟਰ ਇੰਦਰਵੀਰ ਗਿੱਲ, ਗੁਰਮੇਲ ਸਿੰਘ ਨਾਹਰ, ਅਮਰੀਕ ਸਿੰਘ ਮਸੀਤਾਂ, ਸਵਰਨ ਸਿੰਘ ਖੋਸਾ, ਭੁਪਿੰਦਰ ਸਿੰਘ ਸੇਖੋਂ, ਸਰਬਜੀਤ ਕੌਰ, ਸਤਪਾਲ ਸਹਿਗਲ, ਅਵਤਾਰ ਸਿੰਘ ਗਗੜਾ, ਬਚਿੱਤਰ ਸਿੰਘ ਧੋਥੜ, ਮਨਦੀਪ ਸਿੰਘ ਮੱਖੂ, ਸਤਪਾਲ ਭਿੰਡਰ, ਰਾਜਵੀਰ ਸਿੰਘ ਸੰਧੂ ਤੇ ਜਗਸੀਰ ਖੋਸਾ ਆਦਿ ਆਗੂ ਮੌਜੂਦ ਸਨ।

Related Articles

Latest Articles