25.4 C
Jalandhar
Friday, October 18, 2024
spot_img

ਪੁਲਸ ਵਾਲੇ ਨੇ ਗੁਆਂਢੀ ਪਿਓ-ਪੁੱਤ ’ਤੇ ਚਲਾਈਆਂ ਗੋਲੀਆਂ

ਮਾਛੀਵਾੜਾ ਸਾਹਿਬ (ਸ਼ੈਂਕੀ ਸ਼ਰਮਾ, ਜਗਦੀਸ਼ ਰਾਏ)
ਨੇੜਲੇ ਪਿੰਡ ਪੰਜੇਟਾ ਵਿਖੇ ਪੁਲਸ ਕਰਮਚਾਰੀ ਨੇ ਆਪਣੇ ਗੁਆਂਢ ਵਿਚ ਰਹਿੰਦੇ ਜਗਦੀਪ ਸਿੰਘ ਤੇ ਉਸ ਦੇ ਪੁੱਤਰ ਰਮਨਪ੍ਰੀਤ ਸਿੰਘ ’ਤੇ ਗੋਲੀਆਂ ਚਲਾ ਕੇ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ। ਸਮਰਾਲਾ ਹਸਪਤਾਲ ਵਿਖੇ ਇਲਾਜ ਅਧੀਨ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬੁੱਧਵਾਰ ਦੇਰ ਸ਼ਾਮ ਆਪਣੇ ਇੱਕ ਦੋਸਤ ਨਾਲ ਖੇਤਾਂ ਤੋਂ ਵਾਪਸ ਪਿੰਡ ਪਰਤ ਰਿਹਾ ਸੀ ਕਿ ਉਨ੍ਹਾ ਦੇ ਗੁਆਂਢ ਵਿਚ ਰਹਿੰਦੇ ਪੁਲਸ ਕਰਮਚਾਰੀ ਪਵਿੱਤਰ ਸਿੰਘ ਨੇ ਉਹਨਾਂ ਉੱਪਰ ਕਾਰ ਚੜ੍ਹਾ ਦਿੱਤੀ, ਜਿਸ ਕਾਰਨ ਉਹ ਖੇਤਾਂ ਵਿਚ ਜਾ ਡਿੱਗੇ। ਜਦੋਂ ਉਹ ਉੱਠੇ ਤਾਂ ਪਵਿੱਤਰ ਸਿੰਘ ਨੇ ਉਨ੍ਹਾਂ ’ਤੇ 2 ਫਾਇਰ ਕੀਤੇ। ਗੋਲੀ ਚਲਾਉਣ ਤੋਂ ਬਾਅਦ ਉਹ ਉੱਥੋਂ ਚਲਾ ਗਿਆ ਤੇ ਉਹ ਭੱਜ ਕੇ ਆਪਣੀ ਖੇਤਾਂ ਵਾਲੀ ਮੋਟਰ ’ਤੇ ਆ ਗਏ। ਮੋਟਰ ’ਤੇ ਆ ਕੇ ਆਪਣੇ ਪਿਤਾ ਨੂੰ ਦੱਸਿਆ ਕਿ ਉਸ ਦੇ ਗੋਲੀ ਲੱਗੀ ਹੈ, ਜਿਸ ’ਤੇ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਹਸਪਤਾਲ ਰਵਾਨਾ ਹੋ ਗਏ। ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਰਸਤੇ ਵਿਚ ਫਿਰ ਪੁਲਸ ਕਰਮਚਾਰੀ ਨੇ ਉਨ੍ਹਾਂ ਵਿਚ ਲਿਆ ਕੇ ਗੱਡੀ ਮਾਰੀ ਅਤੇ ਉਨ੍ਹਾਂ ਤੇ ਫਿਰ ਇੱਕ ਗੋਲੀ ਚਲਾਈ। ਇੱਥੇ ਉਸ ਨਾਲ ਕਾਫ਼ੀ ਝਗੜਾ ਹੋਇਆ ਅਤੇ ਉਸ ਨੇ ਉਸ ਤੋਂ ਰਿਵਾਲਵਰ ਖੋਹਣ ਦੀ ਕੋਸ਼ਿਸ਼ ਤਾਂ ਜੋ ਉਹ ਦੁਬਾਰਾ ਗੋਲੀ ਨਾ ਚਲਾ ਸਕੇ, ਪਰ ਇਸ ਦੌਰਾਨ ਪਿੰਡ ਵਾਸੀ ਇਕੱਠੇ ਹੋ ਗਏ। ਉਸ ਨੇ ਦੱਸਿਆ ਕਿ ਗੋਲੀ ਉਸ ਦੇ ਸਿਰ ਕੋਲ ਲੱਗੀ, ਜੋ ਉਸ ਨੇ ਆਪਣੇ ਸਰਕਾਰੀ ਰਿਵਾਲਵਰ ’ਚੋਂ ਚਲਾਈ। ਰਮਨਪ੍ਰੀਤ ਸਿੰਘ ਦੇ ਪਿਤਾ ਜਗਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਜ਼ਖ਼ਮੀ ਹੋਏ ਪੁੱਤਰ ਨੂੰ ਇਲਾਜ ਲਈ ਹਸਪਤਾਲ ਲਿਜਾ ਰਹੇ ਸਨ ਤਾਂ ਰਸਤੇ ਵਿਚ ਘੇਰ ਕੇ ਪਵਿੱਤਰ ਸਿੰਘ ਨੇ ਮੇਰੇ ’ਤੇ ਰਿਵਾਲਵਰ ਦੇ ਬੱਟ ਨਾਲ ਸਿਰ ’ਤੇ ਸੱਟ ਮਾਰੀ, ਜਿਸ ਕਾਰਨ ਉਸ ਦੇ ਟਾਂਕੇ ਲੱਗੇ। ਜਗਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਵਿੱਤਰ ਸਿੰਘ ਨਾਲ ਕੋਈ ਵੀ ਰੰਜਿਸ਼ ਨਹੀਂ ਹੈ, ਉਸ ਨੇ ਸਾਡੇ ’ਤੇ ਜਾਨਲੇਵਾ ਹਮਲਾ ਕਿਉਂ ਕੀਤਾ, ਇਸ ਬਾਰੇ ਤਾਂ ਉਹੀ ਦੱਸ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਪੁਲਸ ਕਰਮਚਾਰੀ ਮਾਣਯੋਗ ਜੱਜ ਨਾਲ ਗੰਨਮੈਨ ਵਜੋਂ ਤਾਇਨਾਤ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੂੰਮ ਕਲਾਂ ਦੇ ਮੁਖੀ ਜਗਦੀਪ ਸਿੰਘ ਤੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਥਾਣਾ ਮੁਖੀ ਨੇ ਕਿਹਾ ਕਿ ਜ਼ਖ਼ਮੀ ਪਿਓ-ਪੁੱਤ ਦੇ ਬਿਆਨ ਦਰਜ ਕਰ ਲਏ ਹਨ। ਉਨ੍ਹਾ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਪੁਲਸ ਕਰਮਚਾਰੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜੋ ਅਜੇ ਪੁਲਸ ਗਿ੍ਰਫ਼ਤ ਤੋਂ ਬਾਹਰ ਹੈ।

Related Articles

Latest Articles