25.3 C
Jalandhar
Thursday, October 17, 2024
spot_img

ਹਾਰ ਲੁਕੋਣ ਦੀ ਕੋਸ਼ਿਸ਼

ਭਾਜਪਾ ਹਰਿਆਣਾ ਅਸੰਬਲੀ ਚੋਣਾਂ ਵਿਚ ਮਿਲੀ ਜਿੱਤ ਨਾਲ ਜੰਮੂ-ਕਸ਼ਮੀਰ ’ਚ ਆਪਣੇ ਹੀ ਨਹੀਂ, ਸਗੋਂ ਆਰ ਐੱਸ ਐੱਸ ਦੇ ਵੱਡੇ ਸਿਧਾਂਤਕ ਪ੍ਰਯੋਗ ਦੀ ਹਾਰ ਨੂੰ ਲੁਕੋਣ ਦੀ ਕੋਸ਼ਿਸ਼ ਕਰ ਰਹੀ ਹੈ। ਮੋਦੀ ਸਰਕਾਰ ਨੇ ਕਸ਼ਮੀਰ ਨੂੰ ‘ਸਵਰਗ’ ਬਣਾਉਣ ਦੇ ਨਾਂਅ ’ਤੇ ਜੰਮੂ-ਕਸ਼ਮੀਰ ਨੂੰ ਜੰਮੂ-ਕਸ਼ਮੀਰ ਤੇ ਲੱਦਾਖ ਨਾਂਅ ਦੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਤੇ ਸੂਬੇ ਨੂੰ ਖਾਸ ਅਧਿਕਾਰ ਦਿੰਦੀ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਚੋਣਾਂ ’ਚ ਦਾਅਵਾ ਕੀਤਾ ਸੀ ਕਿ ਉਸ ਨੇ 10 ਸਾਲਾਂ ’ਚ ਜੰਮੂ-ਕਸ਼ਮੀਰ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਦਿੱਤੀ ਹੈ, ਪਰ 10 ਸਾਲ ਬਾਅਦ ਮਿਲੇ ਪਹਿਲੇ ਮੌਕੇ ’ਤੇ ਲੋਕਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ‘ਇੰਡੀਆ’ ਗੱਠਜੋੜ ਨੂੰ ਪੂਰਨ ਬਹੁਮਤ ਨਾਲ ਜਿਤਾ ਕੇ ਭਾਜਪਾ ਦੇ ਦਾਅਪੇਚ ’ਤੇ ਆਪਣਾ ਗੁੱਸਾ ਕੱਢ ਦਿੱਤਾ। ਇਹ ਗੁੱਸਾ ਪ੍ਰੈੱਸ ਦੀ ਆਜ਼ਾਦੀ ਤੇ ਹੋਰ ਨਾਗਰਿਕ ਅਧਿਕਾਰਾਂ ਦੇ ਦਮਨ ਖਿਲਾਫ ਵੀ ਨਿਕਲਿਆ ਹੈ। ਜੰਮੂ-ਕਸ਼ਮੀਰ ਵਿਚ ਜਿੱਤ ਲਈ ਮੋਦੀ ਸਰਕਾਰ ਨੇ ਉਹ ਸਭ ਕੁਝ ਕੀਤਾ, ਜੋ ਉਹ ਕਰ ਸਕਦੀ ਸੀ। ਨਵੇਂ ਸਿਰਿਓਂ ਹਲਕਾਬੰਦੀ ਕਰਕੇ ਉਥੇ ਸੀਟਾਂ ਵਧਾ ਦਿੱਤੀਆਂ, ਜਿੱਥੇ ਉਹ ਮਜ਼ਬੂਤ ਸੀ। ਜੰਮੂ ਖੇਤਰ ਵਿਚ ਛੇ ਨਵੇਂ ਹਲਕੇ ਜੋੜ ਦਿੱਤੇ, ਜਦਕਿ ਕਸ਼ਮੀਰ ਵਿਚ ਸਿਰਫ ਇੱਕ ਨਵਾਂ ਹਲਕਾ ਬਣਾਇਆ। ਜੰਮੂ ਦੀਆਂ ਛੇ ਵਿੱਚੋਂ ਪੰਜ ਸੀਟਾਂ ਭਾਜਪਾ ਨੇ ਇਨ੍ਹਾਂ ਅਸੰਬਲੀ ਚੋਣਾਂ ਵਿਚ ਜਿੱਤੀਆਂ ਹਨ। ਅਸੰਬਲੀ ਚੋਣਾਂ ਤੋਂ ਪਹਿਲਾਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਜੰਮੂ ਦੀਆਂ ਦੋ ਸੀਟਾਂ ’ਤੇ ਉਮੀਦਵਾਰ ਉਤਾਰੇ ਸਨ, ਪਰ ਕਸ਼ਮੀਰ ’ਚ ਉਮੀਦਵਾਰ ਉਤਾਰਨ ਦਾ ਹੌਸਲਾ ਨਹੀਂ ਜੁਟਾ ਸਕੀ ਸੀ। ਕੇਂਦਰ ਵਿਚ ਸਰਕਾਰ ਚਲਾ ਰਹੀ ਕਿਸੇ ਪਾਰਟੀ ਲਈ ਇਹ ਸ਼ਰਮਨਾਕ ਹੀ ਸੀ ਕਿ ਉਸ ਨੂੰ ਦੇਸ਼ ਦੇ ਕਿਸੇ ਹਿੱਸੇ ’ਚ ਪਰਾਇਆ ਮਹਿਸੂਸ ਕੀਤਾ ਜਾਵੇ ਜਾਂ ਉਹ ਖੁਦ ਹੀ ਅਜਿਹਾ ਕਰੇ। ਅਸੰਬਲੀ ਚੋਣਾਂ ’ਚ ਵੀ ਇੰਜ ਹੀ ਹੋਇਆ। ਵਾਦੀ ਦੀਆਂ 47 ਸੀਟਾਂ ’ਚੋਂ ਭਾਜਪਾ ਨੇ 19 ਉਮੀਦਵਾਰ ਹੀ ਉਤਾਰੇ, ਜਦਕਿ ਉਹ ਦਾਅਵਾ ਕਰਦੀ ਸੀ ਕਿ ਲੋਕ ਉਸ ਨੂੰ ਆਸ ਭਰੀ ਨਿਗਾਹ ਨਾਲ ਦੇਖ ਰਹੇ ਹਨ। ਵਾਦੀ ਵਿਚ ਉਸ ਦਾ ਖਾਤਾ ਨਹੀਂ ਖੁੱਲ੍ਹਿਆ। ਉਸ ਨੇ ‘ਇੰਡੀਆ’ ਗੱਠਜੋੜ ਨੂੰ ਕਮਜ਼ੋਰ ਕਰਨ ਲਈ ਕੱਟੜਪੰਥੀਆਂ ਨੂੰ ਜੇਲ੍ਹ ਵਿੱਚੋਂ ਕੱਢ ਕੇ ਅਤੇ ਜਮਾਇਤੇ ਇਸਲਾਮੀ ਦੇ ਮੈਂਬਰਾਂ ਨੂੰ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜਨ ਲਈ ਹੱਲਾਸ਼ੇਰੀ ਦੇਣ ਦੀ ਚਾਲ ਖੇਡੀ, ਪਰ ਲੋਕਾਂ ਨੇ ਨਾਕਾਮ ਕਰ ਦਿੱਤੀ। ਭਾਜਪਾ ਦੀ ਪੂਰੀ ਕੋਸ਼ਿਸ਼ ਤਿ੍ਰਸ਼ੰਕੂ ਅਸੰਬਲੀ ਲਿਆਉਣ ਦੀ ਸੀ, ਤਾਂ ਕਿ ਉਹ ਕੁਝ ਆਜ਼ਾਦਾਂ ਤੇ ਪ੍ਰੌਕਸੀ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਉਣ ’ਚ ਕਾਮਯਾਬ ਹੋ ਜਾਵੇ। ਕਈ ਐਗਜ਼ਿਟ ਪੋਲਾਂ ਨੇ ਤਿ੍ਰਸ਼ੰਕੂ ਅਸੰਬਲੀ ਦੀ ਭਵਿੱਖਬਾਣੀ ਵੀ ਕੀਤੀ ਸੀ। ਇਸੇ ਯੋਜਨਾ ਤਹਿਤ ਪੋਲਿੰਗ ਦੇ ਬਾਅਦ ਉਪ ਰਾਜਪਾਲ ਵੱਲੋਂ ਪੰਜ ਮੈਂਬਰ ਨਾਮਜ਼ਦ ਕਰਨ ਦੀ ਚਰਚਾ ਵੀ ਛਿੜ ਗਈ, ਤਾਂ ਜੋ ਲੋੜ ਪੈਣ ’ਤੇ ਬਹੁਮਤ ਦਾ ਪ੍ਰਬੰਧ ਹੋ ਸਕੇ। ਲੋਕਾਂ ਨੇ ਭਾਜਪਾ ਦੀ ਸਾਰੀ ਸਾਜ਼ਿਸ਼ ਦੀ ਹਵਾ ਕੱਢ ਦਿੱਤੀ। ਪਿਛਲੀ ਵਾਰ ਸਭ ਤੋਂ ਵੱਧ 28 ਸੀਟਾਂ ਜਿੱਤ ਕੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਵਾਲੀ ਮਹਿਬੂਬਾ ਮੁਫਤੀ ਦੀ ਪੀਪਲਜ਼ ਡੈਮੋਕਰੇਟਿਕ ਪਾਰਟੀ ਨੂੰ ਸਬਕ ਸਿਖਾਉਦਿਆਂ ਤਿੰਨ ਸੀਟਾਂ ’ਤੇ ਸਮੇਟ ਦਿੱਤਾ, ਜਦਕਿ ਇੰਜੀਨੀਅਰ ਰਸ਼ੀਦ ਦੀ ਅਗਵਾਈ ਵਾਲੀ ਅਵਾਮੀ ਇਤਿਹਾਦ ਪਾਰਟੀ ਦੇ 44 ਉਮੀਦਵਾਰਾਂ ’ਚੋਂ ਇਕ ਹੀ ਜਿੱਤ ਸਕਿਆ। ਕਿਸੇ ਵੀ ਤਰ੍ਹਾਂ ਦੀ ਕਿੰਤੂ-ਪ੍ਰੰਤੂ ਦੀ ਗੁੰਜਾਇਸ਼ ਨੂੰ ਨਕਾਰਦਿਆਂ ਲੋਕਾਂ ਨੇ ਇਕੱਲੀ ਨੈਸ਼ਨਲ ਕਾਨਫਰੰਸ ਨੂੰ 42 ਸੀਟਾਂ ਜਿਤਾ ਦਿੱਤੀਆਂ। ਨਾਲ ਹੀ ਕਾਂਗਰਸ ਦੇ ਵੀ ਛੇ ਉਮੀਦਵਾਰ ਬਣਾ ਦਿੱਤੇ ਅਤੇ ਸੀ ਪੀ ਆਈ (ਐੱਮ) ਦੇ ਮੁਹੰਮਦ ਯੂਨਸ ਤਾਰੀਗਾਮੀ ’ਤੇ ਲਗਾਤਾਰ ਪੰਜਵੀਂ ਵਾਰ ਭਰੋਸਾ ਜਤਾਇਆ। ਇਸ ਤਰ੍ਹਾਂ ‘ਇੰਡੀਆ’ ਗੱਠਜੋੜ ਨੂੰ 49 ਸੀਟਾਂ ਜਿਤਾ ਕੇ ਲੋਕਾਂ ਨੇ ਉਪ ਰਾਜਪਾਲ ਦੇ ਪੰਜ ਨਾਮਜ਼ਦ ਮੈਂਬਰਾਂ ਵੱਲੋਂ ਕਿਸੇ ਤਰ੍ਹਾਂ ਦੀ ਖੇਡ ਕਰਨ ਦੀ ਸੰਭਾਵਨਾ ਵੀ ਖਤਮ ਕਰ ਦਿੱਤੀ। ਇਨ੍ਹਾਂ ਪੰਜ ਮੈਂਬਰਾਂ ਨਾਲ ਅਸੰਬਲੀ ਦੀ ਤਾਕਤ 95 ਹੋਣ ’ਤੇ ਵੀ ‘ਇੰਡੀਆ’ ਗੱਠਜੋੜ ਦਾ ਬਹੁਮਤ ਕਾਇਮ ਰਹੇਗਾ।
ਗੋਦੀ ਮੀਡੀਆ ਇਹ ਚਰਚਾ ਨਹੀਂ ਕਰ ਰਿਹਾ ਕਿ ਜੰਮੂ-ਕਸ਼ਮੀਰ ਵਿਚ ਭਾਜਪਾ ਤੇ ਆਰ ਐੱਸ ਐੱਸ ਦੇ ਵੱਡੇ ਸਿਧਾਂਤਕ ਪ੍ਰਯੋਗ ਦੀ ਕਰਾਰੀ ਹਾਰ ਹੋਈ ਹੈ। ਉਲਟਾ ਇਹ ਕਹਿ ਰਿਹਾ ਹੈ ਕਿ ਭਾਜਪਾ ਹਾਰ ਕੇ ਵੀ ਜਿੱਤ ਗਈ, ਕਿਉਕਿ ਕਸ਼ਮੀਰ ਵਿਚ ਪੁਰਅਮਨ ਚੋਣਾਂ ਹੋਈਆਂ ਤੇ ਵੱਡੀ ਗਿਣਤੀ ’ਚ ਲੋਕਾਂ ਨੇ ਬੇਖੌਫ ਵੋਟਾਂ ਪਾਈਆਂ। ਹਕੀਕਤ ਇਹ ਹੈ ਕਿ 2014 ਦੀ ਤੁਲਨਾ ’ਚ 1.12 ਫੀਸਦੀ ਘੱਟ ਵੋਟਿੰਗ ਹੋਈ। ਉਦੋਂ 65 ਫੀਸਦੀ ਵੋਟਿੰਗ ਹੋਈ ਸੀ, ਜਦਕਿ 2024 ਵਿਚ 63.88 ਫੀਸਦੀ ਹੋਈ।

Related Articles

Latest Articles