ਅੰਬੇਡਕਰ ਨੇ ਸਾਡੀ ਸ਼ਾਖਾ ਦਾ ਦੌਰਾ ਕੀਤਾ ਸੀ : ਸੰਘ

0
161

ਨਾਗਪੁਰ : ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ 85 ਸਾਲ ਪਹਿਲਾਂ ਮਹਾਰਾਸ਼ਟਰ ’ਚ ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਦੀ ‘ਸ਼ਾਖਾ’ ਦਾ ਦੌਰਾ ਕੀਤਾ ਸੀ। ਇਹ ਦਾਅਵਾ ਸੰਘ ਦੇ ਮੀਡੀਆ ਵਿੰਗ ਨੇ ਕੀਤਾ ਹੈ।
ਵਿੰਗ ਨੇ ਕਿਹਾ ਹੈ ਕਿ ਆਪਣੀ ਫੇਰੀ ਦੌਰਾਨ ਅੰਬੇਡਕਰ ਨੇ ਕਿਹਾ ਕਿ ਉਹ ਕੁਝ ਮੁੱਦਿਆਂ ’ਤੇ ਮਤਭੇਦਾਂ ਦੇ ਬਾਵਜੂਦ ਸੰਘ ਨੂੰ ‘ਪਿਆਰ ਦੀ ਭਾਵਨਾ ਨਾਲ ਦੇਖਦੇ ਹਨ।’ ਸੰਘ ਦੇ ਸੰਚਾਰ ਵਿੰਗ ‘ਵਿਸ਼ਵ ਸੰਵਾਦ ਕੇਂਦਰ’ ਦੇ ਵਿਦਰਭ ਪ੍ਰਾਂਤ ਨੇ ਵੀਰਵਾਰ ਜਾਰੀ ਬਿਆਨ ’ਚ ਇਹ ਦਾਅਵਾ ਕੀਤਾ। ਉਸ ਨੇ ਕਿਹਾ ਕਿ ਸੰਘ ਨੂੰ ਹੁਣ ਤੱਕ ਦੇ ਆਪਣੇ ਸਫ਼ਰ ਦੌਰਾਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸ ’ਤੇ ਕਈ ਦੋਸ਼ ਲਗਾਏ ਗਏ ਹਨ, ਪਰ ਇਸ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ‘ਗਲਤ ਸਾਬਤ ਕੀਤਾ’ ਅਤੇ ਇੱਕ ਸਮਾਜੀ ਸੰਗਠਨ ਵਜੋਂ ਆਪਣੀ ਪਛਾਣ ਦੀ ਪੁਸ਼ਟੀ ਕੀਤੀ ਹੈ।
ਪ੍ਰਾਂਤ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਸੰਘ ’ਤੇ ਵੱਖ-ਵੱਖ ਕਾਰਨਾਂ ਕਰਕੇ ਤਿੰਨ ਵਾਰ ਪਾਬੰਦੀ ਲਗਾਈ ਗਈ ਸੀ, ਪਰ ਇਹ ਬਿਨਾਂ ਕਿਸੇ ਨੁਕਸਾਨ ਦੇ ਅਜਿਹੇ ਸੰਕਟਾਂ ਤੋਂ ਬਾਹਰ ਆਇਆ। ਸੰਘ ’ਤੇ ਦਲਿਤ ਵਿਰੋਧੀ ਹੋਣ ਦੇ ਦੋਸ਼ ਲੱਗੇ ਸਨ ਅਤੇ ਡਾਕਟਰ ਅੰਬੇਡਕਰ ਤੇ ਸੰਘ ਬਾਰੇ ਗਲਤ ਜਾਣਕਾਰੀ ਫੈਲਾਈ ਗਈ ਸੀ, ਪਰ ਹੁਣ ਡਾ. ਅੰਬੇਡਕਰ ਅਤੇ ਸੰਘ ਬਾਰੇ ਇੱਕ ਨਵਾਂ ਦਸਤਾਵੇਜ਼ ਸਾਹਮਣੇ ਆਇਆ ਹੈ, ਜੋ ਡਾ. ਅੰਬੇਡਕਰ ਅਤੇ ਸੰਘ ਵਿਚਕਾਰ ਸੰਬੰਧਾਂ ਨੂੰ ਉਜਾਗਰ ਕਰਦਾ ਹੈ। ਪ੍ਰਾਂਤ ਦੇ ਬਿਆਨ ਮੁਤਾਬਕ ਡਾ. ਅੰਬੇਡਕਰ ਨੇ 2 ਜਨਵਰੀ, 1940 ਨੂੰ ਸਤਾਰਾ ਜ਼ਿਲ੍ਹੇ ਦੇ ਕਰਾੜ ਵਿਖੇ ਸੰਘ ਦੀ ਇੱਕ ‘ਸ਼ਾਖਾ’ (ਸਥਾਨਕ ਇਕਾਈ) ਦਾ ਦੌਰਾ ਕੀਤਾ ਸੀ, ਜਿੱਥੇ ਉਨ੍ਹਾ ਸੰਘ ਦੇ ਸਵੈਮਸੇਵਕਾਂ (ਵਲੰਟੀਅਰਾਂ) ਨੂੰ ਵੀ ਸੰਬੋਧਨ ਕੀਤਾ। ਆਪਣੇ ਸੰਬੋਧਨ ’ਚ ਡਾ. ਅੰਬੇਡਕਰ ਨੇ ਕਿਹਾ ਸੀਹਾਲਾਂਕਿ ਕੁਝ ਮੁੱਦਿਆਂ ’ਤੇ ਮਤਭੇਦ ਹਨ, ਪਰ ਮੈਂ ਸੰਘ ਨੂੰ ਪਿਆਰ ਦੀ ਭਾਵਨਾ ਨਾਲ ਦੇਖਦਾ ਹਾਂ। ਬਿਆਨ ’ਚ ਖਬਰਾਂ ਦੀ ਇੱਕ ਕਾਤਰ ਦੇ ਨਾਲ ਕਿਹਾ ਗਿਆ ਹੈ ਕਿ ਪੁਣੇ ਦੇ ਇੱਕ ਮਰਾਠੀ ਰੋਜ਼ਨਾਮਾ ‘ਕੇਸਰੀ’ ਵਿੱਚ ਡਾ. ਅੰਬੇਡਕਰ ਦੀ ਸੰਘ ਸ਼ਾਖਾ ’ਚ ਫੇਰੀ ਬਾਰੇ 9 ਜਨਵਰੀ 1940 ਨੂੰ ਇੱਕ ਰਿਪੋਰਟ ਪ੍ਰਕਾਸ਼ਤ ਹੋਈ ਸੀ। ਇਸ ਰਿਪੋਰਟ ’ਚ ਸੰਘ ਦੇ ਵਿਚਾਰਧਾਰਕ ਦੱਤੋਪੰਤ ਠੇਂਗੜੀ ਦੁਆਰਾ ਲਿਖੀ ਗਈ ‘ਡਾ. ਅੰਬੇਡਕਰ ਔਰ ਸਮਾਜਿਕ ਕ੍ਰਾਂਤੀ ਕੀ ਯਾਤਰਾ’ ਨਾਮੀ ਕਿਤਾਬ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ’ਚ ਸੰਘ ਅਤੇ ਡਾ. ਅੰਬੇਡਕਰ ਵਿਚਕਾਰ ਸੰਬੰਧਾਂ ਬਾਰੇ ਗੱਲ ਕੀਤੀ ਗਈ ਹੈ। ਕਿਤਾਬ ਦੇ ਅੱਠਵੇਂ ਅਧਿਆਇ ਦੇ ਸ਼ੁਰੂ ’ਚ ਠੇਂਗੜੀ ਕਹਿੰਦਾ ਹੈ ਕਿ ਡਾ. ਅੰਬੇਡਕਰ ਨੂੰ ਸੰਘ ਦਾ ਪੂਰਾ ਗਿਆਨ ਸੀ। ਇਸ ਦੇ ਸਵੈਮਸੇਵਕ ਉਨ੍ਹਾ ਨਾਲ ਨਿਯਮਤ ਸੰਪਰਕ ’ਚ ਸਨ ਅਤੇ ਉਨ੍ਹਾ ਨਾਲ ਵਿਚਾਰ-ਵਟਾਂਦਰਾ ਕਰਦੇ ਰਹਿੰਦੇ ਸਨ। ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਮਹਾਤਮਾ ਗਾਂਧੀ ਨੇ ਵੀ 1934 ’ਚ ਵਰਧਾ ਵਿਖੇ ਸੰਘ ਕੈਂਪ ਦਾ ਦੌਰਾ ਕੀਤਾ ਸੀ, ਜਿੱਥੇ ਉਨ੍ਹਾ ਨੂੰ ਅਹਿਸਾਸ ਹੋਇਆ ਕਿ ਸੰਘ ’ਚ ਵੱਖ-ਵੱਖ ਜਾਤਾਂ ਅਤੇ ਧਰਮਾਂ ਦੇ ਵਲੰਟੀਅਰ ਸਨ। ਉਨ੍ਹਾ ਖੁਦ ਅਨੁਭਵ ਕੀਤਾ ਕਿ ਕੈਂਪ ’ਚ ਕੋਈ ਵੀ ਸਵੈਮਸੇਵਕ ਆਪਣੀ ਜਾਤ ਜਾਂ ਦੂਜੇ ਸਵੈਮਸੇਵਕਾਂ ਦੀ ਜਾਤ ਜਾਣਨ ’ਚ ਦਿਲਚਸਪੀ ਨਹੀਂ ਰੱਖਦਾ। ਸਾਰਿਆਂ ਦੇ ਮਨ ’ਚ ਸਿਰਫ ਇੱਕ ਹੀ ਭਾਵਨਾ ਸੀ ਕਿ ਅਸੀਂ ਸਾਰੇ ਹਿੰਦੂ ਹਾਂ। ਇਸ ਲਈ ਸਵੈਮਸੇਵਕਾਂ ਨੇ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਆਪਣੇ ਆਪ ਕੀਤੀਆਂ।