ਅਸਾਵਾਂ ਵਿਕਾਸ

0
140

ਬੈਂਕ ਕੋਲ ਸੋਨਾ ਗਹਿਣੇ ਰੱਖ ਕੇ ਕਰਜ਼ਾ ਚੁੱਕਣ ਤੋਂ ਬਾਅਦ ਕਰਜ਼ੇ ਦੀ ਕਿਸ਼ਤ ਨਾ ਮੋੜਨ ਵਾਲਿਆਂ ਦੀ ਗਿਣਤੀ ’ਚ ਅਚਾਨਕ ਵਾਧਾ ਹੋ ਗਿਆ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਬੈਂਕਾਂ ਨੂੰ ਇਸ ਕਰਜ਼ੇ ਨੂੰ ਨਾਨ-ਪਰਫਾਰਮਿੰਗ ਐੱਸਟਸ (ਐੱਨ ਪੀ ਏਕਰਜ਼ਾ ਮੁੜਨ ਦੀ ਆਸ ਨਹੀਂ) ’ਚ ਪਾਉਣਾ ਪੈ ਰਿਹਾ ਹੈ। ਕਮਰਸ਼ੀਅਲ ਬੈਂਕਾਂ ਨੇ ਗੋਲਡ ਲੋਨ ਐੱਨ ਪੀ ਏ ’ਚ 62 ਫੀਸਦੀ ਦਾ ਵਾਧਾ ਦਰਜ ਕੀਤਾ ਹੈ, ਜਿਹੜਾ ਮਾਰਚ ’ਚ 1513 ਕਰੋੜ ਰੁਪਏ ਤੋਂ ਵਧ ਕੇ ਜੂਨ ’ਚ 2445 ਕਰੋੜ ਰੁਪਏ ਹੋ ਗਿਆ। ਬੈਂਕਾਂ ਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਦੇ ਗੋਲਡ ਲੋਨ ਐੱਨ ਪੀ ਏ ਜੂਨ ’ਚ 30 ਫੀਸਦੀ ਵਧ ਕੇ 6696 ਕਰੋੜ ਰੁਪਏ ਹੋ ਗਏ, ਜਿਹੜੇ ਕਿ ਮਾਰਚ ’ਚ 5149 ਕਰੋੜ ਰੁਪਏ ਸਨ। ਇਹ ਅੰਕੜੇ ਭਾਰਤੀ ਰਿਜ਼ਰਵ ਬੈਂਕ ਨੇ ਮੁਹੱਈਆ ਕਰਾਏ ਹਨ। ਅਰਥ ਵਿਵਸਥਾ ਦੀ ਸੁਸਤ ਰਫਤਾਰ ਨੇ ਲੋਕਾਂ ਦੀ ਆਮਦਨ ਨੂੰ ਕਾਫੀ ਪ੍ਰਭਾਵਤ ਕੀਤਾ ਹੈ ਤੇ ਉਨ੍ਹਾਂ ਲਈ ਕਰਜ਼ਾ ਮੋੜਨਾ ਔਖਾ ਹੋ ਗਿਆ ਹੈ। ਅਰਥ ਵਿਵਸਥਾ ਦੀ ਹਾਲਤ ਦਾ ਪਤਾ ਕੰਪਨੀਆਂ ਦੀ ਸਥਿਤੀ ਤੇ ਉਨ੍ਹਾਂ ਦੇ ਉਤਪਾਦਨ ਤੋਂ ਵੀ ਲਗਦਾ ਹੈ। ਸ਼ੇਅਰ ਬਾਜ਼ਾਰ ਦਾ ਸੁਰੱਖਿਅਤ ਨਿਵੇਸ਼ ਮੰਨੀ ਜਾਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਪੇਂਟ ਕੰਪਨੀ ਏਸ਼ੀਅਨ ਪੇਂਟਸ ਦੀ ਵਿਕਰੀ ’ਚ ਲੰਮੇ ਸਮੇਂ ਤੋਂ ਬਾਅਦ 10 ਫੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਵੱਡੀ ਕੰਜ਼ਿਊਮਰ ਕੰਪਨੀ ਹਿੰਦੁਸਤਾਨ ਯੂਨੀਲੀਵਰ ਦੀ ਵਿਕਰੀ ਦੋ ਸਾਲਾਂ ਤੋਂ ਸਥਿਰ ਹੈ। ਇਹੀ ਹਾਲ ਨੈਸਲੇ, ਮੈਰੀਕੋ ਤੇ ਡਾਬਰ ਵਰਗੀਆਂ ਵੱਡੀਆਂ ਕੰਪਨੀਆਂ ਦਾ ਹੈ। ਇਨ੍ਹਾਂ ਦੀ ਵਿਕਰੀ ਜਾਂ ਤਾਂ ਸਥਿਰ ਹੈ ਜਾਂ ਫਿਰ ਘਟ ਰਹੀ ਹੈ। ਭਾਰਤ ਜਿਸ ਤਰ੍ਹਾਂ ਦੀ ਪੂੰਜੀਵਾਦੀ ਅਰਥ ਵਿਵਸਥਾ ’ਤੇ ਚੱਲ ਰਿਹਾ ਹੈ, ਉਸ ਦਾ ਮੁੱਖ ਆਧਾਰ ਖਪਤ ਹੈ। ਖਪਤ ਤਦੇ ਵਧੇਗੀ, ਜਦ ਆਮ ਲੋਕਾਂ ਦੇ ਹੱਥਾਂ ’ਚ ਪੈਸਾ ਹੋਵੇਗਾ। ਮਹਿੰਗਾਈ ਲੋਕਾਂ ਦੇ ਖੀਸੇ ਖਾਲੀ ਕਰ ਰਹੀ ਹੈ। ਅਕਤੂਬਰ 2024 ਵਿੱਚ ਔਸਤਨ ਸਿਹਤਮੰਦ ਭੋਜਨ ਦੀ ਲਾਗਤ 2023 ਦੇ ਅਕਤੂਬਰ ਦੀ ਤੁਲਨਾ ’ਚ 52 ਫੀਸਦੀ ਵਧ ਗਈ ਸੀ। ਇਸ ਦਰਮਿਆਨ ਔਸਤ ਵੇਤਨ ਤੇ ਮਜ਼ਦੂਰੀ ’ਚ 9-10 ਫੀਸਦੀ ਦਾ ਹੀ ਵਾਧਾ ਹੋਇਆ। ਉਜ ਤਾਂ ਅਜਿਹੀ ਸਥਿਤੀ ਨਾਲ ਸਭ ਲੋਕ ਪ੍ਰਭਾਵਤ ਹਨ, ਪਰ ਦਿਹਾੜੀ ਮਜ਼ਦੂਰ ਤੇ ਘੱਟ ਵੇਤਨ ਲੈਣ ਵਾਲਿਆਂ ਦੀ ਤਸਵੀਰ ਬੇਹੱਦ ਡਰਾਉਣੀ ਹੈ। ਇਹ ਸਥਿਤੀ ਲੰਮੇ ਸਮੇਂ ਤੋਂ ਚੱਲ ਰਹੀ ਹੈ। ਨਾਬਰਾਬਰੀ ਵਧੀ ਹੈ। 30 ਹਜ਼ਾਰ ਰੁਪਏ ਤੋਂ ਵੱਧ ਵਾਲੇ ਮੋਬਾਇਲ ਫੋਨਾਂ ਦੀ ਵਿਕਰੀ ਵਧੀ ਹੈ, ਪਰ ਘੱਟ ਕੀਮਤ ਵਾਲੇ ਫੋਨਾਂ ਦੀ ਘਟੀ ਹੈ। ਮਹਿੰਗੀਆਂ ਕਾਰਾਂ ਵੱਧ ਵਿਕ ਰਹੀਆਂ ਹਨ ਅਤੇ ਪ੍ਰੀਮੀਅਮ ਤੇ ਲਗਜ਼ਰੀ ਮਕਾਨ ਵੱਧ ਖਰੀਦੇ ਜਾ ਰਹੇ ਹਨ। ਵੱਡੇ ਅਰਥ ਵਿਵਸਥਾ ਮਾਹਰ ਥਾਮਸ ਪਿਕੇਟੀ ਮੁਤਾਬਕ ਭਾਰਤ ’ਚ ਵਿਕਾਸ ਦਾ ਬਹੁਤਾ ਲਾਭ ਸਭ ਤੋਂ ਅਮੀਰ ਇੱਕ ਫੀਸਦੀ ਲੋਕ ਹੀ ਹੜੱਪ ਰਹੇ ਹਨ। ਭਾਰਤੀ ਰਿਜ਼ਰਵ ਬੈਂਕ ਦਾ ਅੰਕੜਾ ਵੀ ਇਹੀ ਦਰਸਾਉਦਾ ਹੈ। ਆਮ ਲੋਕਾਂ ਦੀ ਆਮਦਨ ’ਚ ਕਮੀ ਆਈ ਹੈ ਤੇ ਖਰਚ ਵਧੇ ਹਨ।