34.1 C
Jalandhar
Friday, October 18, 2024
spot_img

ਸੋਨਮ ਵਾਂਗਚੁਕ ਤੇ ਹੋਰਨਾਂ ਪ੍ਰੋਟੈੱਸਟਰਾਂ ਨੂੰ ਚੁੱਕਿਆ

ਨਵੀਂ ਦਿੱਲੀ : ਜਲਵਾਯੂ ਕਾਰਕੁੰਨ ਸੋਨਮ ਵਾਂਗਚੁਕ ਤੇ 20 ਹੋਰਾਂ ਪ੍ਰੋਟੈੱਸਟਰਾਂ ਨੂੰ ਦਿੱਲੀ ਪੁਲਸ ਐਤਵਾਰ ਲੱਦਾਖ ਭਵਨ ਦੇ ਬਾਹਰੋਂ ਹਿਰਾਸਤ ’ਚ ਲੈ ਕੇ ਮੰਦਰ ਮਾਰਗ ਥਾਣੇ ਲੈ ਗਈ। ਇਸ ਦੌਰਾਨ ਕੁਝ ਲੋਕਾਂ ਨੇ ਕਿਹਾ ਵੀ ਕਿ ਉਹ ਪ੍ਰੋਟੈੱਸਟ ਨਹੀਂ ਕਰ ਰਹੇ, ਉਹ ਪੁਰਅਮਨ ਬੈਠੇ ਹੋਏ ਹਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਪ੍ਰੋਟੈੱਸਟਰਾਂ ਨੇ ਲੱਦਾਖ ਭਵਨ ਦੇ ਬਾਹਰ ਬੈਠਣ ਦੀ ਆਗਿਆ ਨਹੀਂ ਲਈ ਸੀ। ਉਨ੍ਹਾਂ ਜੰਤਰ-ਮੰਤਰ ਵਿਖੇ ਪ੍ਰੋਟੈੱਸਟ ਕਰਨ ਲਈ ਅਰਜ਼ੀ ਦਿੱਤੀ ਸੀ। ਉਨ੍ਹਾਂ ਦੀ ਅਰਜ਼ੀ ਵਿਚਾਰਾਧੀਨ ਹੈ। ਉਨ੍ਹਾਂ ਨੂੰ ਹੋਰ ਕਿਤੇ ਪ੍ਰੋਟੈੱਸਟ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਸੀ। ਕੁਝ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਪਰ ਛੇਤੀ ਛੱਡ ਦਿੱਤਾ ਜਾਵੇਗਾ।
ਵਾਂਗਚੁਕ ਨੇ ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਸੂਚੀ ਵਿਚ ਸ਼ਾਮਲ ਕਰਾਉਣ ਦੀ ਮੰਗ ਨੂੰ ਲੈ ਕੇ ਲੇਹ ਤੋਂ ਦਿੱਲੀ ਤੱਕ ਮਾਰਚ ਕੀਤਾ ਸੀ। ਉਨ੍ਹਾਂ ਨੂੰ ਦਿੱਲੀ ਪੁਲਸ ਨੇ ਰਾਜਧਾਨੀ ’ਚ ਦਾਖਲ ਹੋਣ ਤੋਂ ਪਹਿਲਾਂ 30 ਸਤੰਬਰ ਨੂੰ ਸਿੰਘੂ ਬਾਰਡਰ ’ਤੇ ਹਿਰਾਸਤ ’ਚ ਲੈ ਲਿਆ ਸੀ ਤੇ 2 ਅਕਤੂਬਰ ਦੀ ਰਾਤ ਛੱਡਿਆ ਸੀ। ਪ੍ਰੋਟੈੱਸਟਰ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਤੇ ਹੋਰਨਾਂ ਸੀਨੀਅਰ ਆਗੂਆਂ ਨਾਲ ਗੱਲ ਕਰਵਾ ਦਿੱਤੀ ਜਾਵੇ। ਛੇਵੀਂ ਸੂਚੀ ਵਿਚ ਉੱਤਰ-ਪੂਰਬੀ ਰਾਜਾਂ ਆਸਾਮ, ਮੇਘਾਲਿਆ, ਤਿ੍ਰਪੁਰਾ ਤੇ ਮਿਜ਼ੋਰਮ ਦੇ ਕਬਾਇਲੀਆਂ ਨੂੰ ਪ੍ਰਸ਼ਾਸਨ ਚਲਾਉਣ ਦੇ ਖਾਸ ਅਧਿਕਾਰ ਮਿਲੇ ਹੋਏ ਹਨ। ਕਬਾਇਲੀਆਂ ਦੀਆਂ ਖੁਦਮੁਖਤਾਰ ਕੌਂਸਲਾਂ ਹਨ, ਜਿਨ੍ਹਾਂ ਕੋਲ ਵਿਧਾਨਕ, ਨਿਆਂਇਕ, ਕਾਰਜਕਾਰੀ ਤੇ ਵਿੱਤੀ ਸ਼ਕਤੀਆਂ ਹਨ। ਪ੍ਰੋਟੈੱਸਟਰ ਲੱਦਾਖ ਨੂੰ ਰਾਜ ਦਾ ਦਰਜਾ ਦੇਣ, ਲੱਦਾਖ ਲਈ ਵੱਖਰੇ ਪਬਲਿਕ ਸਰਵਿਸ ਕਮਿਸ਼ਨ ਅਤੇ ਲੇਹ ਤੇ ਕਾਰਗਿਲ ਦੀਆਂ ਦੋ ਲੋਕ ਸਭਾ ਸੀਟਾਂ ਦੀ ਮੰਗ ਵੀ ਕਰ ਰਹੇ ਹਨ। ਇਸ ਵੇਲੇ ਸਿਰਫ ਲੱਦਾਖ ਸੀਟ ਹੀ ਹੈ।

Related Articles

Latest Articles