23.9 C
Jalandhar
Thursday, October 17, 2024
spot_img

ਸੰਗਰੂਰ ਜ਼ੋਨਲ ਰੈਲੀ ਦੀ ਤਿਆਰੀ ਲਈ ਛੇ ਜ਼ਿਲ੍ਹਿਆਂ ਦੀ ਮੀਟਿੰਗ

ਚੰਡੀਗੜ੍ਹ : ਸੀ ਪੀ ਆਈ ਦੇ ਛੇ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ, ਮੋਹਾਲੀ, ਚੰਡੀਗੜ੍ਹ ਅਤੇ ਫਤਹਿਗੜ੍ਹ ਸਾਹਿਬ ਦੀਆਂ ਇਕਾਈਆਂ ਦੀ ਲੀਡਰਸ਼ਿਪ ਦੀ ਮੀਟਿੰਗ 13 ਅਕਤੂਬਰ ਨੂੰ ਪਟਿਆਲਾ ਵਿਖੇ ਕੀਤੀ ਗਈ। ਇਸ ਮੀਟਿੰਗ ਵਿਚ ਸੀ ਪੀ ਆਈ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਅਤੇ ਕੌਮੀ ਕੌਂਸਲ ਮੈਂਬਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਹ ਮੀਟਿੰਗ ਹਰ ਵਰਗ ਦੇ ਭਖਦੇ ਮਸਲਿਆਂ ਨੂੰ ਲੈ ਕੇ ਪੰਜ ਜ਼ੋਨਲ ਰੈਲੀਆਂ ਕਰਨ ਦੇ ਫੈਸਲੇ ਅਨੁਸਾਰ ਵਿਸ਼ਾਲ ਜਨਤਕ ਲਾਮਬੰਦੀ ਕਰਨ ਦੀ ਤਿਆਰੀ ਵਜੋਂ ਸੱਦੀ ਗਈ ਸੀ। ਮੀਟਿੰਗ ਵਿਚ ਸੀ ਪੀ ਆਈ ਜ਼ਿਲ੍ਹਾ ਸੰਗਰੂਰ ਦੇ ਸਕੱਤਰ ਸਾਥੀ ਸੁਖਦੇਵ ਸ਼ਰਮਾ, ਪਟਿਆਲਾ ਦੇ ਸਾਥੀ ਕੁਲਵੰਤ ਸਿੰਘ ਮੌਲਵੀਵਾਲਾ, ਬਰਨਾਲਾ ਦੇ ਸਾਥੀ ਖੁਸ਼ੀਆ ਸਿੰਘ, ਮੋਹਾਲੀ ਤੋਂ ਸਾਥੀ ਮਹਿੰਦਰਪਾਲ ਸਿੰਘ, ਚੰਡੀਗੜ੍ਹ ਤੋਂ ਸਾਥੀ ਰਾਜ ਕੁਮਾਰ ਅਤੇ ਫਤਹਿਗੜ੍ਹ ਸਾਹਿਬ ਤੋਂ ਬੀਬੀ ਸਿਮਰਤ ਕੌਰ ਤੋਂ ਇਲਾਵਾ ਸਾਥੀ ਬਲਦੇਵ ਸਿੰਘ ਨਿਹਾਲਗੜ੍ਹ ਪੰਜਾਬ ਸੀ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਅਤੇ ਵਿਦਿਆਰਥੀ ਆਗੂ ਪਿ੍ਰਤਪਾਲ ਸਿੰਘ ਅਤੇ ਹੋਰ ਸਰਗਰਮ ਵਰਕਰ ਅਤੇ ਆਗੂ ਸ਼ਾਮਲ ਹੋਏ। ਕਾਮਰੇਡ ਬਲਦੇਵ ਸਿੰਘ ਨਿਹਾਲਗੜ੍ਹ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਬਰਾੜ ਨੇ ਸੀ ਪੀ ਆਈ ਵੱਲੋਂ ਪੰਜਾਬ ਦੇ ਹਰ ਵਰਗ ਦੀਆਂ ਅਣਗੌਲੀਆਂ ਕੀਤੀਆਂ ਜਾ ਰਹੀਆਂ ਅਹਿਮ ਅਤੇ ਜ਼ਰੂਰੀ ਮੰਗਾਂ ਅਤੇ ਮਸਲਿਆਂ ਬਾਰੇ ਵਿਸਥਾਰ ਵਿਚ ਜ਼ਿਕਰ ਕੀਤਾ। ਸਾਥੀ ਬਰਾੜ ਨੇ ਕਿਹਾ ਕਿ ਜਿਥੇ ਪੰਜਾਬ ਨਾਲ ਮੋਦੀ ਸਰਕਾਰ ਸ਼ਰ੍ਹੇਆਮ ਵਿਤਕਰਾ ਕਰਦੇ ਹੋਏ ਕਿਸਾਨੀ ਕਿੱਤੇ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ ਉਥੇ ਹੀ ਉਹ ਕਾਰਪੋਰੇਟ ਘਰਾਣਿਆਂ ਵੱਲੋਂ ਕੀਤੀ ਜਾ ਰਹੀ ਲੁੱਟ ਦੀ ਸਰਪ੍ਰਸਤੀ ਸ਼ਰ੍ਹੇਆਮ ਕਰਦੀ ਹੋਈ ਪੂਰੇ ਦੇਸ਼ ਦੇ ਲੋਕਾਂ ਦੇ ਉਪਜੀਵਕਾ ਦੇ ਧੰਦਿਆਂ ਨੂੰ ਅਤੇ ਸਰਕਾਰੀ ਪਬਲਿਕ ਸੈਕਟਰ ਅਤੇ ਜਾਇਦਾਦਾਂ ਨੂੰ ਉਨ੍ਹਾਂ ਦੇ ਹਵਾਲੇ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਇਸ ਤੋਂ ਇਲਾਵਾ ਉਹ ਆਰ ਐਸ ਐਸ ਦੇ ਏਜੰਡੇ ’ਤੇ ਚਲਦੀ ਹੋਈ ਫਿਰਕਾਪ੍ਰਸਤੀ, ਘੱਟਗਿਣਤੀਆਂ ’ਤੇ ਹਮਲੇ, ਸੰਵਿਧਾਨ ਅਤੇ ਜਮਹੂਰੀਅਤ ਖਤਮ ਕਰਨ ਵਰਗੇ ਰਾਹ ’ਤੇ ਚਲਦਿਆਂ ਫਾਸ਼ੀ ਨੀਤੀਆਂ ਅਪਣਾ ਰਹੀ ਹੈ। ਇਹ ਸਭ ਕੁਝ ਦੇਸ਼ ਦੇ ਸੈਕੂਲਰ ਢਾਂਚੇ ਲਈ ਖਤਰੇ ਦਾ ਅਤੇ ਆਮ ਲੋਕਾਂ ਦੀ ਮੰਦਹਾਲੀ ਦਾ ਸੂਚਕ ਹੈ। ਜਿਸ ਨੂੰ ਠੱਲ੍ਹਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਲਾਮਬੰਦ ਕਰਨਾ ਬੇਹੱਦ ਜ਼ਰੂਰੀ ਹੈ। ਸਾਥੀ ਬਰਾੜ ਜ਼ੋਨਲ ਰੈਲੀਆਂ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਪੰਜਾਬ ਸੀ ਪੀ ਆਈ ਲੋਕਾਂ ਦੇ ਮਸਲੇ ਉਭਾਰਨ ਨੂੰ ਸਮੇਂ ਦੀ ਲੋੜ ਸਮਝਦੇ ਹੋਏ ਪੰਜਾਬ ਦੀ ਜਨਤਾ ਨੂੰ ਚੇਤਨ ਕਰਨ ਲਈ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਲਾਮਬੰਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਭਿ੍ਰਸ਼ਟਾਚਾਰ ਕਰਨ ਵਿਚ ਵੀ ਪੂਰੀ ਤਰ੍ਹਾਂ ਲਿਪਤ ਹੋ ਚੁਕੀ ਹੈ ਅਤੇ ਹਰ ਵਰਗ ਦੀਆਂ ਮੰਗਾਂ ਅਤੇ ਦੁੱਖ ਤਕਲੀਫਾਂ ਨੂੰ ਨਜ਼ਰਅੰਦਾਜ਼ ਕਰਦੀ ਹੋਈ ਕਿਸੇ ਵੀ ਵਰਗ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਪੰਜਾਬ ਦੇ ਪਾਣੀਆਂ ਦਾ ਸੁਆਲ, ਪੰਜਾਬੀ ਬੋਲਦੇ ਇਲਾਕੇ, ਬੀ ਬੀ ਐਮ ਬੀ ਵਿਚੋਂ ਪੰਜਾਬ ਦੀ ਮੈਂਬਰੀ ਖਤਮ ਕਰਨਾ, ਬਾਰਡਰ ਦੇ 50 ਕਿਲੋਮੀਟਰ ਤੱਕ ਏਰੀਏ ਵਿਚ ਕੇਂਦਰੀ ਬਲਾਂ ਨੂੰ ਕਮਾਨ ਦੇਣਾ, ਐਮ ਐਸ ਪੀ ਦਾ ਮੁੱਦਾ, ਚੰਡੀਗੜ੍ਹ ਯੂਨੀਵਰਸਿਟੀ ਦਾ ਮੁੱਦਾ, ਚੰਡੀਗੜ੍ਹ ਵਿਚ ਤਾਇਨਾਤ ਕਰਮਚਾਰੀਆਂ ਨੂੰ ਕੇਂਦਰ ਦੇ ਅਧੀਨ ਲੈਣਾ, ਚੰਡੀਗੜ੍ਹ ’ਤੇ ਪੰਜਾਬ ਦਾ ਹੱਕ ਖਤਮ ਕਰਨਾ ਦੇ ਮਨਸੂਬੇ ਆਦਿ ਵਰਗੇ ਪੰਜਾਬ ਦੇ ਅਹਿਮ ਸੁਆਲਾਂ ’ਤੇ ਮਾਨ ਸਰਕਾਰ ਦੀ ਗੈਰ ਸੰਜੀਦਗੀ ਅਤੇ ਇਨ੍ਹਾਂ ਸੁਆਲਾਂ ਨੂੰ ਨਾ ਚੱਕਣਾ ਇਸ ਦੀ ਮੁਜਰਮਾਨਾ ਨਾਕਾਮੀ ਹੈ। ਸਾਥੀ ਬਰਾੜ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ, ਕਤਲ, ਡਾਕੇ, ਫਿਰੌਤੀਆਂ, ਲੁੱਟਾਂ-ਖੋਹਾਂ, ਚੋਰੀਆਂ, ਬੇਰੁਜ਼ਗਾਰੀ, ਵਿਦਿਅਕ ਅਦਾਰਿਆਂ ਦਾ ਨਿਘਾਰ, ਪੰਜਾਬ ਦੀ ਜੁਆਨੀ ਦਾ ਵਿਦੇਸ਼ਾਂ ਵੱਲ ਨੂੰ ਪਲਾਇਨ, ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਹੋਰ ਗਰੀਬਾਂ ਉਪਰ ਵਧ ਰਿਹਾ ਕਰਜ਼ੇ ਦਾ ਬੋਝ, ਇਸ ਤੋਂ ਇਲਾਵਾ ਕਾਰਪੋਰੇਟੀ ਨੀਤੀਆਂ ਤਹਿਤ ਠੇਕੇਦਾਰੀ ਸਿਸਟਮ ਤਹਿਤ ਨੌਜੁਆਨਾਂ ਦੀ ਲੁੱਟ, ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ, ਉਨ੍ਹਾਂ ਦੇ ਡੀ ਏ ਦੀਆਂ 4 ਕਿਸ਼ਤਾਂ ਨਾ ਦੇਣ, ਪੇ-ਕਮਿਸ਼ਨ ਦੇ ਬਕਾਏ, ਘੱਟੋ-ਘੱਟ ਉਜਰਤਾਂ ਵਿਚ 12 ਸਾਲਾਂ ਤੋਂ ਕੋਈ ਵਾਧਾ ਨਾ ਕੀਤਾ ਜਾਣਾ, ਨਰੇਗਾ ਨੂੰ ਪੂਰੀ ਤਰ੍ਹਾਂ ਲਾਗੂ ਕਰਾਉਣ ਵਿਚ ਪੂਰੀ ਤਰ੍ਹਾਂ ਨਾਕਾਮੀ ਆਦਿ ਮਸਲੇ ਹੱਲ ਕਰਨ ਵੱਲ ਸਰਕਾਰ ਦਾ ਉਕਾ ਹੀ ਕੋਈ ਧਿਆਨ ਨਹੀਂ। ਮੁੱਖ ਮੰਤਰੀ ਕਿਸੇ ਵਰਗ ਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੰਦੇ। ਸਾਥੀ ਬਰਾੜ ਨੇ ਮੀਟਿੰਗ ਵਿਚ ਜ਼ਿਲ੍ਹਿਆਂ ਦੀ ਮੁੱਖ ਲੀਡਰਸ਼ਿਪ ਨੂੰ ਸੰਗਰੂਰ ਵਿਖੇ 29 ਨਵੰਬਰ ਨੂੰ ਕੀਤੀ ਜਾ ਰਹੀ ਰੈਲੀ ਨੂੰ ਲਾਮਿਸਾਲ ਲਾਮਬੰਦੀ ਕਰਕੇ ਕਾਮਯਾਬ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡਣ ਲਈ ਕਿਹਾ। ਅੰਤ ਵਿਚ ਕਾਮਰੇਡ ਸੁਖਦੇਵ ਸ਼ਰਮਾ ਜ਼ਿਲ੍ਹਾ ਸਕੱਤਰ ਸੰਗਰੂਰ ਨੇ ਰੈਲੀ ਦੇ ਪ੍ਰਬੰਧਾਂ ਬਾਰੇ ਅਤੇ ਇਸ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਵਿਆਖਿਆ ਬੜੇ ਉਤਸ਼ਾਹਜਨਕ ਤਰੀਕੇ ਨਾਲ ਕੀਤੀ। ਸਾਰੇ ਜ਼ਿਲ੍ਹਾ ਸਕੱਤਰਾਂ ਨੇ ਵੀ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।

Related Articles

Latest Articles