ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਿਛਲੇ ਦਿਨੀਂ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਵੱਲੋਂ ਦਿੱਤੇ ਗਏ ਇੱਕ ਬਿਆਨ ਦੇ ਜਵਾਬ ਵਿੱਚ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਇੱਕ ਦਹਿਸ਼ਤਗਰਦ ਪਾਰਟੀ ਹੈ। ਕੁਝ ਲੋਕ ਖੜਗੇ ਦੇ ਬਿਆਨ ਨੂੰ ਲੋੜੋਂ ਵੱਧ ਤਿੱਖਾ ਕਹਿ ਕੇ ਇਸ ਦੀ ਨਿੰਦਾ ਕਰ ਰਹੇ ਹਨ, ਪਰ ਹੈ ਇਹ ਬਿਲਕੁਲ ਹਕੀਕਤ।
ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ । ਖੜਗੇ ਦੇ ਬਿਆਨ ਤੋਂ ਅਗਲੇ ਦਿਨ ਹੀ ਇੱਕ ਘਟਨਾ ਨੇ ਉਸ ਦੇ ਕਹੇ ਨੂੰ ਸੱਚ ਸਾਬਤ ਕਰ ਦਿੱਤਾ। ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਦੇ ਦੋ ਮੁੱਖ ਮੁਲਜ਼ਮਾਂ ਨੂੰ 9 ਅਕਤੂਬਰ ਨੂੰ ਜ਼ਮਾਨਤ ਦੇ ਦਿੱਤੀ ਗਈ ਤੇ 11 ਅਕਤੂਬਰ ਨੂੰ ਉਹ ਜੇਲ੍ਹ ਤੋਂ ਬਾਹਰ ਆ ਗਏ। ਪਰਸੂਰਾਮ ਬਾਘਮੋਰੇ ਤੇ ਮਨੋਹਰ ਯਾਦਵ ਨਾਂਅ ਦੇ ਇਨ੍ਹਾਂ ਮੁਲਜ਼ਮਾਂ ਦੇ ਜੇਲ੍ਹ ਤੋਂ ਬਾਹਰ ਆਉਣ ’ਤੇ ਉਨ੍ਹਾਂ ਦਾ ਹਿੰਦੂਤਵੀ ਸਮੂਹਾਂ ਵੱਲੋਂ ਮਾਲਾ ਪਹਿਨਾ ਕੇ ਸਵਾਗਤ ਕੀਤਾ ਗਿਆ।
ਇਨ੍ਹਾਂ ਦੋਹਾਂ ਦੇ ਸਵਾਗਤ ਲਈ ਦੁਸਹਿਰੇ ਦੇ ਮੌਕੇ ’ਤੇ ਬੇਂਗਲੁਰੂ ਵਿੱਚ ਇੱਕ ਸਵਾਗਤ ਸਮਾਰੋਹ ਕੀਤਾ ਗਿਆ। ਲਾਈਵ ਲਾਅ ਦੀ ਰਿਪੋਰਟ ਅਨੁਸਾਰ ਉਕਤ ਦੋਹਾਂ ਦੇ ਨਾਲ ਬਾਕੀ 8 ਮੁਲਜ਼ਮਾਂ ਨੂੰ ਵੀ ਜ਼ਮਾਨਤ ਦੇ ਦਿੱਤੀ ਗਈ ਸੀ। ਹਿੰਦੂਤਵੀ ਵਿਚਾਰਧਾਰਾ ਦੀ ਕੱਟੜ ਵਿਰੋਧੀ ਪੱਤਰਕਾਰ ਗੌਰੀ ਲੰਕੇਸ਼ ਦੀ 5 ਸਤੰਬਰ 2017 ਨੂੰ ਬੇਂਗਲੁਰੂ ਵਿਖੇ ਉਨ੍ਹਾ ਦੇ ਘਰ ਦੇ ਬਾਹਰ ਮੋਟਰਸਾਈਕਲ ਸਵਾਰ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਹੱਤਿਆ ਨੇ ਪੂਰੇ ਦੇਸ਼ ਨੂੰ ਸੁੰਨ ਕਰਕੇ ਰੱਖ ਦਿੱਤਾ ਸੀ। ਉਨ੍ਹਾ ਦੀ ਹੱਤਿਆ ਦੇ 14 ਮਹੀਨੇ ਬਾਅਦ ਪੁਲਸ ਨੇ 18 ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਸੀ। ਪੇਸ਼ ਕੀਤੀ ਚਾਰਜਸ਼ੀਟ ਵਿੱਚ ਕਿਹਾ ਕਿ ਸੀ ਕਿ ਸਾਰੇ ਮੁਲਜ਼ਮ ਸਨਾਤਨ ਸੰਸਥਾ ਦੇ ਮੈਂਬਰ ਹਨ ਤੇ ਉਹ ਪੰਜ ਸਾਲ ਤੋਂ ਗੌਰੀ ਨੂੰ ਮਾਰਨ ਦੀ ਸਾਜਿਸ਼ ਬਣਾ ਰਹੇ ਸਨ। ਦਸੰਬਰ 2023 ਵਿੱਚ ਮੁੱਖ ਮੰਤਰੀ ਸਿਧਾਰਮੱਈਆ ਨੇ ਇਸ ਮਾਮਲੇ ਵਿੱਚ ਤੇਜ਼ੀ ਲਿਆਉਣ ਲਈ ਇੱਕ ਵਿਸ਼ੇਸ਼ ਅਦਾਲਤ ਦਾ ਗਠਨ ਕੀਤਾ ਸੀ।
ਪਿਛਲੇ ਹਫ਼ਤੇ ਬੇਂਗਲੁਰੂ ਦੀ ਸੈਸ਼ਨ ਅਦਾਲਤ ਨੇ ਇਨ੍ਹਾਂ ਮੁਲਜ਼ਮਾਂਅਮੋਲ ਕਾਲੇ, ਰਾਜੇਸ਼, ਵਾਸੂਦੇਵ, ਰੁਸ਼ੀਕੇਸ਼, ਪਰਸੂਰਾਮ ਬਾਘਮੋਰੇ, ਗਣੇਸ਼, ਅਮਿਤ ਤੇ ਮਨੋਹਰ ਯਾਦਵ ਨੂੰ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਕਰਨਾਟਕ ਹਾਈਕੋਰਟ ਨੇ ਵੀ 4 ਮੁਲਜ਼ਮਾਂ ਭਰਤ, ਸ੍ਰੀਕਾਂਤ, ਸਜੀਤ ਤੇ ਸੰੁਧਵਾ ਨੂੰ ਜ਼ਮਾਨਤ ਦੇ ਦਿੱਤੀ ਸੀ।
ਇੰਡੀਆ ਟੂਡੇ ਦੀ ਇੱਕ ਰਿਪੋਰਟ ਮੁਤਾਬਕ ਇੱਕ ਪ੍ਰਮੁੱਖ ਹਿੰਦੂ ਨੇਤਾ ਨੇ ਕਿਹਾ ਕਿ ‘ਅੱਜ ਵਿਜੇ ਦਸ਼ਮੀ ਦਾ ਦਿਨ ਸਾਡੇ ਲਈ ਮਹੱਤਵਪੂਰਨ ਹੈ। ਸਾਡੇ ਸਾਥੀਆਂ ਪਰਸੂਰਾਮ ਤੇ ਮਨੋਹਰ ਦਾ ਅਸੀਂ ਸਵਾਗਤ ਕਰ ਰਹੇ ਹਾਂ, ਜਿਨ੍ਹਾਂ ਨੂੰ ਗਲਤ ਤਰੀਕੇ ਨਾਲ ਗੌਰੀ ਲੰਕੇਸ਼ ਦੀ ਹੱਤਿਆ ਦੇ ਕੇਸ ਵਿੱਚ ਫਸਾਇਆ ਗਿਆ ਸੀ। ਬੇਂਗਲੁਰੂ ਵਿੱਚ ਹੋਏ ਸਵਾਗਤ ਸਮਾਰੋਹ ਵਿੱਚ ਹਿੰਦੂਤਵੀ ਨੇਤਾ ਉਮੇਸ਼ ਬੰਸਲ ਵੱਲੋਂ ਦੋਹਾਂ ਮੁਲਜ਼ਮਾਂ ਨੂੰ ਸ਼ਾਲ ਤੇ ਫੁੱਲਮਾਲਾ ਪਾ ਕੇ ਸਨਮਾਨਤ ਕੀਤਾ ਗਿਆ। ਇਹ ਸਮਾਰੋਹ ਸੰਘ ਨਾਲ ਜੁੜੀ ਸ੍ਰੀਰਾਮ ਸੈਨਾ ਵੱਲੋਂ ਕਰਾਇਆ ਗਿਆ ਸੀ। ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਅਜਿਹੀ ਘਿਨੌਣੀ ਘਟਨਾ ਜਦੋਂ ਵੀ ਵਾਪਰੀ, ਹਿੰਦੂਤਵੀ ਦੋਸ਼ੀਆਂ ਦਾ ਇਸੇ ਤਰ੍ਹਾਂ ਮਹਿਮਾ ਮੰਡਨ ਕਰਦੇ ਆ ਰਹੇ ਹਨ।