23.9 C
Jalandhar
Thursday, October 17, 2024
spot_img

ਭਾਰਤ ਵੱਲੋਂ ਬੰਦੇ ਮਰਵਾਉਣ ਲਈ ਡਿਪਲੋਮੈਟਾਂ ਦੀ ਵਰਤੋਂ : ਟਰੂਡੋ

ਓਟਾਵਾ : ਭਾਰਤ ਅਤੇ ਕੈਨੇਡਾ ਦਰਮਿਆਨ ਜਾਰੀ ਸਿਖਰਾਂ ਦੇ ਸਫਾਰਤੀ ਤਣਾਅ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗੰਭੀਰ ਦੋਸ਼ ਲਾਉਦਿਆਂ ਕਿਹਾ ਹੈ ਕਿ ਕੈਨੇਡੀਅਨ ਨਾਗਰਿਕਾਂ ਉਤੇ ਉਨ੍ਹਾਂ ਦੇ ਆਪਣੇ ਹੀ ਮੁਲਕ ਵਿਚ ਹਮਲੇ ਕਰਨ ਲਈ ਭਾਰਤ ਵੱਲੋਂ ਆਪਣੇ ਡਿਪਲੋਮੈਟਾਂ ਤੇ ਜਥੇਬੰਦ ਜੁਰਮਾਂ ਨੂੰ ਅੰਜਾਮ ਦੇਣ ਵਾਲਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਕੈਨੇਡਾ ਦੇ ਨਾਗਰਿਕ ਆਪਣੀ ਹੀ ਧਰਤੀ ਉਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾ ਨੇ ਇਸ ਨੂੰ ਭਾਰਤ ਦੀ ਭਾਰੀ ਗਲਤੀ ਕਰਾਰ ਦਿੱਤਾ ਹੈ।
ਸੋਮਵਾਰ ਭਾਰਤ ਵੱਲੋਂ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਅਤੇ ਨਾਲ ਹੀ ਕੈਨੇਡਾ ਵਿਚਲੇ ਭਾਰਤੀ ਹਾਈ ਕਮਿਸ਼ਨਰ ਅਤੇ ਨਿਸ਼ਾਨਾ ਬਣਾਏ ਗਏ ਹੋਰ ਡਿਪਲੋਮੈਟਾਂ ਨੂੰ ਵਾਪਸ ਸੱਦਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਟਰੂਡੋ ਨੇ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਅਤੇ ਨਾਗਰਿਕ ਰੱਖਿਆ ਮੰਤਰੀ ਡੋਮਿਨਿਕ ਨਾਲ ਸਾਂਝੀ ਪ੍ਰੈਸ ਕਾਨਫਰੰਸ ’ਚ ਇਹ ਦੋਸ਼ ਲਾਏ ਹਨ। ਭਾਰਤ ਨੇ ਕੈਨੇਡਾ ਵਿਚ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਨਾਲ ਭਾਰਤੀ ਸਫੀਰਾਂ ਦਾ ਨਾਂਅ ਜੋੜਦਿਆਂ ਓਟਾਵਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕੈਨੇਡਾ ਨੇ ਵੀ ਛੇ ਭਾਰਤੀ ਡਿਪਲੋਮੈਟਾਂ ਨੂੰ ਮੁਲਕ ਵਿੱਚੋਂ ਬਰਤਰਫ ਕਰ ਦਿੱਤਾ ਸੀ। ਭਾਰਤ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਕੈਨੇਡਾ ਦੇ ਦੋਸ਼ਾਂ ਦਾ ਲਗਾਤਾਰ ਜ਼ੋਰਦਾਰ ਖੰਡਨ ਕਰਦਾ ਆ ਰਿਹਾ ਹੈ। ਟਰੂਡੋ ਨੇ ਬੀਤੇ ਸਾਲ ਸਤੰਬਰ ’ਚ ਨਿੱਝਰ ਦੇ ਕਤਲ ਕੇਸ ਵਿਚ ਭਾਰਤੀ ਏਜੰਟਾਂ ਦੀ ‘ਸੰਭਵ’ ਸ਼ਮੂਲੀਅਤ ਦੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਤਣਾਅ ਬਣਿਆ ਹੋਇਆ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰ ਸੀ ਐੱਮ ਪੀ) ਨੇ ਬੀਤੇ ਦਿਨੀਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਸੀ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿਚ ਵੱਡੀ ਪੱਧਰ ’ਤੇ ਹਿੰਸਾ ਫੈਲਾਉਣ ’ਚ ਸ਼ਾਮਲ ਹਨ, ਜਿਸ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤੇ ਬਦ ਤੋਂ ਬਦਤਰ ਹੋ ਗਏ। ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਮੁਤਾਬਕ ਆਰ ਸੀ ਐੱਮ ਪੀ ਨੇ ਕਿਹਾ ਸੀ ਕਿ ਇਸ ਨਾਲ ਕੈਨੇਡਾ ਵਿਚ ਜਨਤਕ ਸੁਰੱਖਿਆ ਲਈ ਭਾਰੀ ਖਤਰਾ ਪੈਦਾ ਹੁੰਦਾ ਹੈ। ਟਰੂਡੋ ਨੇ ਕਿਹਾਮੇਰਾ ਵਿਸ਼ਵਾਸ ਹੈ ਕਿ ਭਾਰਤ ਨੇ ਆਪਣੇ ਡਿਪਲੋਮੈਟਾਂ ਅਤੇ ਜਥੇਬੰਦ ਅਪਰਾਧੀਆਂ ਦੀ ਚੋਣ, ਕੈਨੇਡੀਅਨਾਂ ਉਤੇ ਹਮਲੇ ਕਰਨ ਅਤੇ ਉਨ੍ਹਾਂ ਨੂੰ ਇਥੇ (ਉਨ੍ਹਾਂ ਦੇ) ਘਰ ਵਿਚ ਹੀ ਅਸੁਰੱਖਿਅਤ ਮਹਿਸੂਸ ਕਰਾਉਣ ਅਤੇ ਇੰਨਾ ਹੀ ਨਹੀਂ, ਸਗੋਂ ਹਿੰਸਕ ਕਾਰਵਾਈਆਂ ਤੇ ਕਤਲ ਤੱਕ ਕਰਨ ਲਈ ਮਿਸਾਲੀ ਗਲਤੀ ਕੀਤੀ ਹੈ। ਅਜਿਹਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਟਰੂਡੋ ਨੇ ਇਹ ਵੀ ਕਿਹਾ ਕਿ ਨਿੱਝਰ ਕਾਂਡ ਵਿਚ ਸਬੂਤ ਦੇਣ ਦੇ ਬਾਵਜੂਦ ਭਾਰਤ ਨੇ ਜਾਂਚ ਵਿਚ ਸਹਿਯੋਗ ਨਹੀਂ ਕੀਤਾ। ਉਨ੍ਹਾ ਕਿਹਾ ਕਿ ਜਾਂਚ ਵਿਚ ਨਤੀਜਾ ਨਿਕਲਿਆ ਹੈ ਕਿ ਭਾਰਤ ਸਰਕਾਰ ਦੇ ਛੇ ਏਜੰਟ ਮੁਜਰਮਾਨਾ ਸਰਗਰਮੀਆਂ ਵਿਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਹਨ, ਪਰ ਭਾਰਤ ਸਰਕਾਰ ਨੇ ਸਹਿਯੋਗ ਨਹੀਂ ਕੀਤਾ। ਮੰਤਰੀਆਂ ਨੇ ਕਿਹਾ ਕਿ ਕੈਨੇਡਾ ਨਿੱਝਰ ਕਤਲ ਮਾਮਲੇ ’ਚ ਫਾਈਵ ਆਈਜ਼ ਦੇਸ਼ਾਂ (ਆਸਟ੍ਰੇਲੀਆ, ਨਿਊਜ਼ੀਲੈਂਡ, ਬਿ੍ਰਟੇਨ ਅਤੇ ਅਮਰੀਕਾ) ਨਾਲ ਸਹਿਯੋਗ ਕਰ ਰਿਹਾ ਹੈ। ਟਰੂਡੋ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਸਰ ਕੀਥ ਸਟਾਰਮਰ ਨਾਲ ਸੰਪਰਕ ਕੀਤਾ ਹੈ। ਇਸੇ ਦੌਰਾਨ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਨੇ ਦੋਸ਼ ਲਾਏ ਹਨ ਕਿ ਭਾਰਤ ਸਰਕਾਰ ਦੇ ਏਜੰਟਾਂ ਦੇ ਕੈਨੇਡਾ ’ਚ ਦੱਖਣੀ ਏਸ਼ੀਆਈ ਭਾਈਚਾਰੇ, ਖਾਸਕਰ ਖਾਲਿਸਤਾਨ ਪੱਖੀ ਅਨਸਰਾਂ ਉਤੇ ਹਮਲੇ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧ ਹਨ। ਆਰ ਸੀ ਐੱਮ ਪੀ ਦੇ ਕਮਿਸ਼ਨਰ ਮਾਈਕ ਡੂਹੈਨ ਅਤੇ ਉਨ੍ਹਾ ਦੀ ਦੂਜੇ ਨੰਬਰ ਦੀ ਅਧਿਕਾਰੀ ਬ੍ਰੀਜਿਤ ਗੌਵਿਨ ਨੇ ਸੋਮਵਾਰ ਓਟਾਵਾ ’ਚ ਇੱਕ ਪ੍ਰੈੱਸ ਕਾਨਫਰੰਸ ’ਚ ਦੋਸ਼ ਲਾਇਆ ਕਿ ਭਾਰਤ ਵੱਲੋਂ ਕੈਨੇਡਾ ’ਚ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਉਹ ਖਾਸ ਤੌਰ ’ਤੇ ਕੈਨੇਡਾ ਵਿਚਲੇ ਖਾਲਿਸਤਾਨ ਪੱਖੀ ਅਨਸਰਾਂ ਤੇ ਖਾਲਿਸਤਾਨੀ ਲਹਿਰ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਬੀਬੀ ਗੌਵਿਨ ਨੇ ਕਿਹਾਅਸੀਂ ਜੋ ਆਰ ਸੀ ਐੱਮ ਪੀ ਦੇ ਨਜ਼ਰੀਏ ਤੋਂ ਦੇਖਿਆ, ਉਹ ਇਹ ਹੈ ਕਿ ਉਹ ਜਥੇਬੰਦਕ ਜੁਰਮਾਂ ਨਾਲ ਸੰਬੰਧਤ ਅਨਸਰਾਂ ਦਾ ਇਸਤੇਮਾਲ ਕਰਦੇ ਹਨ।

Related Articles

Latest Articles