23.9 C
Jalandhar
Thursday, October 17, 2024
spot_img

ਜਥੇਦਾਰ ਨੂੰ ਧਮਕਾਉਣ ’ਤੇ ਵਲਟੋਹਾ ਨੂੰ ਅਕਾਲੀ ਦਲ ’ਚੋਂ ਫੌਰਨ ਕੱਢਣ ਦਾ ਆਦੇਸ਼

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)-ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਖਿਲਾਫ ਸਖਤ ਫੈਸਲਾ ਲੈਂਦਿਆਂ ਉਸ ਨੂੰ 10 ਸਾਲ ਲਈ ਦਲ ਦੀ ਮੁਢਲੀ ਮੈਂਬਰਸ਼ਿਪ ਅਤੇ ਹੋਰ ਸਾਰੇ ਅਹੁਦਿਆਂ ਤੋਂ ਬਰਖਾਸਤ ਕਰਨ ਦੇ ਆਦੇਸ਼ ਦਿੱਤੇ ਹਨ। ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਜਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਵਲਟੋਹਾ ਨੂੰ 24 ਘੰਟਿਆਂ ਦੇ ਅੰਦਰ ਦਲ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ ਅਤੇ 10 ਸਾਲ ਲਈ ਪਾਰਟੀ ’ਚ ਸ਼ਾਮਲ ਹੋਣ ਤੋਂ ਰੋਕ ਲਾਈ ਜਾਵੇ। ਇਸ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਹਰਦੇਵ ਸਿੰਘ ਰੋਗਲਾ ਨੂੰ ਵੀ ਡੇਰਾ ਸਿਰਸਾ ਦੇ ਪ੍ਰੇਮੀਆਂ ਦੀ ਪ੍ਰਸੰਸਾ ਕਰਨ ਦੇ ਦੋਸ਼ ਹੇਠ ਤਨਖਾਹ ਲਾਈ ਗਈ ਹੈ।
ਸ੍ਰੀ ਅਕਾਲ ਤਖਤ ਦੇ ਜਥੇਦਾਰ ਖਿਲਾਫ ਲਾਏ ਗਏ ਦੋਸ਼ਾਂ ਦੇ ਮਾਮਲੇ ’ਚ ਮੰਗਲਵਾਰ ਵਲਟੋਹਾ ਨੂੰ ਸ੍ਰੀ ਅਕਾਲ ਤਖਤ ਵਿਖੇ ਸਬੂਤਾਂ ਸਮੇਤ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਸੀ। ਸ੍ਰੀ ਅਕਾਲ ਤਖਤ ਵਿਖੇ ਪੁੱਜਣ ਤੋਂ ਬਾਅਦ ਵਲਟੋਹਾ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਤੋਂ ਸਿੰਘ ਸਾਹਿਬਾਨ ਸੰਤੁਸ਼ਟ ਨਹੀਂ ਹੋਏ।
ਲੱਗਭੱਗ ਦੋ ਘੰਟੇ ਤੋਂ ਵੱਧ ਚੱਲੀ ਪ੍ਰਕਿਰਿਆ ਤੋਂ ਬਾਅਦ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਦੇ ਖਿਲਾਫ ਕੁਝ ਦੋਸ਼ ਸਾਬਤ ਹੋਏ ਹਨ। ਉਨ੍ਹਾ ਕਿਹਾ ਕਿ ਵਲਟੋਹਾ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਮਾਮਲਿਆਂ ’ਚ ਸਖਤ ਫੈਸਲਾ ਲੈਣ ਲਈ ਭਾਜਪਾ ਅਤੇ ਆਰ ਐੱਸ ਐੱਸ ਵੱਲੋਂ ਜਥੇਦਾਰ ਸਾਹਿਬਾਨ ’ਤੇ ਦਬਾਅ ਪਾਏ ਜਾਣ ਸੰਬੰਧੀ ਲਾਏ ਗਏ ਦੋਸ਼ਾਂ ਬਾਰੇ ਉਹ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 11 ਅਕਤੂਬਰ ਨੂੰ ਵਿਰਸਾ ਸਿੰਘ ਵਲਟੋਹਾ ਉਨ੍ਹਾਂ ਦੇ ਘਰ ਉਨ੍ਹਾਂ ਦੀ ਸਿਹਤ ਦਾ ਹਾਲ ਚਾਲ ਪੁੱਛਣ ਲਈ ਆ ਜਾਂਦੇ ਹਨ ਤੇ ਹਾਲ ਚਾਲ ਪੁੱਛਣ ਨੂੰ ਲੈ ਕੇ ਆਪਣਾ ਮੋਬਾਇਲ ਰਿਕਾਡਿੰਗ ’ਤੇ ਲਗਾ ਕੇ ਧਮਕੀ ਦਿੰਦੇ ਹਨ ਕਿ ਜੇਕਰ ਸੁਖਬੀਰ ਸਿੰਘ ਬਾਦਲ ਦੇ ਖਿਲ਼ਾਫ ਕੋਈ ਸਖਤ ਫੈਸਲਾ ਲਿਆ ਤਾਂ ਸਿੱਟੇ ਭੁਗਤਣ ਲਈ ਤਿਆਰ ਰਹੋ। ਹੋ ਸਕਦਾ ਇਹ ਰਿਕਾਡਿੰਗ ਉਨ੍ਹਾਂ ਨੇ ਆਪਣੇ ਬਾਸ ਨੂੰ ਵੀ ਸੁਣਾਈ ਹੋਵੇ।
ਜਥੇਦਾਰ ਨੇ ਕਿਹਾ ਕਿ ਜਥੇਦਾਰ ਨਾਲ ਹੋਈ ਗੱਲਬਾਤ ਦੀ ਬਿਨਾਂ ਦੱਸੇ ਰਿਕਾਰਡਿੰਗ ਕਰਕੇ ਵਲਟੋਹਾ ਨੇ ਵਿਸ਼ਵਾਸਘਾਤ ਕੀਤਾ। ਵਲਟੋਹਾ ਜਥੇਦਾਰ ਸਾਹਿਬਾਨ ਦੀਆਂ ਵਿਦੇਸ਼ਾਂ ’ਚ ਜਾਇਦਾਦਾਂ ਸੰਬੰਧੀ ਦਿੱਤੇ ਗਏ ਬਿਆਨ ਬਾਰੇ ਵੀ ਕੋਈ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕਿਆ। ਵਲਟੋਹਾ ਨੇ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਜੋਂ ਮੀਡੀਆ ’ਚ ਬਦਜ਼ੁਬਾਨੀ ਕਰਕੇ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਦਾ ਵੀ ਨੁਕਸਾਨ ਕੀਤਾ ਹੈ। ਇਸ ਮਾਮਲੇ ’ਚ ਭਾਵੇਂ ਵਲਟੋਹਾ ਵੱਲੋਂ ਲਿਖਤੀ ਰੂਪ ’ਚ ਗਲਤੀਆਂ ਦੀ ਮੁਆਫੀ ਮੰਗੀ ਗਈ ਹੈ ਪਰ ਮੀਡੀਆ ’ਚ ਕੀਤੀ ਗਈ ਬਿਆਨਬਾਜ਼ੀ ਨਾਲ ਤਖਤ ਸਾਹਿਬਾਨ ਦੀ ਮਾਣ ਮਰਿਆਦਾ ਨੂੰ ਭਾਰੀ ਢਾਹ ਲੱਗੀ ਹੈ, ਜਿਸ ਕਰਕੇ ਉਸ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ। ਜਥੇਦਾਰ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਉਸ ਦਾ ਵਤੀਰਾ ਨਾ ਬਦਲਿਆ ਤਾਂ ਉਸ ਖਿਲਾਫ ਹੋਰ ਸਖਤ ਕਾਰਵਾਈ ਕੀਤੀ ਜਾਵੇਗੀ।
ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਅਤੇ ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਸੁਖਦੇਵ ਨੇ ਸਾਂਝੇ ਰੂਪ ਵਿੱਚ ਫੈਸਲਾ ਕੀਤਾ।
ਪ੍ਰੇਮ ਸਿੰਘ ਚੰਦੂਮਾਜਰਾ ਨੇ ਜਥੇਦਾਰਾਂ ਦੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ ਜਦ ਕਿ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲ ਤਖਤ ਦਾ ਹੁਕਮ ਮੰਨਣਾ ਹੀ ਪਵੇਗਾ।ਇਸੇ ਤਰ੍ਹਾਂ ਪ੍ਰੋਫੈਸਰ ਆਫ ਸਿੱਖਇਜ਼ਮ ਸਾਬਕਾ ਆਈ ਏ ਅਫਸਰ ਤੇ ਸਿੱਖ ਚਿੰਤਕ ਗੁਰਤੇਜ ਸਿੰਘ ਨੇ ਕਿਹਾ ਕਿ ਇਸ ਫੈਸਲੇ ਨੂੰ ਸਿਰਫ ਵਾਜਬ ਹੀ ਕਿਹਾ ਜਾ ਸਕਦਾ ਹੈ।

Related Articles

Latest Articles