27.5 C
Jalandhar
Friday, October 18, 2024
spot_img

ਮਹਾਰਾਸ਼ਟਰ ’ਚ ਇੱਕ ਤੇ ਝਾਰਖੰਡ ’ਚ ਦੋ ਗੇੜਾਂ ’ਚ ਵੋਟਾਂ ਪੈਣਗੀਆਂ

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ’ਚ ਪੋਲਿੰਗ 13 ਨਵੰਬਰ ਨੂੰ

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਮੰਗਲਵਾਰ ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾਵਾਂ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਮਹਾਰਾਸ਼ਟਰ ’ਚ ਵੋਟਾਂ ਇੱਕੋ ਗੇੜ ’ਚ 20 ਨਵੰਬਰ ਨੂੰ ਪੈਣਗੀਆਂ, ਜਦੋਂਕਿ ਝਾਰਖੰਡ ’ਚ ਦੋ ਗੇੜਾਂ ’ਚ 13 ਤੇ 20 ਨਵੰਬਰ ਨੂੰ ਪੈਣਗੀਆਂ। ਇਹ ਐਲਾਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪ੍ਰੈਸ ਕਾਨਫਰੰਸ ’ਚ ਕੀਤਾ। ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਹਨ ਅਤੇ ਮੌਜੂਦਾ ਵਿਧਾਨ ਸਭਾ ਦੀ ਮਿਆਦ 26 ਨਵੰਬਰ ਨੂੰ ਪੂਰੀ ਹੋਵੇਗੀ। 25 ਸੀਟਾਂ ਅਨੁਸੂਚਤ ਕਬੀਲਿਆਂ (ਐੱਸ ਟੀ) ਅਤੇ 29 ਅਨੁਸੂਚਤ ਜਾਤਾਂ (ਐੱਸ ਸੀ) ਲਈ ਰਾਖਵੀਆਂ ਹਨ, ਜਦੋਂਕਿ 234 ਸੀਟਾਂ ਜਨਰਲ ਹਨ।
ਝਾਰਖੰਡ ਵਿਧਾਨ ਸਭਾ ਦੀਆਂ 81 ਸੀਟਾਂ ਹਨ ਅਤੇ ਮੌਜੂਦਾ ਵਿਧਾਨ ਸਭਾ ਦੀ ਮਿਆਦ 5 ਜਨਵਰੀ, 2025 ਨੂੰ ਪੂਰੀ ਹੋਵੇਗੀ। 28 ਸੀਟਾਂ ਐੱਸ ਟੀ ਅਤੇ 9 ਐੱਸ ਸੀ ਲਈ ਰਾਖਵੀਆਂ ਹਨ, ਜਦੋਂਕਿ 44 ਸੀਟਾਂ ਜਨਰਲ ਹਨ।
ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਦੀ ਜ਼ਿਮਨੀ ਚੋਣ 13 ਨਵੰਬਰ ਨੂੰ ਹੋਵੇਗੀ। ਇਹ ਹਲਕੇ ਹਨ : ਗਿੱਦੜਬਾਹਾ, ਬਰਨਾਲਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ। ਸਾਰੀਆਂ ਚੋਣਾਂ ਦੇ ਨਤੀਜਿਆਂ ਦਾ ਐਲਾਨ 23 ਨਵੰਬਰ ਨੂੰ ਕੀਤਾ ਜਾਵੇਗਾ। ਪੰਜਾਬ ਵਿਚ ਇਨ੍ਹਾਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਸੀ। ਚੋਣਾਂ ਲੜਨ ਦੇ ਚਾਹਵਾਨਾਂ ਤੇ ਸਿਆਸੀ ਪਾਰਟੀਆਂ ਨੇ ਪਹਿਲਾਂ ਹੀ ਆਪਣੀਆਂ ਸਰਗਰਮੀਆਂ ਵਿੱਢੀਆਂ ਹੋਈਆਂ ਸਨ।
ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਕਾਂਗਰਸ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਖਾਲੀ ਕੀਤੀ ਗਈ ਕੇਰਲਾ ਦੀ ਵਾਇਨਾਡ ਸੀਟ ਤੇ ਮਹਾਰਾਸ਼ਟਰ ਦੀ ਨਾਂਦੇੜ ਸੀਟ ਅਤੇ ਪੰਜਾਬ ਦੇ ਚਾਰ ਅਸੰਬਲੀ ਹਲਕਿਆਂ ਸਮੇਤ ਵੱਖ-ਵੱਖ ਸੂਬਿਆਂ ਦੇ 48 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ। ਵਾਇਨਾਡ ਲੋਕ ਸਭਾ ਅਤੇ ਪੰਜਾਬ ਦੇ ਚਾਰ ਸਣੇ 47 ਵਿਧਾਨ ਸਭਾ ਹਲਕਿਆਂ ’ਚ ਵੋਟਾਂ 13 ਨਵੰਬਰ ਨੂੰ ਪੈਣਗੀਆਂ, ਜਦੋਂਕਿ ਨਾਂਦੇੜ (ਮਹਾਰਾਸ਼ਟਰ) ਹਲਕੇ ’ਚ 20 ਨਵੰਬਰ ਨੂੰ ਪੈਣਗੀਆਂ। ਉੱਤਰਾਖੰਡ ਦੇ ਇਕ ਵਿਧਾਨ ਸਭਾ ਹਲਕੇ ਕੇਦਾਰਨਾਥ ਦੀ ਜ਼ਿਮਨੀ ਚੋਣ 20 ਨਵੰਬਰ ਨੂੰ ਹੋਵੇਗੀ।
ਕੁੱਲ ਮਿਲਾ ਕੇ ਦੇਸ਼ ਦੇ 15 ਸੂਬਿਆਂ ’ਚ ਜ਼ਿਮਨੀ ਚੋਣਾਂ ਹੋਣਗੀਆਂ, ਜਿਨ੍ਹਾਂ ਵਿਚ ਵਾਇਨਾਡ ਤੇ ਨਾਂਦੇੜ ਦੇ ਲੋਕਸਭਾ ਹਲਕੇ ਸ਼ਾਮਲ ਹਨ। ਜਿਨ੍ਹਾਂ ਵਿਧਾਨਸਭਾ ਹਲਕਿਆਂ ’ਚ ਜ਼ਿਮਨੀ ਚੋਣਾਂ ਲਈ ਵੋਟਾਂ ਪੈਣੀਆਂ ਹਨ ਉਨ੍ਹਾਂ ’ਚ ਪੰਜਾਬ ਤੋਂ ਇਲਾਵਾ ਯੂ ਪੀ ਦੇ ਨੌਂ, ਰਾਜਸਥਾਨ ਦੇ ਸੱਤ, ਬੰਗਾਲ ਦੇ ਛੇ, ਅਸਾਮ ਦੇ ਪੰਜ, ਬਿਹਾਰ ਦੇ ਚਾਰ, ਕਰਨਾਟਕ ਦੇ ਤਿੰਨ, ਕੇਰਲ, ਮੱਧ ਪ੍ਰਦੇਸ਼, ਸਿੱਕਮ ਦੇ ਦੋ-ਦੋ ਅਤੇ ਛੱਤੀਸਗੜ੍ਹ, ਗੁਜਰਾਤ, ਮੇਘਾਲਿਆ ਅਤੇ ਉੱਤਰਾਖੰਡ ਦੇ ਇਕ-ਇਕ ਹਲਕੇ ਹਨ।

 

Related Articles

Latest Articles