25.3 C
Jalandhar
Thursday, October 17, 2024
spot_img

ਕੈਨੇਡਾ ਤੋਂ ਬਾਅਦ ਭਾਰਤ ਦਾ ਅਮਰੀਕਾ ਨਾਲ ਤਣਾਅ ਪੈਦਾ ਹੋਣ ਦਾ ਖਦਸ਼ਾ

ਨਵੀਂ ਦਿੱਲੀ : ਕੈਨੇਡਾ ਤੋਂ ਬਾਅਦ ਭਾਰਤ ਦਾ ਅਮਰੀਕਾ ਨਾਲ ਤਣਾਅ ਪੈਦਾ ਹੋਣ ਦਾ ਖਦਸ਼ਾ ਬਣ ਗਿਆ ਹੈ, ਕਿਉਂਕਿ ਅਮਰੀਕਾ ਨੇ ਸਿੱਖਸ ਫਾਰ ਜਸਟਿਸ ਦੇ ਖਾਲਿਸਤਾਨ ਪੱਖੀ ਆਗੂ ਗੁਰਪਤਵੰਤ ਸਿੰਘ ਪਨੂੰ ਦੇ ਕਤਲ ਦੀ ਨਾਕਾਮ ਸਾਜ਼ਿਸ਼ ਦੇ ਸੰਬੰਧ ਵਿਚ ਇਕ ਭਾਰਤੀ ਪੁਲਸ ਅਫਸਰ ਖਿਲਾਫ ਭਾਰਤ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਇਸ ਮਾਮਲੇ ਵਿਚ ਇਸ ਭਾਰਤੀ ਅਫਸਰ ਵੱਲ ਉਂਗਲ ਉਠਾਈ ਹੈ।
‘ਕੁਝ ਖਾਸ ਵਿਅਕਤੀਆਂ’ ਦੀਆਂ ਸਰਗਰਮੀਆਂ ਦੀ ਜਾਂਚ ਲਈ ਕਾਇਮ ਭਾਰਤੀ ਜਾਂਚ ਕਮੇਟੀ ਪਹਿਲਾਂ ਹੀ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਪੁੱਜੀ ਹੋਈ ਹੈ, ਜਿਸ ਵਿਚ ਉਪ ਕੌਮੀ ਸੁਰੱਖਿਆ ਸਲਾਹਕਾਰ ਵੀ ਸ਼ਾਮਲ ਹਨ।
ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਸੰਬੰਧੀ ਕਿਹਾ ਹੈਭਾਰਤੀ ਧਿਰ 14 ਅਕਤੂਬਰ ਨੂੰ ਉਸ ਵਿਅਕਤੀ ਬਾਰੇ ਸਰਗਰਮੀ ਨਾਲ ਜਾਂਚ ਕਰ ਰਹੀ ਸੀ, ਜਿਸ ਦੀ ਬੀਤੇ ਸਾਲ ਅਮਰੀਕੀ ਨਿਆਂ ਵਿਭਾਗ ਦੇ ਦੋਸ਼ਾਂ ਵਿਚ ‘ਭਾਰਤ ਸਰਕਾਰ ਦੇ ਉਸ ਮੁਲਾਜ਼ਮ’ ਵਜੋਂ ਸ਼ਨਾਖਤ ਕੀਤੀ ਗਈ ਸੀ, ਜਿਸ ਨੇ ਨਿਊ ਯਾਰਕ ਸਿਟੀ ਵਿਚ ਇਕ ਅਮਰੀਕੀ ਨਾਗਰਿਕ (ਪਨੂੰ) ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਘੜੀ ਸੀ।
ਨਿਆਂ ਵਿਭਾਗ ਵੱਲੋਂ ਇਸ ਭਾਰਤੀ ਮੁਲਾਜ਼ਮ ਨੂੰ ‘ਸੀ ਸੀ-1’ ਕੋਡ ਨਾਂਅ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ‘ਸੀ ਸੀ-1’ ਇਕ ਪੁਲਸ ਅਫਸਰ ਹੈ, ਜਿਹੜਾ ਉਸ ਵੇਲੇ ਉੱਤਰੀ ਅਮਰੀਕਾ ਵਿਚ ਤਾਇਨਾਤ ਸੀ ਤੇ ਹੁਣ ਭਾਰਤ ਵਿਚ ਤਾਇਨਾਤ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਹੋਰ ਕਿਹਾਇਸ ਤੋਂ ਇਲਾਵਾ, ਭਾਰਤ ਨੇ ਅਮਰੀਕਾ ਨੂੰ ਦੱਸਿਆ ਹੈ ਕਿ ਉਸ ਵੱਲੋਂ ਇਕ ਸਾਬਕਾ ਸਰਕਾਰੀ ਮੁਲਾਜ਼ਮ ਦੇ ਹੋਰ ਸੰਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋੜ ਪੈਣ ਉਤੇ ਇਸ ਸੰਬੰਧੀ ਅਗਲੇਰੇ ਕਦਮ ਚੁੱਕੇ ਜਾਣਗੇ।
ਇਸ ਤੋਂ ਇਲਾਵਾ ਬੀਤੇ ਸਤੰਬਰ ਮਹੀਨੇ ਅਮਰੀਕਾ ਦੀ ਨਿਊ ਯਾਰਕ ਸਥਿਤ ਇਕ ਸੰਘੀ ਅਦਾਲਤ ਨੇ ਪਨੂੰ ਵੱਲੋਂ ਦਾਇਰ ਇਕ ਮੁਕੱਦਮੇ ਦੇ ਆਧਾਰ ਉਤੇ ਭਾਰਤ ਸਰਕਾਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਹੋਰਨਾਂ ਖਿਲਾਫ ਸੰਮਨ ਜਾਰੀ ਕੀਤੇ ਸਨ। ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਨਾਵਾਜਬ ਅਤੇ ਬੇਬੁਨਿਆਦ ਦੋਸ਼ਾਂ ਉਤੇ ਆਧਾਰਤ ਕਰਾਰ ਦਿੱਤਾ ਸੀ। ਸੰਮਨਾਂ ਵਿਚ ਭਾਰਤ ਸਰਕਾਰ ਤੇ ਡੋਵਾਲ ਤੋਂ ਇਲਾਵਾ ਰਾਅ ਦੇ ਸਾਬਕਾ ਮੁਖੀ ਸਾਮੰਤ ਗੋਇਲ, ਰਾਅ ਦੇ ਬੰਦੇ ਵਿਕਰਮ ਯਾਦਵ ਅਤੇ ਭਾਰਤੀ ਕਾਰੋਬਾਰੀ ਨਿਖਿਲ ਗੁਪਤਾ ਦੇ ਨਾਂਅ ਵੀ ਹਨ। ਗੌਰਤਲਬ ਹੈ ਕਿ ਨਿਖਿਲ ਗੁਪਤਾ ਇਸ ਮਾਮਲੇ ਵਿਚ ਪਹਿਲਾਂ ਹੀ ਅਮਰੀਕਾ ਦੀ ਹਿਰਾਸਤ ਵਿਚ ਹੈ।
ਅਮਰੀਕਾ ਨੇ ਮੰਗਲਵਾਰ ਦੋਸ਼ ਲਾਇਆ ਕਿ ਭਾਰਤ ਪਿਛਲੇ ਸਾਲ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਜਾਂਚ ’ਚ ਕੈਨੇਡਾ ਦਾ ਸਹਿਯੋਗ ਨਹੀਂ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਯੂ ਮਿਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾਕੈਨੇਡਾ ਮਾਮਲੇ ਦੀ ਗੱਲ ਕਰੀਏ ਤਾਂ ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਮਾਮਲਾ ਬਹੁਤ ਗੰਭੀਰ ਹੈ, ਅਸੀਂ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਕੈਨੇਡਾ ਨਾਲ ਜਾਂਚ ’ਚ ਸਹਿਯੋਗ ਕਰੇ। ਜ਼ਾਹਰ ਹੈ, ਉਨ੍ਹਾਂ ਨੇ ਇਹ ਰਸਤਾ ਨਹੀਂ ਚੁਣਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਦਿਨ ਪਹਿਲਾਂ ਦੋਸ਼ ਲਾਏ ਸਨ ਕਿ ਪਿਛਲੇ ਸਾਲ ਜੂਨ ਵਿਚ ਨਿੱਝਰ ਦੀ ਹੱਤਿਆ ਵਿਚ ਭਾਰਤ ਸਰਕਾਰ ਦੇ ਅਧਿਕਾਰੀ ਸ਼ਾਮਲ ਸਨ। ਟਰੂਡੋ ਨੇ ਦਾਅਵਾ ਕੀਤਾ ਕਿ ਦੇਸ਼ ਦੀ ਕੌਮੀ ਪੁਲਸ ਫੋਰਸ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਕੋਲ ਸਪੱਸ਼ਟ ਅਤੇ ਪੱਕੇ ਸਬੂਤ ਹਨ ਕਿ ਭਾਰਤ ਸਰਕਾਰ ਦੇ ਏਜੰਟ ਜਨਤਕ ਸੁਰੱਖਿਆ ਲਈ ਮਹੱਤਵਪੂਰਨ ਖਤਰਾ ਪੈਦਾ ਕਰਨ ਵਾਲੀਆਂ ਗਤੀਵਿਧੀਆਂ ’ਚ ਸ਼ਾਮਲ ਰਹੇ ਹਨ ਅਤੇ ਹੁਣ ਵੀ ਸ਼ਾਮਲ ਹਨ।

Related Articles

Latest Articles