ਰਾਂਚੀ : ਭਾਜਪਾ ਝਾਰਖੰਡ ਵਿਧਾਨ ਸਭਾ ਚੋਣਾਂ ਐੱਨ ਡੀ ਏ ਸਹਿਯੋਗੀਆਂ ਆਲ ਝਾਰਖੰਡ ਸਟੂਡੈਂਟਸ ਯੂਨੀਅਨ, ਜਨਤਾ ਦਲ (ਯੂਨਾਈਟਿਡ) ਅਤੇ ਲੋਕ ਜਨਸ਼ਕਤੀ ਪਾਰਟੀ ਨਾਲ ਮਿਲ ਕੇ ਲੜੇਗੀ। ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਸ਼ੁੱਕਰਵਾਰ ਇੱਥੇ ਦੱਸਿਆ ਕਿ ਸਮਝੌਤੇ ਅਨੁਸਾਰ ਆਲ ਝਾਰਖੰਡ ਸਟੂਡੈਂਟਸ ਯੂਨੀਅਨ 10 ਸੀਟਾਂ ’ਤੇ, ਜਨਤਾ ਦਲ ਯੂਨਾਈਟਡ 2 ਸੀਟਾਂ ’ਤੇ ਅਤੇ ਲੋਕ ਜਨਸ਼ਕਤੀ ਪਾਰਟੀ ਚਤਰਾ ਦੀ ਇਕਲੌਤੀ ਸੀਟ ’ਤੇ ਚੋਣ ਲੜੇਗੀ। ਭਾਜਪਾ ਬਾਕੀ 68 ਸੀਟਾਂ ’ਤੇ ਚੋਣ ਲੜੇਗੀ।
ਓ ਟੀ ਟੀ ਦੀ ਨਿਗਰਾਨੀ ਲਈ ਖੁਦਮੁਖਤਾਰ ਸੰਸਥਾ ਬਣਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਉਸ ਜਨਹਿੱਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਕੇਂਦਰ ਨੂੰ ਓ ਟੀ ਟੀ ਅਤੇ ਹੋਰ ਸਮਗਰੀ ਦੀ ਨਿਗਰਾਨੀ ਕਰਨ ਅਤੇ ਫਿਲਟਰ ਕਰਨ ਲਈ ਇਕ ਖੁਦਮੁਖਤਾਰ ਸੰਸਥਾ ਸਥਾਪਤ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਜੇ ਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਅਜਿਹਾ ਮੁੱਦਾ ਕਾਰਜਕਾਰੀ ਦੇ ਨੀਤੀ ਨਿਰਧਾਰਨ ਖੇਤਰ ’ਚ ਆਉਂਦਾ ਹੈ ਅਤੇ ਇਸ ਲਈ ਵੱਖ-ਵੱਖ ਹਿੱਸੇਦਾਰਾਂ ਨਾਲ ਵਿਆਪਕ ਸਲਾਹ-ਮਸ਼ਵਰੇ ਦੀ ਲੋੜ ਹੁੰਦੀ ਹੈ। ਚੀਫ ਜਸਟਿਸ ਨੇ ਕਿਹਾਇਹ ਜਨਹਿੱਤ ਪਟੀਸ਼ਨਾਂ ਦੀ ਸਮੱਸਿਆ ਹੈ। ਉਹ ਸਾਰੀਆਂ ਹੁਣ ਨੀਤੀ ਮਾਮਲਿਆਂ ’ਤੇ ਹੁੰਦੀਆਂ ਹਨ ਅਤੇ ਅਸੀਂ ਅਸਲ ਜਨਹਿੱਤ ਪਟੀਸਨਾਂ ਤੋਂ ਖੁੰਝ ਜਾਂਦੇ ਹਾਂ। ਜਨਹਿੱਤ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਸਸ਼ਾਂਕ ਸ਼ੇਖਰ ਝਾਅ ਨੇ ਕਿਹਾ ਕਿ ਉਸ ਨੂੰ ਪਟੀਸ਼ਨ ਵਾਪਸ ਲੈਣ ਅਤੇ ਸ਼ਿਕਾਇਤਾਂ ਨਾਲ ਸੰਬੰਧਤ ਕੇਂਦਰੀ ਮੰਤਰਾਲੇ ਕੋਲ ਜਾਣ ਦੀ ਇਜਾਜ਼ਤ ਦਿੱਤੀ ਜਾਵੇ, ਹਾਲਾਂਕਿ ਚੀਫ ਜਸਿਟਸ ਨੇ ਇਸ ਨੂੰ ਖਾਰਜ ਕਰ ਦਿੱਤਾ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਓ ਟੀ ਟੀ ਸਮਗਰੀ ਦੀ ਨਿਗਰਾਨੀ/ਨਿਯੰਤ੍ਰਤ ਕਰਨ ਲਈ ਕੋਈ ਅਜਿਹੀ ਸੰਸਥਾ ਉਪਲੱਬਧ ਨਹੀਂ ਹੈ ਅਤੇ ਉਹ ਸਿਰਫ ਸਵੈ-ਨਿਯਮਾਂ ਦੁਆਰਾ ਬੰਨ੍ਹੇ ਹੋਏ ਹਨ, ਜੋ ਸਹੀ ਢੰਗ ਨਾਲ ਦਰਜ ਨਹੀਂ ਕੀਤੇ ਗਏ ਅਤੇ ਵਿਵਾਦਪੂਰਨ ਸਮਗਰੀ ਨੂੰ ਬਿਨਾਂ ਕਿਸੇ ਚੈੱਕ ਅਤੇ ਬੈਲੇਂਸ ਦੇ ਵੱਡੇ ਪੱਧਰ ’ਤੇ ਜਨਤਾ ਨੂੰ ਦਿਖਾਇਆ ਗਿਆ ਹੈ। 40 ਤੋਂ ਵੱਧ ਓ ਟੀ ਟੀ ਅਤੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਨਾਗਰਿਕਾਂ ਨੂੰ ਭੁਗਤਾਨ, ਵਿਗਿਆਪਨ ਸਮੇਤ ਅਤੇ ਮੁਫਤ ਸਮਗਰੀ ਪ੍ਰਦਾਨ ਕਰ ਰਹੇ ਹਨ ਅਤੇ ਧਾਰਾ 19 ’ਚ ਦਿੱਤੇ ਗਏ ਪ੍ਰਗਟਾਵੇ ਦੇ ਅਧਿਕਾਰ ਦੀ ਦੁਰਵਰਤੋਂ ਕਰਦੇ ਹਨ।