ਇਨਫੋਸਿਸ ਦੇ 286 ਕਰੋੜ ਦੇ ਕੈਂਪਸ ਦਾ ਨੀਂਹ ਪੱਥਰ ਰੱਖਿਆ

0
5

ਮੁਹਾਲੀ, (ਗੁਰਜੀਤ ਬਿੱਲਾ, ਕਿ੍ਰਸ਼ਨ ਗਰਗ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਆਖਿਆ ਕਿ ਪੰਜਾਬ ਆਪਣੀ ਉਦਯੋਗਿਕ ਤਰੱਕੀ ਵਿੱਚ ਫੈਸਲਾਕੁਨ ਬਦਲਾਅ ਦੇਖ ਰਿਹਾ ਹੈ, 2022 ਤੋਂ ਪਹਿਲਾਂ ਵਾਲੀ ਲੁੱਟ-ਖਸੁੱਟ ਤੋਂ ਬਾਅਦ ਹੁਣ ਵਿਸ਼ਵ-ਵਿਆਪੀ ਨਿਵੇਸ਼ਕ ਸੂਬੇ ਵਿੱਚ ਵਾਪਸ ਆ ਰਹੇ ਹਨ। ਮੁਹਾਲੀ ਵਿੱਚ ਇਨਫੋਸਿਸ ਦੇ 286 ਕਰੋੜ ਰੁਪਏ ਦੇ ਲਾਗਤ ਵਾਲੇ ਕੈਂਪਸ ਦੇ ਨੀਂਹ ਪੱਥਰ ਸਮਾਗਮ ਤੋਂ ਬਾਅਦ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ 2,700 ਨੌਜਵਾਨਾਂ ਲਈ ਰੁਜ਼ਗਾਰ ਦੇ ਸਿੱਧੇ ਮੌਕੇ ਅਤੇ ਹਜ਼ਾਰਾਂ ਹੋਰਨਾਂ ਲਈ ਰੁਜ਼ਗਾਰ ਦੇ ਅਸਿੱਧੇ ਮੌਕੇ ਮੁਹੱਈਆ ਕਰੇਗਾ।ਮੁੱਖ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ਸਰਕਾਰ ਮਾਰਚ 2022 ਤੋਂ ਲੈ ਕੇ ਹੁਣ ਤੱਕ 1.55 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵ ਪਹਿਲਾਂ ਹੀ ਪ੍ਰਾਪਤ ਕਰ ਚੁੱਕੀ ਹੈ, ਜਿਸ ਨਾਲ 5.44 ਲੱਖ ਤੋਂ ਵੱਧ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਉਨ੍ਹਾ ਕਿਹਾ ਕਿ ਮੁਹਾਲੀ ਵਿੱਚ 13 ਤੋਂ 15 ਮਾਰਚ ਤੱਕ ਹੋਣ ਵਾਲਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਸੂਬੇ ਦੀ ਉਦਯੋਗਿਕ ਤਰੱਕੀ ਲਈ ਯਾਦਗਾਰੀ ਪਲ ਹੋਵੇਗਾ, ਜਿਸ ਵਿੱਚ ਅਗਲੇ ਤਿੰਨ ਦਿਨ ਪੰਜਾਬ ਦੇ ਆਰਥਿਕ ਵਿਕਾਸ ਲਈ ਸਫ਼ਲਤਾ ਦੀ ਨਵੀਂ ਕਹਾਣੀ ਲਿਖਣਗੇ।ਸੂਚਨਾ ਤਕਨਾਲੋਜੀ ਵਿੱਚ ਵਿਸ਼ਵ ਪ੍ਰਸਿੱਧ ਕੰਪਨੀ ਇਨਫੋਸਿਸ ਦੇ ਨੁਮਾਇੰਦਿਆਂ ਦਾ ਸਵਾਗਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ ਵਿੱਚ ਵਿਸ਼ਵਾਸ ਪ੍ਰਗਟ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਮਾਨ ਨੇ ਕਿਹਾ, ‘ਅੱਜ ਪੰਜਾਬ ਲਈ ਖ਼ਾਸ ਕਰ ਕੇ ਉਦਯੋਗਿਕ ਖੇਤਰ ਲਈ ਇਤਿਹਾਸਕ ਦਿਨ ਹੈ। ਮੈਂ ਆਲਮੀ ਕੰਪਨੀ ਇਨਫੋਸਿਸ ਦੇ ਨੁਮਾਇੰਦਿਆਂ ਦਾ ਨਿੱਘਾ ਸਵਾਗਤ ਕਰਦਾ ਹਾਂ ਅਤੇ ਸਾਡੀ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ ਵਿੱਚ ਵਿਸ਼ਵਾਸ ਦਿਖਾਉਣ ਲਈ ਉਨ੍ਹਾ ਦਾ ਧੰਨਵਾਦ ਕਰਦਾ ਹਾਂ। ਮੈਂ ਦੇਸ਼ ਦੀ ਆਰਥਿਕ ਤਰੱਕੀ ਵਿੱਚ ਇਨਫੋਸਿਸ ਦੇ ਬਾਨੀ ਐੱਨ ਆਰ ਨਾਰਾਇਣ ਮੂਰਤੀ ਦੇ ਅਥਾਹ ਯੋਗਦਾਨ ਨੂੰ ਵੀ ਯਾਦ ਕਰਦਾ ਹਾਂ। ’ ਮੁੱਖ ਮੰਤਰੀ ਨੇ ਕਿਹਾ, ‘ਇਸ ਪ੍ਰਾਜੈਕਟ ਤਹਿਤ ਪਹਿਲੇ ਪੜਾਅ ਵਿੱਚ ਇਕ ਏਕੀ�ਿਤ ਕੈਂਪਸ ਸਥਾਪਤ ਕੀਤਾ ਜਾਵੇਗਾ, ਜਿਸ ਵਿੱਚ ਇਕ ਸਾਫਟਵੇਅਰ ਡਿਵੈੱਲਪਮੈਂਟ ਬਲਾਕ, ਫੂਡ ਕੋਰਟ ਅਤੇ ਹੋਰ ਸਹੂਲਤਾਂ ਸ਼ਾਮਲ ਹੋਣਗੀਆਂ। ਕੈਂਪਸ ਵਿੱਚ 3.50 ਲੱਖ ਵਰਗ ਫੁੱਟ ਦਾ ਰਕਬਾ ਨਿਰਮਾਣ ਅਧੀਨ ਹੋਵੇਗਾ, ਜਿਸ ਵਿੱਚ ਤਿੰਨ ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਪੰਜਾਬ ਸਰਕਾਰ ਇਸ ਪ੍ਰਾਜੈਕਟ ਲਈ ਇਨਫੋਸਿਸ ਨੂੰ ਪੂਰਾ ਸਹਿਯੋਗ ਦੇਵੇਗੀ, ਜਿਸ ਨਾਲ ਹੋਰ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਤ ਹੋਣਗੀਆਂ ਅਤੇ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ।ਮੁੱਖ ਮੰਤਰੀ ਨੇ ਇਹ ਵੀ ਸਾਂਝਾ ਕੀਤਾ ਕਿ 20 ਮਾਰਚ ਨੂੰ 3,200 ਕਰੋੜ ਦੇ ਨਿਵੇਸ਼ ਨਾਲ ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਟਾ ਸਟੀਲ ਪ੍ਰਾਜੈਕਟ ਦਾ ਉਦਘਾਟਨ ਲੁਧਿਆਣਾ ਵਿੱਚ ਕੀਤਾ ਜਾਵੇਗਾ। ਇਹ ਪ੍ਰਾਜੈਕਟ 2,500 ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ ਅਤੇ ਪੰਜਾਬ ਦੇ ਆਰਥਿਕ ਵਿਕਾਸ ਨੂੰ ਤੇਜ਼ ਕਰੇਗਾ। ਮਾਨ ਨੇ ਖੁਲਾਸਾ ਕੀਤਾ ਕਿ ਮਾਰਚ 2022 ਤੋਂ ਪੰਜਾਬ ਨੂੰ 1.55 ਕਰੋੜ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਸ ਨਾਲ 5.44 ਲੱਖ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਹੋਵੇਗਾ।
ਉਨ੍ਹਾ ਕਿਹਾ ਕਿ ਸਾਲ 2022 ਤੋਂ ਪਹਿਲਾਂ ਉਦਯੋਗਪਤੀਆਂ ਨੂੰ ਦਬਾਅ ਅਤੇ ਜਬਰੀ ਵਸੂਲੀ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਕਾਰਨ ਬਹੁਤ ਸਾਰੇ ਉਦਯੋਗਾਂ ਨੂੰ ਪੰਜਾਬ ਛੱਡਣ ਲਈ ਮਜਬੂਰ ਹੋਣਾ ਪਿਆ ਜਿਸ ਨਾਲ ਸੂਬੇ ਦੇ ਆਰਥਿਕ ਵਿਕਾਸ ਵਿੱਚ ਵੱਡੀ ਰੁਕਾਵਟ ਆਈ। ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੀ ਮੌਜੂਦ ਸਨ।