ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਜੰਮੂ-ਕਸ਼ਮੀਰ ਡੈਮੋਕਰੇਟਿਕ ਫਰੀਡਮ ਪਾਰਟੀ ਦੇ ਆਗੂ ਸ਼ਬੀਰ ਅਹਿਮਦ ਸ਼ਾਹ ਨੂੰ ਜੰਮੂ-ਕਸ਼ਮੀਰ ਵਿੱਚ ਦਹਿਸ਼ਤਗਰਦਾਂ ਨੂੰ ਫੰਡਿੰਗ ਤੇ ਵੱਖਵਾਦੀ ਸਰਗਰਮੀਆਂ ਦੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ। ਜਸਟਿਸ ਵਿਕਰਮ ਨਾਥ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਵੱਲੋਂ ਦਰਜ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਜ਼ਮਾਨਤ ਤੋਂ ਨਾਂਹ ਕਰਨ ਦੇ 12 ਜੂਨ 2025 ਦੇ ਫੈਸਲੇ ਵਿਰੁੱਧ ਅਪੀਲ ਦੀ ਸੁਣਵਾਈ ਕਰਦਿਆਂ ਸ਼ਾਹ ਨੂੰ ਰਾਹਤ ਦਿੱਤੀ ਹੈ। ਸ਼ਾਹ ’ਤੇ ਦੋਸ਼ ਸੀ ਕਿ ਉਸ ਨੇ ਲੋਕਾਂ ਨੂੰ ਵੱਖਵਾਦ ਦੇ ਹੱਕ ਵਿੱਚ ਨਾਅਰੇ ਲੁਆ ਕੇ, ਮਾਰੇ ਜਾਣ ਵਾਲੇ ਦਹਿਸ਼ਤਗਰਦਾਂ ਨੂੰ ਸ਼ਹੀਦ ਕਰਾਰ ਦੇ ਕੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਤੇ ਵੱਖਵਾਦੀਆਂ ਨੂੰ ਉਤਸ਼ਾਹਤ ਕੀਤਾ। ਉਸ ਨੇ ਹਵਾਲਾ ਅਤੇ ਲਾਈਨ ਆਫ ਕੰਟਰੋਲ ਰਾਹੀਂ ਵਪਾਰ ਕਰਕੇ ਫੰਡ ਇਕੱਠਾ ਕੀਤਾ। ਉਹ ‘ਆਜ਼ਾਦੀ’ ਦੇ ਪਰਦੇ ਹੇਠ ਜੰਮੂ-ਕਸ਼ਮੀਰ ਨੂੰ ਭਾਰਤ ਨਾਲੋਂ ਅੱਡ ਕਰਾਉਣ ਲਈ ਸਰਗਰਮ ਸੀ। ਸ਼ਬੀਰ ਸ਼ਾਹ 4 ਜੂਨ 2019 ਤੋਂ ਜੇਲ੍ਹ ਵਿੱਚ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਕਾਫੀ ਚਿਰ ਤੋਂ ਜੇਲ੍ਹ ਵਿੱਚ ਹੈ ਤੇ ਮੁਕੱਦਮਾ ਕਿਸੇ ਪਾਸੇ ਲੱਗ ਨਹੀਂ ਰਿਹਾ।



