ਬੇਂਗਲੁਰੂ : ਨਿਊਜ਼ੀਲੈਂਡ ਨੇ ਭਾਰਤ ਖਿਲਾਫ ਪਹਿਲਾ ਟੈਸਟ ਮੈਚ ਐਤਵਾਰ ਅੱਠ ਵਿਕਟਾਂ ਨਾਲ ਜਿੱਤ ਲਿਆ। ਉਸ ਦੀ 36 ਸਾਲਾਂ ਵਿਚ ਭਾਰਤ ’ਚ ਇਹ ਪਹਿਲੀ ਟੈਸਟ ਜਿੱਤ ਹੈ। ਨਿਊਜ਼ੀਲੈਂਡ ਨੇ ਮੈਚ ਦੇ ਪੰਜਵੇਂ ਦਿਨ ਭਾਰਤ ਵੱਲੋਂ ਦਿੱਤੇ 107 ਦੌੜਾਂ ਦੇ ਟੀਚੇ ਨੂੰ ਦੋ ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਕਪਤਾਨ ਵਿਲ ਯੰਗ (ਨਾਬਾਦ 48) ਤੇ ਰਚਿਨ ਰਵਿੰਦਰਾ (ਨਾਬਾਦ 39) ਨੇ ਤੀਜੇ ਵਿਕਟ ਲਈ 75 ਦੌੜਾਂ ਦੀ ਭਾਈਵਾਲੀ ਕੀਤੀ। ਦੂਜਾ ਟੈਸਟ ਮੈਚ 24 ਅਕਤੂਬਰ ਤੋਂ ਪੁਣੇ ਵਿਚ ਖੇਡਿਆ ਜਾਵੇਗਾ।
ਜਹਾਜ਼ ਉਡਾਉਣ ਦੀਆਂ 24 ਧਮਕੀਆਂ
ਨਵੀਂ ਦਿੱਲੀ : ਪਿਛਲੇ ਕੁਝ ਦਿਨਾਂ ਤੋਂ ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਐਤਵਾਰ ਵੀ ਜਾਰੀ ਰਿਹਾ ਜਦੋਂ ਭਾਰਤੀ ਏਅਰਲਾਈਨਾਂ ਦੀਆਂ 24 ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਸੂਤਰਾਂ ਨੇ ਕਿਹਾ ਕਿ ਜਿਨ੍ਹਾਂ ਏਅਰਲਾਈਨਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿਚ ਇੰਡੀਗੋ, ਵਿਸਤਾਰਾ, ਅਕਾਸਾ ਏਅਰ ਤੇ ਏਅਰ ਇੰਡੀਆ ਵੀ ਸ਼ਾਮਲ ਹਨ। ਇੰਡੀਗੋ, ਵਿਸਤਾਰਾ ਤੇ ਏਅਰ ਇੰਡੀਆ ਦੀਆਂ 6-6 ਉਡਾਣਾਂ ਨੂੰ ਧਮਕੀ ਮਿਲੀ ਹੈ। ਇਸ ਹਫਤੇ ਵਿਚ ਹੁਣ ਤੱਕ 90 ਤੋਂ ਵੱਧ ਉਡਾਣਾਂ ਨੂੰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ, ਜੋ ਜਾਂਚ ਦੌਰਾਨ ਝੂਠੀਆਂ ਨਿਕਲੀਆਂ।