ਬੱਦੋਵਾਲ : ਗਦਰੀ ਦੇਸ਼ ਭਗਤ ਹਰੀ ਸਿੰਘ ਉਸਮਾਨ ਦੇ ਜਨਮ ਦਿਹਾੜੇ ’ਤੇ ਸਮਾਗਮ ਦੀ ਪ੍ਰਧਾਨਗੀ ਉਜਾਗਰ ਸਿੰਘ, ਬਿੱਕਰ ਸਿੰਘ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਐਡਵੋਕੇਟ ਬੱਦੋਵਾਲ ਨੇ ਕੀਤੀ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਗ਼ਦਰੀਆਂ ਦੀਆਂ ਕੁਰਬਾਨੀਆਂ ਬਦੌਲਤ ਅਸੀਂ ਦੇਸ਼ ਦੀ ਆਜ਼ਾਦੀ ਦਾ ਅਧੂਰਾ ਜਿਹਾ ਨਿੱਘ ਮਾਣ ਰਹੇ ਹਾਂ। ਗਦਰੀ ਹਰੀ ਸਿੰਘ ਉਸਮਾਨ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ ਦੀ ਲਾਗ ਪਗੜੀ ਸੰਭਾਲ ਜੱਟਾ ਲਹਿਰ ਤੋਂ ਹੀ ਲੱਗ ਗਈ ਸੀ। ਆਪ 1907 ਵਿੱਚ ਵਿਦੇਸ਼ ਚਲੇ ਗਏ, ਉਥੇ ਜਾ ਕੇ ਗ਼ਦਰ ਪਾਰਟੀ ਵਿੱਚ ਸ਼ਾਮਲ ਹੋ ਗਏ। ਗਦਰ ਪਾਰਟੀ ਨੇ ਫੈਸਲਾ ਕੀਤਾ ਕਿ ਸਾਰੇ ਹਿੰਦੀ ਕਿਰਤੀ ਦੇਸ਼ ਪਹੁੰਚਣ ਤੇ ਆਜ਼ਾਦੀ ਦੀ ਜੰਗ ਆਰੰਭ ਦੇਣ। ਹਰੀ ਸਿੰਘ ਉਸਮਾਨ ਨੇ ਪਿੱਛੋਂ ਪਿਸਤੌਲ ਲਿਆਉਣੇ ਸਨ। ਇਨ੍ਹਾਂ ਨੇ 15 ਹਜ਼ਾਰ ਪਿਸਤੌਲ ਖਰੀਦ ਕੇ ਜਹਾਜ਼ ਵਿੱਚ ਲੱਦ ਲਏ, ਪਰ ਉਹ ਜਹਾਜ਼ ਭਾਰਤ ਨਾ ਪਹੁੰਚ ਸਕਿਆ। ਜੇ ਉਹ ਜਹਾਜ਼ ਹਿੰਦੁਸਤਾਨ ਪਹੁੰਚ ਜਾਂਦਾ ਤਾਂ ਸ਼ਾਇਦ ਗ਼ਦਰ ਪਾਰਟੀ ਹਿੰਦੁਸਤਾਨ ਨੂੰ ਅੰਗਰੇਜ਼ਾਂ ਦੀ ਹਕੂਮਤ ਤੋਂ ਆਜ਼ਾਦ ਕਰਾ ਲੈਂਦੀ। ਮਾੜੀਮੇਘਾ ਨੇ ਕਿਹਾ ਕਿ ਇਸ ਵਾਰ ਦੀਵਾਲੀ ਦਾ ਤਿਉਹਾਰ ਪਹਿਲੀ ਨਵੰਬਰ ਨੂੰ ਆਉਣ ਕਰਕੇ ਗਦਰੀ ਬਾਬਿਆਂ ਦਾ ਮੇਲਾ 7-8-9-2024 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਲੱਗ ਰਿਹਾ ਹੈ। ਮੇਲੇ ’ਤੇ ਨਾਮਵਰ ਸ਼ਖ਼ਸੀਅਤਾਂ ਪਹੁੰਚ ਰਹੀਆਂ ਹਨ ਤੇ ਉਨ੍ਹਾਂ ਆਪਣੇ ਵਿਚਾਰ ਵੀ ਰੱਖਣੇ ਹਨ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਸਕੱਤਰ ਚਰੰਜੀ ਲਾਲ ਅਤੇ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਨੇ ਸੰਬੋਧਨ ਦੌਰਾਨ ਕਿਹਾ ਕਿ ਗ਼ਦਰੀਆਂ ਦੀ ਬੇਮਿਸਾਲ ਕੁਰਬਾਨੀ ਹੈ। ਉਹ ਜ਼ਿਆਦਾ ਪੜ੍ਹੇ ਨਾ ਹੋਣ ਦੇ ਬਾਵਜੂਦ ਬਹੁਤ ਜ਼ਿਆਦਾ ਸੂਝਵਾਨ ਸਨ। ਇਸੇ ਕਰਕੇ ਹੀ ਉਹ ਆਪਣੇ ਦੇਸ਼ ਨੂੰ ਲਹੂ ਪੀਣੇ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਲਈ ਆਏ ਸਨ। ਉਨ੍ਹਾਂ ਨੂੰ ਦੁਨੀਆ ਵਿੱਚ ਵਿਚਰ ਕੇ ਪਤਾ ਲੱਗਾ ਕਿ ਹਿੰਦੁਸਤਾਨ ਵਾਕਿਆ ਹੀ ਸੋਨੇ ਦੀ ਚਿੜੀ ਹੈ। ਸੋਨੇ ਦੀ ਚਿੜੀ ਨੂੰ ਬਚਾਉਣ ਵਾਸਤੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਇਆ ਜਾਵੇ। ਇਸ ਮੌਕੇੇ ਸੁਤੰਤਰਤਾ ਸੈਨਾਨੀ ਹੁਸ਼ਿਆਰ ਸਿੰਘ ਐਤੀਆਣਾ, ਕਮੇਟੀ ਦੇ ਖਜ਼ਾਨਚੀ ਇੰਜੀਨੀਅਰ ਸੀਤਲ ਸਿੰਘ ਸੰਘਾ ਤੇ ਰਣਜੀਤ ਸਿੰਘ ਔਲਖ ਵੀ ਹਾਜ਼ਰ ਸਨ। ਸਟੇਜ ਸਕੱਤਰ ਦੇ ਫਰਜ਼ ਉੱਘੇ ਲੇਖਕ ਜਸਵੰਤ ਸਿੰਘ ਲਲਤੋਂ ਨੇ ਬਾਖੂਬੀ ਨਿਭਾਏ।