ਜਲੰਧਰ (ਸ਼ੈਲੀ ਐਲਬਰਟ)
ਜਲੰਧਰ ਕਮਿਸ਼ਨਰੇਟ ਪੁਲਸ ਨੇ ਬੰਬੀਹਾ-ਕੌਸ਼ਲ ਗੈਂਗ ਦੇ ਪੰਜ ਮੁੱਖ ਮੈਂਬਰਾਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਕੋਲੋਂ 9 ਹਥਿਆਰ ਬਰਾਮਦ ਕੀਤੇ ਹਨ।
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਗਿ੍ਰਫ਼ਤਾਰੀਆਂ ਨਾਲ ਕਮਿਸ਼ਨਰੇਟ ਪੁਲਸ ਨੇ ਤਿੰਨ ਕਤਲਾਂ ਨੂੰ ਟਾਲ ਦਿੱਤਾ ਹੈ।ਇਨ੍ਹਾਂ ਮੁਲਜ਼ਮਾਂ ਕੋਲੋਂ ਅੱਠ ਪਿਸਤੌਲ, ਇੱਕ ਰਿਵਾਲਵਰ ਅਤੇ 15 ਕਾਰਤੂਸ ਬਰਾਮਦ ਕੀਤੇ ਹਨ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਪਿੰਡ ਬੋਪਾਰਾਏ ਕਲਾਂ ਥਾਣਾ ਸਦਰ ਨਕੋਦਰ, ਹਰਸ਼ਦੀਪ ਸਿੰਘ ਵਾਸੀ ਪਿੰਡ ਗੈਰੇਜ ਮਾਹਿਲਪੁਰ ਥਾਣਾ ਮਾਹਿਲਪੁਰ ਗਗਨਦੀਪ ਸਿੰਘ ਉਰਫ ਗਿੰਨੀ ਬਾਜਵਾ ਵਾਸੀ ਨੰਬਰ 485 ਨਿਊ ਮਾਡਲ ਹਾਊਸ ਜਲੰਧਰ, ਸ਼ੇਖਰ ਪਿੰਡ ਮੁਰਾਦਪੁਰ ਨੇੜੇ ਰੇਲਵੇ ਸਟੇਸ਼ਨ ਤਰਨਤਾਰਨ ਅਤੇ ਅਮਿਤ ਸਹੋਤਾ ਵਾਸੀ ਪਿੰਡ ਬੰਬੀਆਂਵਾਲ ਥਾਣਾ ਸਦਰ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਹਥਿਆਰਾਂ ਦੀ ਤਸਕਰੀ, ਕਤਲ, ਫਿਰੌਤੀ ਅਤੇ ਹੋਰ ਵੱਡੇ ਅਪਰਾਧਾਂ ਵਿੱਚ ਸ਼ਾਮਲ ਸਨ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।
ਸਵਪਨ ਸ਼ਰਮਾ ਨੇ ਦੱਸਿਆ ਕਿ ਪਿਛਲੇ 10 ਮਹੀਨਿਆਂ ਦੌਰਾਨ ਜਲੰਧਰ ਕਮਿਸ਼ਨਰੇਟ ਪੁਲਸ ਨੇ ਵੱਖ-ਵੱਖ ਗਰੁੱਪਾਂ ਦੇ 23 ਬਦਨਾਮ ਗੈਂਗਸਟਰਾਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਕੋਲੋਂ 49 ਪਿਸਤੌਲ, 121 ਰੌਂਦ ਅਤੇ 59 ਮੈਗਜ਼ੀਨ ਬਰਾਮਦ ਕੀਤੇ ਹਨ