ਹਰਿੰਦਰ ਧਾਲੀਵਾਲ ਬਰਨਾਲਾ, ਡਿੰਪੀ ਢਿੱਲੋਂ ਗਿੱਦੜਬਾਹਾ, ਗੁਰਦੀਪ ਰੰਧਾਵਾ ਡੇਰਾ ਬਾਬਾ ਨਾਨਕ ਤੇ ਈਸ਼ਾਨ ਚੱਬੇਵਾਲ ਤੋਂ ਉਤਾਰੇ
ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ।ਪਾਰਟੀ ਨੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਸੁਖਬੀਰ ਬਾਦਲ ਦੇ ਕਰੀਬੀ ਰਹਿ ਚੁੱਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾਇਆ ਹੈ। ਬਰਨਾਲਾ ਤੋਂ ਪਾਰਟੀ ਨੇ ਪੁਰਾਣੇ ਵਰਕਰ ਹਰਿੰਦਰ ਸਿੰਘ ਧਾਲੀਵਾਲ (35) ਦੇ ਨਾਂਅ ਦਾ ਐਲਾਨ ਕੀਤਾ ਹੈ।ਬਰਨਾਲਾ ਸੀਟ ‘ਆਪ’ ਸਰਕਾਰ ਦੇ ਸਾਬਕਾ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਸੰਗਰੂਰ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋ ਗਈ ਸੀ । ਮੀਤ ਹੇਅਰ ਦੇ ਜਮਾਤੀ ਹਰਿੰਦਰ ਧਾਲੀਵਾਲ ਨੇ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਬਨੂੜ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਉਹ 2012 ਤੋਂ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਹਨ।‘ਆਪ’ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਦੇ ਬੇਟੇ ਈਸ਼ਾਨ ਚੱਬੇਵਾਲ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ।ਇਹ ਸੀਟ ਵੀ ਡਾ. ਰਾਜਕੁਮਾਰ ਚੱਬੇਵਾਲ ਦੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋ ਗਈ ਸੀ। ਈਸ਼ਾਨ ਚੱਬੇਵਾਲ ਪੇਸ਼ੇ ਤੋਂ ਡਾਕਟਰ ਹਨ। ਉਨ੍ਹਾਂ ਨੇ ਦਯਾਨੰਦ ਮੈਡੀਕਲ ਕਾਲਜ, ਲੁਧਿਆਣਾ ਤੋਂ ਐਮ ਬੀ ਬੀ ਐਸ ਅਤੇ ਐਮ ਡੀ ਦੀ ਪੜ੍ਹਾਈ ਕੀਤੀ ਹੈ।ਪਾਰਟੀ ਨੇ ਗੁਰਦੀਪ ਸਿੰਘ ਰੰਧਾਵਾ ਨੂੰ ਡੇਰਾ ਬਾਬਾ ਨਾਨਕ ਵਿਧਾਨ ਸਭਾ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਰੰਧਾਵਾ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਹੋਣ ਤੋਂ ਇਲਾਵਾ ਉਦਯੋਗ ਬੋਰਡ ਦੇ ਸੀਨੀਅਰ ਡਿਪਟੀ ਚੇਅਰਮੈਨ ਵੀ ਹਨ।
ਗਿੱਦੜਬਾਹਾ ਦੀ ਸੀਟ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਤੇ ਡੇਰਾ ਬਾਬਾ ਨਾਨਕ ਦੀ ਸੀਟ ਸੁਖਜਿੰਦਰ ਸਿੰਘ ਰੰਧਾਵਾ ਦੇ ਗੁਰਦਾਸਪੁਰ ਤੋਂ ਲੋਕ ਸਭਾ ਲਈ ਚੁਣੇ ਜਾਣ ’ਤੇ ਖਾਲੀ ਹੋਈਆਂ।
ਮਹਿਲ ਕਲਾਂ ਦੇ ਪਿੰਡ ਛੀਨੀਵਾਲ ਕਲਾਂ ਦੇ ਹਰਿੰਦਰ ਸਿੰਘ ਧਾਲੀਵਾਲ (35) ਕਿਸਾਨੀ ਪਰਿਵਾਰ ਨਾਲ ’ਚੋਂ ਹਨ ਅਤੇ ਉਨ੍ਹਾ ਦੇ ਪਿਤਾ ਵੈਟਰਵਰੀ ਵਿਭਾਗ ਤੋਂ ਸੇਵਾਮੁਕਤ ਮੁਲਾਜ਼ਮ ਹਨ। ਉਨ੍ਹਾਂ ਦਾ ਪਰਿਵਾਰ ਅਜੇ ਵੀ ਪਿੰਡ ਛੀਨੀਵਾਲ ਵਿਚ ਹੀ ਰਹਿੰਦਾ ਹੈ।
ਟਿਕਟ ਨਾ ਮਿਲਣ ’ਤੇ ਆਪ ਦੇ ਜ਼ਿਲ੍ਹਾ ਬਰਨਾਲਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਬਗਾਵਤ ਦਾ ਬਿਗਲ ਵਜਾ ਦਿੱਤਾ ਹੈ। ਉਨ੍ਹਾ ਇਕ ਪੋਸਟ ਪਾ ਕੇ ਕਿਹਾ ਹੈ ਕਿ ਪਾਰਟੀ ਦੇ ਸਮਰਪਤ ਵਰਕਰ ਪਾਰਟੀ ’ਚ ਫੈਲ ਚੁੱਕੇ ਪਰਵਾਰਵਾਦ ਦੇ ਖਿਲਾਫ ਝੰਡਾ ਚੁੱਕਣ ਲਈ ਤਿਆਰ ਰਹਿਣ। ਬਾਠ ਨੇ ਕਿਹਾ ਕਿ ਉਹ ਜਲਦੀ ਹੀ ਕੋਈ ਵੱਡਾ ਫੈਸਲਾ ਲੈਣਗੇ। ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਈ ਸਾਲਾਂ ਤੋਂ ਮਰ ਮਿਟ ਕੇ ਮਿਹਨਤ ਕਰਨ ਵਾਲੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕੀਤਾ ਹੈ। ਪਰਵਾਰਵਾਦ ਦਾ ਜ਼ਿਕਰ ਕਰਦੇ ਹੋਏ ਬਾਠ ਨੇ ਬਰਨਾਲਾ ਦੇ ਨਾਲ-ਨਾਲ ਗਿੱਦੜਬਾਹਾ ਤੇ ਚੱਬੇਵਾਲ ਦੀ ਟਿਕਟ ਦਾ ਵੀ ਜ਼ਿਕਰ ਕੀਤਾ। ਚਰਚਾ ਹੈ ਕਿ ਬਾਠ ਆਜ਼ਾਦ ਚੋਣ ਲੜ ਸਕਦੇ ਹਨ। ਕਾਂਗਰਸ ਛੱਡ ਕੇ ਆਪ ਵਿਚ ਆਏ ਦਲਵੀਰ ਸਿੰਘ ਗੋਲਡੀ ਦੇ ਨਾਂ ਦੀ ਬਰਨਾਲਾ ਤੋਂ ਚਰਚਾ ਸੀ ਪਰ ਉਹ ਵੀ ਰਹਿ ਗਏ।
ਟਰਾਂਸਪੋਰਟਰ ਡਿੰਪੀ ਢਿੱਲੋਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਗਸਤ ’ਚ ਗਿੱਦੜਬਾਹਾ ਪਹੁੰਚ ਕੇ ਆਪ ਵਿਚ ਸ਼ਾਮਲ ਕਰਵਾਇਆ ਸੀ।
2020 ਵਿਚ ਆਪ ਦੀ ਹਵਾ ਹੋਣ ਦੇ ਬਾਵਜੂਦ ਗੁਰਦੀਪ ਸਿੰਘ ਰੰਧਾਵਾ ਨੂੰ ਡੇਰਾ ਬਾਬਾ ਨਾਨਕ ਸੀਟ ਤੋਂ 31742 ਵੋਟਾਂ ਮਿਲੀਆਂ ਸਨ ਜਦਕਿ ਸੁਖਜਿੰਦਰ ਰੰਧਾਵਾ 52555 ਵੋਟਾਂ ਲੈ ਕੇ ਜਿੱਤੇ ਸਨ। ਅਕਾਲੀ ਦਲ ਦੇ ਰਵੀ ਕਰਨ ਕਾਹਲੋਂ ਨੇ 52089 ਵੋਟਾਂ ਹਾਸਲ ਕੀਤੀਆਂ ਸਨ। ਕਾਹਲੋਂ ਹੁਣ ਭਾਜਪਾ ’ਚ ਹਨ। ਜਦੋਂ ਸੁਖਜਿੰਦਰ ਰੰਧਾਵਾ ਨੇ ਗੁਰਦਾਸਪੁਰ ਲੋਕ ਸਭਾ ਸੀਟ ਜਿੱਤੀ ਤਾਂ ਉਨ੍ਹਾ ਡੇਰਾ ਬਾਬਾ ਨਾਨਕ ਅਸੰਬਲੀ ਹਲਕੇ ਤੋਂ 4600 ਵੋਟਾਂ ਦੀ ਲੀਡ ਲਈ। ਗੁਰਦੀਪ ਸਿੰਘ ਦੇ ਪਿਤਾ ਹਰਬੰਸ ਸਿੰਘ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਤੇ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸੰਤੋਖ ਸਿੰਘ ਰੰਧਾਵਾ ਦੇ ਕਰੀਬੀ ਹੁੰਦੇ ਸਨ। ਕੁਝ ਸਾਲ ਪਹਿਲਾਂ ਸਰਪੰਚੀ ਦੀ ਟਿਕਟ ਨਾ ਮਿਲਣ ਤੋਂ ਬਾਅਦ ਵਿਗੜ ਗਈ ਸੀ।
30 ਸਾਲਾ ਈਸ਼ਾਨ ਰੇਡੀਓਲੋਜਿਸਟ ਹਨ ਤੇ ਉਨ੍ਹਾ ਐੱਮ ਬੀ ਬੀ ਐੱਸ ਦਯਾਨੰਦ ਮੈਡੀਕਲ ਕਾਲਜ ਲੁਧਿਆਣਾ ਤੋਂ ਕੀਤੀ ਹੈ। ਉਨ੍ਹਾ ਦਾ 31ਵਾਂ ਜਨਮ ਦਿਨ 22 ਅਕਤੂਬਰ ਨੂੰ ਹੈ। ਉਹ ਪਿਤਾ ਨਾਲ ਸਿਆਸਤ ਵਿਚ ਸਰਗਰਮ ਰਹਿੰਦੇ ਹਨ। ਜਦੋਂ ਡਾ. ਚੱਬੇਵਾਲ ਨੇ ਕਾਂਗਰਸ ਛੱਡ ਕੇ ਹੁਸ਼ਿਆਰਪੁਰ ਲੋਕ ਸਭਾ ਸੀਟ 44100 ਵੋਟਾਂ ਦੇ ਫਰਕ ਨਾਲ ਜਿੱਤੀ ਸੀ ਤਾਂ ਉਹ ਚੱਬੇਵਾਲ ਅਸੰਬਲੀ ਹਲਕੇ ’ਚ 27 ਹਜ਼ਾਰ ਵੋਟਾਂ ਨਾਲ ਅੱਗੇ ਰਹੇ ਸਨ। ਪੰਚਾਇਤ ਚੋਣਾਂ ਵਿਚ ਈਸ਼ਾਨ ਦੇ ਅੰਕਲ ਡਾ. ਜਤਿੰਦਰ ਕੁਮਾਰ ਜੱਦੀ ਪਿੰਡ ਮਾਂਝੀ ਤੋਂ ਸਰਪੰਚ ਚੁਣੇ ਗਏ ਹਨ।