25.1 C
Jalandhar
Monday, October 21, 2024
spot_img

ਭਾਗਵਤ ਦੀ ਅਸਲ ਚਿੰਤਾ

46 ਸਾਲਾ ਹੀਰਾ ਲਾਲ ਸ਼ਰਮਾ ਧਾਰਮਿਕ ਪ੍ਰਵਿਰਤੀ ਦਾ ਬੰਦਾ ਸੀ ਤੇ ਹਰ ਮੰਗਲਵਾਰ ਵਰਤ ਰੱਖਦਾ ਸੀ, ਜਿਸ ਨੇ ਆਰਥਿਕ ਤੰਗੀ ਕਾਰਨ ਪਿਛਲੇ ਮਹੀਨੇ ਦਿੱਲੀ ’ਚ ਆਪਣੀਆਂ ਚਾਰ ਧੀਆਂ ਨਾਲ ਖੁਦਕੁਸ਼ੀ ਕਰ ਲਈ। ਇਸ ਸਮੂਹਿਕ ਖੁਦਕੁਸ਼ੀ ਕਾਂਡ ’ਤੇ ਦਿੱਲੀ ਦੇ ਝੰਡੇਵਾਲਾ ’ਚ ਆਰ ਐੱਸ ਐੱਸ ਦੇ ਆਲੀਸ਼ਾਨ ਦਫਤਰ ਵਿਚ ਕੋਈ ਹਲਚਲ ਨਹੀਂ ਹੋਈ, ਜਿਸ ਦੇ ਮੁਖੀ ਮੋਹਨ ਭਾਗਵਤ ਹਿੰਦੂਆਂ ਨੂੰ ਜਾਗਰਤ ਤੇ ਇਕਜੁੱਟ ਹੋਣ ਦਾ ਸੱਦਾ ਦੇ ਰਹੇ ਹਨ। ਦੁਸਹਿਰੇ ’ਤੇ ਨਾਗਪੁਰ ’ਚ ਆਰ ਐੱਸ ਐੱਸ ਦੇ ਸਾਲਾਨਾ ਸਮਾਗਮ ’ਚ ਭਾਗਵਤ ਨੇ ਕਿਹਾ ਕਿ ਕਮਜ਼ੋਰੀ ਆਪਣੇ-ਆਪ ’ਚ ਬਿਪਤਾ ਦਾ ਕਾਰਨ ਹੈ। ਇਸ ਲਈ ਹਿੰਦੂਆਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਹੈ। ਬੰਗਲਾਦੇਸ਼ ਵਿਚ ਹਿੰਦੂ ਇਕਜੁੱਟ ਹੋਏ ਤਾਂ ਪਿਛਲੇ ਕੁਝ ਦਿਨਾਂ ’ਚ ਹਿੰਸਕ ਹਮਲਿਆਂ ’ਚ ਕਮੀ ਆਈ।
2024 ਆਰ ਐੱਸ ਐੱਸ ਦੀ ਸਥਾਪਨਾ ਦਾ ਸ਼ਤਾਬਦੀ ਵਰ੍ਹਾ ਹੈ, ਜਿਸ ’ਤੇ ਸਭ ਦੀ ਨਜ਼ਰ ਸੀ, ਪਰ ਭਾਗਵਤ ਦੇ ਭਾਸ਼ਣ ’ਚ ਹਿੰਦੂ ਸਮਾਜ ਦੀਆਂ ਅਸਲ ਕਮਜ਼ੋਰੀਆਂ ਨੂੰ ਲੈ ਕੇ ਕੋਈ ਚਿੰਤਾ ਨਹੀਂ ਦਿਖੀ। ਉਨ੍ਹਾ ਨੂੰ ਚਿੰਤਾ ਨਹੀਂ ਕਿ ਆਮ ਹਿੰਦੂ ਨੂੰ ਪੂਰਾ ਭੋਜਨ ਕਿਉ ਨਹੀਂ ਮਿਲ ਰਿਹਾ। ਨਾ ਬੇਰੁਜ਼ਗਾਰੀ ਦਿਸਦੀ ਹੈ। ਉਨ੍ਹਾ ਇਸ ਹਕੀਕਤ ’ਤੇ ਵੀ ਚਿੰਤਾ ਨਹੀਂ ਜ਼ਾਹਰ ਕੀਤੀ ਕਿ ਦਾਜ ਕਾਰਨ ਬੀਸੀਓਂ ਮੁਟਿਆਰਾਂ ਦੀ ਜਾਨ ਜਾ ਰਹੀ ਹੈ ਅਤੇ ਯੂ ਪੀ, ਜਿੱਥੇ ਰਾਮ ਰਾਜ ਹੈ, ਵਿਚ ਇਹ ਅੰਕੜਾ ਰੋਜ਼ਾਨਾ ਛੇ ਦਾ ਹੈ। ਭਾਗਵਤ ਨੂੰ ਇਹ ਵੀ ਚਿੰਤਾ ਨਹੀਂ ਕਿ ਬੀਮਾਰ ਪੈਣ ਕਾਰਨ ਹਿੰਦੂ ਬਿਨਾਂ ਇਲਾਜ ਦੇ ਮਰਨ ਲਈ ਮਜਬੂਰ ਹਨ। ਆਖਰਕਾਰ ਹੀਰਾ ਲਾਲ ਸ਼ਰਮਾ ਪਰਵਾਰ ਸਣੇ ਖੁਦਕੁਸ਼ੀ ਲਈ ਇਸੇ ਕਰਕੇ ਮਜਬੂਰ ਹੋਇਆ ਕਿ ਉਹ ਭੁੱਖ, ਬੇਕਾਰੀ, ਬਿਮਾਰੀ ਤੇ ਮਹਿੰਗਾਈ ਅੱਗੇ ਕਮਜ਼ੋਰ ਪੈ ਗਿਆ ਸੀ। ਉਹ ਨੌਜਵਾਨ ਧੀਆਂ ਦੀ ਸ਼ਾਦੀ ਲਈ ਦਾਜ ਦੀ ਚਿੰਤਾ ਨਾਲ ਕਿਸ ਕਦਰ ਘੁਲ ਰਿਹਾ ਹੋਵੇਗਾ, ਇਸ ਦਾ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਨਾ ਦੁਨੀਆ ਦਾ ਸਭ ਤੋਂ ਤਾਕਤਵਰ ਹਿੰਦੂ ਸੰਗਠਨ ਆਰ ਐੱਸ ਐੱਸ ਉਸ ਨੂੰ ਭਵਿੱਖ ਦਾ ਭਰੋਸਾ ਦੇ ਸਕਿਆ ਤੇ ਨਾ ਹੀ ਮੋਦੀ ਸਰਕਾਰ ਦਾ ਉਹ ਇਸ਼ਤਿਹਾਰ, ਜਿਸ ’ਚ ਭਾਰਤ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਕੇ ਦੁਨੀਆ ਵਿਚ ਆਪਣਾ ਪਰਚਮ ਲਹਿਰਾ ਰਿਹਾ ਹੈ। ਹੀਰਾ ਲਾਲ ਦੇ ਪਰਵਾਰ ਨੇ ਵਿਵਸਥਾ ਨੂੰ ਲਾਅਨਤ ਘੱਲਦਿਆਂ ਚੁੱਪਚਾਪ ਮੌਤ ਨੂੰ ਗਲੇ ਲਾ ਲਿਆ।
ਮੋਹਨ ਭਾਗਵਤ ਬੰਗਲਾਦੇਸ਼ ਦੇ ਘੱਟਗਿਣਤੀ ਹਿੰਦੂਆਂ ਦੀ ਮਿਸਾਲ ਦੇ ਕੇ ਹਿੰਦੂਆਂ ਨੂੰ ਇਕਜੁੱਟ ਹੋਣ ਦਾ ਸੱਦਾ ਤਾਂ ਦੇ ਰਹੇ ਹਨ, ਪਰ ਭਾਰਤ ਦੀਆਂ ਘੱਟਗਿਣਤੀਆਂ ਦੀ ਇਕਜੁੱਟਤਾ ਆਰ ਐੱਸ ਐੱਸ ਨੂੰ ਡਰਾਉਦੀ ਹੈ। ਉਨ੍ਹਾਂ ਦੀ ਆਏ ਦਿਨ ਲਿੰਚਿੰਗ ਨੂੰ ਭਾਗਵਤ ਨਿੱਕੀ-ਮੋਟੀ ਗੱਲ ਕਹਿ ਕੇ ਟਾਲਦੇ ਹਨ ਅਤੇ ਇਸ ’ਤੇ ਦੂਜੇ ਦੇਸ਼ਾਂ ਤੋਂ ਉੱਠਣ ਵਾਲੇ ਸਵਾਲਾਂ ਨੂੰ ਭਾਰਤ ਖਿਲਾਫ ਕੌਮਾਂਤਰੀ ਸਾਜ਼ਿਸ਼ ਦੱਸਦੇ ਹਨ, ਜਦਕਿ ਖੁਦ ਚਾਹੁੰਦੇ ਹਨ ਕਿ ਬੰਗਲਾਦੇਸ਼ ਵਿਚ ਹਿੰਦੂਆਂ ’ਤੇ ਹੋਣ ਵਾਲੇ ਜ਼ੁਲਮਾਂ ਖਿਲਾਫ ਦੁਨੀਆ ਨੂੰ ਬੋਲਣਾ ਚਾਹੀਦਾ ਹੈ। ਉਨ੍ਹਾ ਦੀ ਨਜ਼ਰ ਵਿਚ ਹਿੰਦੂ ਹੀ ਖਤਰੇ ਵਿਚ ਹਨ, ਭਾਵੇਂ ਕਿ ਦਸ ਸਾਲਾਂ ਤੋਂ ਮੋਦੀ ਰਾਜ ਚੱਲ ਰਿਹਾ ਹੈ। ਦਰਅਸਲ ਭਾਗਵਤ ਕਦੇ ਨਹੀਂ ਚਾਹੁੰਦੇ ਕਿ ਭਾਰਤ ਦਾ ਬਹੁਗਿਣਤੀ ਹਿੰਦੂ ਸਮਾਜ ਅਸਲ ’ਚ ਜਾਗੇ ਅਤੇ ਆਪਣੀ ਦੁਰਦਸ਼ਾ ਦੇ ਅਸਲ ਸਿਆਸੀ, ਸਮਾਜੀ ਤੇ ਆਰਥਿਕ ਕਾਰਨਾਂ ਨੂੰ ਪਛਾਣੇ। ਹਿੰਦੂ ਸਮਾਜ ਦੀ ਏਕਤਾ ਦੇ ਰਾਹ ’ਚ ਸਭ ਤੋਂ ਵੱਡਾ ਰੋੜਾ ਜਾਤ ਪ੍ਰਥਾ ਹੈ, ਜਿਸ ਨੂੰ ਖਤਮ ਕਰਨ ਦਾ ਆਰ ਐੱਸ ਐੱਸ ਦਾ ਇਰਾਦਾ ਨਹੀਂ। ਆਰ ਐੱਸ ਐੱਸ ਲਈ ਹਿੰਦੂ ਏਕਤਾ ਦਾ ਮਤਲਬ ਪਿੰਡ-ਪਿੰਡ ਮੁਸਲਮਾਨਾਂ ’ਤੇ ਹਮਲੇ ਕਰਨ ਲਈ ਤਿਆਰ ਰਹਿਣ ਵਾਲੀਆਂ ਹਿੰਦੂ ਨੌਜਵਾਨਾਂ ਦੀਆਂ ਟੋਲੀਆਂ ਤੋਂ ਹੈ। ਭਿਆਨਕ ਬੇਰੁਜ਼ਗਾਰੀ ਝੱਲ ਰਹੇ ਹਿੰਦੂ ਨੌਜਵਾਨਾਂ ਲਈ ਉਸ ਕੋਲ ਇਹੀ ਪ੍ਰੋਗਰਾਮ ਹੈ। ਨਫਰਤ ਦੇ ਆਧਾਰ ’ਤੇ ਹਿੰਦੂ ਸਮਾਜ ਨੂੰ ਸੰਗਠਤ ਕਰਕੇ ਪੂੰਜੀਵਾਦੀ ਲੁੱਟ ਦਾ ਰਾਹ ਪੱਧਰਾ ਕਰਨ ਵਾਲੀ ਰਾਜ ਸੱਤਾ ਦਾ ਨਿਰਮਾਣ ਹੀ ਆਰ ਐੱਸ ਐੱਸ ਦਾ ਨਿਸ਼ਾਨਾ ਹੈ। ਉਸ ਦੇ ਸੌ ਸਾਲ ਦੇ ਸਫਰ ਦਾ ਇਹੀ ਹਾਸਲ ਹੈ।

Related Articles

Latest Articles