ਤਿ੍ਰਣਮੂਲ ਕਾਂਗਰਸ ਦੇ ਸਾਂਸਦ ਕਲਿਆਣ ਬੈਨਰਜੀ ਨੇ ਗੁੱਸੇ ’ਚ ਬੋਤਲ ਤੋੜੀ

0
123

ਨਵੀਂ ਦਿੱਲੀ : ਸਾਂਝੀ ਸੰਸਦੀ ਕਮੇਟੀ ਦੀ ਵਕਫ ਬਿੱਲ ’ਤੇ ਮੰਗਲਵਾਰ ਬੈਠਕ ਦੌਰਾਨ ਭਾਜਪਾ ਸਾਂਸਦ ਨਾਲ ਏਨੀ ਤਿੱਖੀ ਬਹਿਸ ਹੋਈ ਕਿ ਤਿ੍ਰਣਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਨੇ ਕੱਚ ਦੀ ਬੋਤਲ ਮੇਜ਼ ’ਤੇ ਮਾਰੀ। ਇਸ ਦੇ ਬਾਅਦ ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਨੇ ਉਨ੍ਹਾ ਖਿਲਾਫ ਦਿਨ-ਭਰ ਲਈ ਮੁਅੱਤਲੀ ਦਾ ਮਤਾ ਰੱਖ ਦਿੱਤਾ, ਜਿਸ ਨੂੰ 9-8 ਨਾਲ ਪਾਸ ਕਰ ਦਿੱਤਾ ਗਿਆ। ਬੋਤਲ ਟੁੱਟਣ ਨਾਲ ਬੈਨਰਜੀ ਦੇ ਅੰਗੂਠੇ ਤੇ ਚੀਚੀ ’ਤੇ ਜ਼ਖਮ ਹੋ ਗਿਆ।
ਵਕਫ (ਸੋਧ) ਬਿੱਲ 8 ਅਗਸਤ ਨੂੰ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਸੀ ਤੇ ਆਪੋਜ਼ੀਸ਼ਨ ਦੇ ਵਿਰੋਧ ਦਰਮਿਆਨ ਉਸ ਨੂੰ ਡੂੰਘੇ ਵਿਚਾਰ-ਵਟਾਂਦਰੇ ਲਈ ਸਾਂਝੀ ਸੰਸਦੀ ਕਮੇਟੀ ਹਵਾਲੇ ਕਰ ਦਿੱਤਾ ਗਿਆ ਸੀ। ਕਮੇਟੀ ਨੇ ਸੰਸਦ ਦੇ ਅਗਲੇ ਸੈਸ਼ਨ ਦੇ ਪਹਿਲੇ ਹਫਤੇ ਰਿਪੋਰਟ ਦੇਣੀ ਹੈ। ਭਾਜਪਾ ਦੇ ਜਗਦੰਬਿਕਾ ਪਾਲ ਦੀ ਚੇਅਰਮੈਨੀ ਵਾਲੀ ਕਮੇਟੀ ਜਦੋਂ ਰਿਟਾਇਰਡ ਜੱਜਾਂ ਤੇ ਵਕੀਲਾਂ ਦੀ ਟੀਮ ਦੇ ਵਿਚਾਰ ਸੁਣ ਰਹੀ ਸੀ ਤਾਂ ਆਪੋਜ਼ੀਸ਼ਨ ਮੈਂਬਰਾਂ ਨੇ ਕਿਹਾ ਕਿ ਬਿੱਲ ’ਚ ਇਨ੍ਹਾਂ ਦੀ ਹਿੱਸੇਦਾਰੀ ਹੈ। ਬੈਨਰਜੀ ਆਪਣੀ ਵਾਰੀ ਤੋਂ ਪਹਿਲਾਂ ਬੋਲਣਾ ਚਾਹੁੰਦੇ ਸਨ। ਉਹ ਤਿੰਨ ਵਾਰ ਬੋਲ ਚੁੱਕੇ ਸਨ ਤੇ ਫਿਰ ਮੌਕਾ ਚਾਹੁੰਦੇ ਸਨ। ਭਾਜਪਾ ਸਾਂਸਦ ਨੇ ਵਿਰੋਧ ਕੀਤਾ ਤਾਂ ਤਲਖਕਲਾਮੀ ਹੋ ਗਈ। ਬੈਨਰਜੀ ਦੇ ਦਖਲ ਦੇਣ ’ਤੇ ਭਾਜਪਾ ਸਾਂਸਦ ਅਭਿਜੀਤ ਗੰਗੋਪਾਧਿਆਇ ਨੇ ਟੋਕਿਆ। ਇਸ ’ਤੇ ਬੈਨਰਜੀ ਨੇ ਬੋਤਲ ਚੁੱਕੀ ਤੇ ਮੇਜ਼ ’ਤੇ ਮਾਰ ਦਿੱਤੀ। ਉਨ੍ਹਾ ਦਾ ਅੰਗੂਠਾ ਤੇ ਚੀਚੀ ਜ਼ਖਮੀ ਹੋ ਗਏ। ਫਿਰ ਉਨ੍ਹਾ ਟੁੱਟੀ ਬੋਤਲ ਚੇਅਰਮੈਨੀ ਵੱਲ ਸੁੱਟੀ।