ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਝੋਨੇ ਦੀ ਨਿਰਵਿਘਨ ਖਰੀਦ ਅਤੇ ਚੁਕਾਈ ਅਮਲੀ ਰੂਪ ’ਚ ਚਾਲੂ ਕਰਾਉਣ ਲਈ ਕਿਸਾਨਾਂ ਵੱਲੋਂ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਹੱਕੀ ਮੰਗਾਂ ਤੁਰੰਤ ਪ੍ਰਵਾਨ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ ।
ਕਮੇਟੀ ਨੇ ਕਿਹਾ ਕਿ ਗ਼ਦਰੀ ਬਾਬਿਆਂ ਅਤੇ ਆਜ਼ਾਦੀ ਸੰਗਰਾਮੀਆਂ ਨੇ ਇਸ ਲਈ ਜ਼ਿੰਦਾਂ ਨਹੀਂ ਸੀ ਵਾਰੀਆਂ ਕਿ ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਸੰਤ ਬਾਬਾ ਵਿਸਾਖਾ ਸਿੰਘ, ਭਾਈ ਰਤਨ ਸਿੰਘ ਰਾਏਪੁਰ ਡੱਬਾ, ਬੀਬੀ ਗੁਲਾਬ ਕੌਰ ਵਰਗਿਆਂ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਉਹਨਾਂ ਹੀ ਸਾਮਰਾਜੀ ਕਾਰਪੋਰੇਟ ਘਰਾਣਿਆਂ ਅਤੇ ਫਿਰਕੂ ਫਾਸ਼ੀ ਤਾਕਤਾਂ ਦੇ ਇਸ਼ਾਰਿਆਂ ’ਤੇ ਉਹਨਾਂ ਦੀ ਧਰਤੀ ਦੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਿਆ ਜਾਵੇਗਾ।
ਉਹਨਾਂ ਕਿਹਾ ਕਿ ਅਜੀਤ ਸਿੰਘ ਅਤੇ ਬਾਂਕੇ ਦਿਆਲ ਵਰਗੇ ਆਜ਼ਾਦੀ ਸੰਗਰਾਮੀਏ ਕਿੰਨਾ ਚਿਰ ਪਹਿਲਾਂ ‘ਪਗੜੀ ਸੰਭਾਲ’ ਦਾ ਪੈਗ਼ਾਮ ਦੇ ਕੇ ਗਏ, ਅੱਜ ਉਸ ਪਗੜੀ ਨੂੰ ਗੰਭੀਰ ਖ਼ਤਰਾ ਹੈ। ਇਸ ਲਈ ਗਦਰੀ ਬਾਬਿਆਂ ਦੇ ਵਾਰਸਾਂ ਨੂੰ ਲੋਕਾਂ ਨਾਲ਼ ਖੜ੍ਹੇ ਹੋਣ ਦਾ ਵੇਲਾ ਹੈ। ਉਹਨਾਂ ਕਿਹਾ ਕਿ ਨਿਰਵਿਘਨ ਖਰੀਦ ਸ਼ੁਰੂ ਹੋਣ ਬਾਰੇ ਸਰਕਾਰੀ ਦਾਅਵੇ ਬਹੁਤੀਆਂ ਮੰਡੀਆਂ ’ਚ ਝੂਠੇ ਸਾਬਤ ਹੋ ਰਹੇ ਹਨ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਝੋਨੇ ਦੀ ਪੂਰੇ ਐੱਮ ਐੱਸ ਪੀ ’ਤੇ ਨਿਰਵਿਘਨ ਖਰੀਦ ਅਤੇ ਨਾਲੋ-ਨਾਲ ਚੁਕਾਈ ਅਮਲੀ ਰੂਪ ’ਚ ਚਾਲੂ ਕੀਤੀ ਜਾਵੇ ਅਤੇ ਹੁਣ ਤੱਕ ਘੱਟ ਮੁੱਲ ’ਤੇ ਵਿਕੇ ਝੋਨੇ ਦੀ ਕਮੀ ਪੂਰਤੀ ਕੀਤੀ ਜਾਵੇ। ਸਰਕਾਰੀ ਸਿਫਾਰਸ਼ ਅਨੁਸਾਰ ਪਾਣੀ ਦੀ ਬੱਚਤ ਲਈ ਬੀਜੀ ਗਈ ਪੀ ਆਰ 126 ਕਿਸਮ ਦੇ ਪੂਸਾ 44 ਨਾਲੋਂ ਘੱਟ ਝਾੜ ਅਤੇ ਐੱਮ ਐੱਸ ਪੀ ਤੋਂ ਘੱਟ ਮਿਲੇ ਮੁੱਲ ਕਾਰਨ ਪਏ ਘਾਟੇ ਦੀ ਕੀਮਤ ਪੂਰੀ ਕੀਤੀ ਜਾਵੇ।ਬਿਮਾਰੀ ਦੀ ਜੜ੍ਹ ਸੰਸਾਰ ਵਪਾਰ ਸੰਸਥਾ ਦੀ ਖੁੱਲ੍ਹੀ ਮੰਡੀ ਦੀ ਨੀਤੀ ਰੱਦ ਕੀਤੀ ਜਾਵੇ ਅਤੇ ਇਸ ਸੰਸਥਾ ਨਾਲੋਂ ਨਾਤਾ ਤੋੜਿਆ ਜਾਵੇ, ਨਵੇਂ ਚੌਲਾਂ ਦੀ ਸਟੋਰੇਜ ਲਈ ਸ਼ੈਲਰ ਮਾਲਕਾਂ ਦੇ ਜਮ੍ਹਾਂ ਪਏ ਚੌਲਾਂ ਦੀ ਚੁਕਾਈ ਤੇਜ਼ੀ ਨਾਲ ਕੀਤੀ ਜਾਵੇ। ਕਿਸਾਨਾਂ ਦੀਆਂ ਇਨ੍ਹਾਂ ਹੱਕੀ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨ ਲਈ ਕੇਂਦਰ ਤੇ ਪੰਜਾਬ ਦੀਆਂ ਦੋਨਾਂ ਸਰਕਾਰਾਂ ਨੂੰ ਦੋਸ਼ੀ ਠਹਿਰਾਉਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਿਹਾ ਕਿ ਛੋਟੇ, ਦਰਮਿਆਨੇ ਕਿਸਾਨਾਂ ਨੂੰ ਆਰਥਕ ਪੱਖੋਂ ਤਬਾਹ ਕਰਕੇ ਜ਼ਮੀਨਾਂ ਹਥਿਆਉਣ ਵਾਲੀ ਸੰਸਾਰ ਵਪਾਰ ਸੰਸਥਾ ਦੀ ਕਾਰਪੋਰੇਟ ਪੱਖੀ ਖੁੱਲ੍ਹੀ ਮੰਡੀ ਦੀ ਨੀਤੀ ਮੜ੍ਹਨ ’ਤੇ ਤੁਲੀਆਂ ਹਨ। ਕਿਸਾਨਾਂ ਦੀ ਮੰਗ ਨੂੰ ਜਾਇਜ਼ ਦੱਸਿਆ ਕਿ ਸੰਸਾਰ ਵਪਾਰ ਸੰਸਥਾ ਨਾਲ ਕੀਤੀ ਗੰਢ-ਤੁੱਪ ਵਾਲਾ ਸਮਝੌਤਾ ਖਤਮ ਕੀਤਾ ਜਾਵੇ।