ਵਾਸ਼ਿੰਗਟਨ : ਅਮਰੀਕਾ ਨੇ ਕਿਹਾ ਹੈ ਕਿ ਉਸ ਦੀ ਪੂਰੀ ਤਰ੍ਹਾਂ ਤਸੱਲੀ ਉਦੋਂ ਹੀ ਹੋਵੇਗੀ, ਜਦੋਂ ਵੱਖਵਾਦੀ ਗੁਰਪਤਵੰਤ ਸਿੰਘ ਪਨੂੰ ਨੂੰ ਅਮਰੀਕੀ ਧਰਤੀ ਉਤੇ ਕਤਲ ਕਰਨ ਦੀ ਨਾਕਾਮ ਸਾਜ਼ਿਸ਼ ਦੀ ਭਾਰਤ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਸਿੱਟੇ ਵਜੋਂ ਕੋਈ ‘ਸਾਰਥਕ ਜਵਾਬਦੇਹੀ’ ਨਿਕਲ ਕੇ ਆਵੇਗੀ।
ਭਾਰਤ ਸਰਕਾਰ ਪਹਿਲਾਂ ਹੀ ਸਾਜ਼ਿਸ਼ ’ਚ ਕਿਸੇ ਸ਼ਮੂਲੀਅਤ ਤੋਂ ਨਾਂਹ ਕਰ ਚੁੱਕੀ ਹੈ। ਤਾਂ ਵੀ ਅਮਰੀਕਾ ਵੱਲੋਂ ਲਾਏ ਗਏ ਇਨ੍ਹਾਂ ਗੰਭੀਰ ਦੋਸ਼ਾਂ ਤੋਂ ਬਾਅਦ ਭਾਰਤ ਨੇ ਮਾਮਲੇ ਦੀ ਤਫਤੀਸ਼ ਲਈ ਇਕ ਜਾਂਚ ਕਮੇਟੀ ਕਾਇਮ ਕੀਤੀ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਤਰਜਮਾਨ ਵੇਦਾਂਤ ਪਟੇਲ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆਅਸੀਂ ਭਾਰਤੀ ਜਾਂਚ ਦੇ ਸਿੱਟਿਆਂ ਉਤੇ ਆਧਾਰਤ ਜਵਾਬਦੇਹੀ ਦੀ ਉਮੀਦ ਕਰਦੇ ਹਾਂ ਤੇ ਅਜਿਹਾ ਹੁੰਦਾ ਦੇਖਣਾ ਚਾਹੁੰਦੇ ਹਾਂ ਤੇ ਯਕੀਨਨ ਅਮਰੀਕਾ ਦੀ ਉਦੋਂ ਤੱਕ ਪੂਰੀ ਤਸੱਲੀ ਨਹੀਂ ਹੋਵੇਗੀ, ਜਦੋਂ ਤੱਕ ਤਫਤੀਸ਼ ਦੇ ਸਿੱਟੇ ਵਜੋਂ ਸਾਰਥਕ ਜਵਾਬਦੇਹੀ ਸਾਹਮਣੇ ਨਹੀਂ ਆਉਂਦੀ।
ਉਨ੍ਹਾ ਇਸ ਸੰਬੰਧੀ ਇਹ ਕਹਿੰਦਿਆਂ ਹੋਰ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਕਿ ‘ਮਾਮਲਾ ਹਾਲੇ ਜਾਂਚ ਅਧੀਨ’ ਹੈ। ਬੀਤੇ ਹਫਤੇ ਅਮਰੀਕੀ ਅਧਿਕਾਰੀਆਂ ਨੇ ਸਾਬਕਾ ਭਾਰਤੀ ਪੁਲਸ ਅਧਿਕਾਰੀ ਵਿਕਾਸ ਯਾਦਵ ਉਤੇ ਪਨੂੰ ਦੇ ਕਤਲ ਦੀ ਕੋਸ਼ਿਸ਼ ਵਿਚ ਸ਼ਮੂਲੀਅਤ ਦੇ ਦੋਸ਼ ਲਾਏ ਸਨ। ਉਸ ਦੇ ਸਹਿ ਸਾਜ਼ਿਸ਼ਘਾੜੇ ਨਿਖਿਲ ਗੁਪਤਾ ਨੂੰ ਪਹਿਲਾਂ ਹੀ ਚੈਕ ਰਿਬਪਲਿਕ ਵਿਚ ਗਿ੍ਰਫਤਾਰ ਕਰ ਲਿਆ ਗਿਆ ਸੀ, ਜੋ ਹੁਣ ਅਮਰੀਕੀ ਜੇਲ੍ਹ ਵਿਚ ਬੰਦ ਹੈ। ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿੱਲਰ ਨੇ ਕਿਹਾ ਸੀ ਕਿ ਭਾਰਤ ਵੱਲੋਂ ਮਾਮਲੇ ਵਿਚ ਦਿੱਤੇ ਜਾ ਰਹੇ ਸਹਿਯੋਗ ਤੋਂ ਅਮਰੀਕਾ ਦੀ ਤਸੱਲੀ ਹੈ। ਇਸ ਤੋਂ ਬਾਅਦ ਪਟੇਲ ਦਾ ਇਹ ਬਿਆਨ ਆਇਆ ਹੈ ਕਿ ਹਾਲੇ ਅਮਰੀਕਾ ਦੀ ਪੂਰੀ ਤਸੱਲੀ ਨਹੀਂ ਹੈ।