ਭੋਪਾਲ : ਮੱਧ ਪ੍ਰਦੇਸ਼ ਦੇ ਸ਼ਹਡੋਲ ’ਚ ਤੇਂਦੂਏ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਲੋਕਾਂ ਨੂੰ ਜੰਗਲੀ ਰੇਂਜ ਤੋਂ ਦੂਰ ਰਹਿਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ, ਪਰ ਪਿਕਨਿਕ ਮਨਾਉਣ ਆਇਆ ਇੱਕ ਗਰੁੱਪ ਟਲਿਆ ਨਹੀਂ। ਨਤੀਜੇ ਵਜੋਂ ਉਨ੍ਹਾਂ ਵਿੱਚੋਂ ਤਿੰਨ ਤੇਂਦੂਏ ਦੇ ਹਮਲੇ ਦਾ ਸ਼ਿਕਾਰ ਹੋ ਗਏ। ਕੁੱਝ ਵਿਅਕਤੀ ਸ਼ਹਡੋਲ ਰੇਂਜ ਦੀ ਖਿਤੌਲੀ ਬੀਟ ’ਚ ਸੋਨ ਨਦੀ ਦੇ ਕੋਲ ਪਿਕਨਿਕ ਮਨਾ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਵੱਲੋਂ ਸ਼ੂਟ ਕੀਤੀ ਗਈ 30 ਸੈਕਿੰਡ ਦੀ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ, ਜਿਸ ਵਿਚ ਤੇਂਦੂਆ ਉਨ੍ਹਾਂ ’ਤੇ ਹਮਲਾ ਕਰਦਾ ਦਿਖਾਈ ਦਿੰਦਾ ਹੈ। ਗਰੁੱਪ ਨੇ ਵੀਡੀਓ ਰਿਕਾਰਡਿੰਗ ਕਰਦਿਆਂ ਤੇਂਦੂਏ ਨੂੰ ਹਮਲਾ ਕਰਨ ਨੂੰ ਉਕਸਾਇਆ ਸੀ। ਤੇਂਦੂਏ ਦੇ ਹਮਲੇ ’ਚ ਤਿੰਨ ਵਿਅਕਤੀ ਜ਼ਖਮੀ ਹੋ ਗਏ। ਵੀਡੀਓ ਦੀ ਸ਼ੁਰੂਆਤ ਗਰੁੱਪ ਵੱਲੋਂ ਤੇਂਦੂਏ ਨੂੰ ਬੁਲਾਉਣ ਨਾਲ ਹੁੰਦੀ ਹੈ, ਜੋ ਝਾੜੀਆਂ ’ਚ ਲੁਕਿਆ ਹੋਇਆ ਸੀ, ਉਹ ਤੇਂਦੂਏ ਨੂੰ ‘ਆਜਾ ਆਜਾ’ ਕਹਿ ਰਹੇ ਸਨ ਅਤੇ ਇਕ ਵੀਡੀਓ ਸ਼ੂਟ ਕਰ ਰਿਹਾ ਸੀ। ਉਨ੍ਹਾਂ ਦਾ ਇਹ ਮਜ਼ਾ ਦਹਿਸ਼ਤ ’ਚ ਬਦਲ ਗਿਆ ਜਦੋਂ ਤੇਂਦੂਆ ਦੌੜਦਾ ਆਇਆ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਤੇਂਦੂਏ ਨੇ ਦੋ ਲੋਕਾਂ ’ਤੇ ਹਮਲਾ ਕੀਤਾ ਅਤੇ ਤੀਜੇ ਨੂੰ ਘਸੀਟ ਕੇ ਲੈ ਗਿਆ ਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਸਾਰੇ ਇੱਧਰ-ਉੱਧਰ ਭੱਜੇ।