ਅੰਮਿ੍ਤਸਰ, (ਜਸਬੀਰ ਸਿੰਘ ਪੱਟੀ)-ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਅੰਮਿ੍ਤਸਰ ਸ਼ਹਿਰ ਦੀ ਕਾਨਫ਼ਰੰਸ ਸਥਾਨਕ ਹਰੀਪੁਰਾ ਇਲਾਕੇ ਵਿਖੇ ਕੀਤੀ ਗਈ, ਜਿਸ ਦੀ ਪ੍ਰਧਾਨਗੀ ਗੁਰਨਾਮ ਕੌਰ, ਦਸਵਿੰਦਰ ਕੌਰ, ਰਾਜੇਸ਼ ਕੁਮਾਰ ਯਾਦਵ, ਅਸ਼ਵਨੀ ਕੁਮਾਰ ਸ਼ਰਮਾ ਅਤੇ ਬਲਦੇਵ ਸਿੰਘ ਵੇਰਕਾ ਨੇ ਕੀਤੀ | ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬਾਈ ਅਬਜ਼ਰਬਰ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਦੇਸ਼ ਅਤੇ ਪੰਜਾਬ ਦੇ ਰਾਜਨੀਤਕ ਹਾਲਾਤ ਉਪਰ ਵਿਸਥਾਰਪੂਰਵਕ ਚਰਚਾ ਕੀਤੀ | ਉਨ੍ਹਾ ਕਿਹਾ ਕਿ ਜਦੋਂ ਅਸੀਂ ਆਪਣੀਆਂ ਕਾਨਫ਼ਰੰਸਾਂ ਕਰ ਰਹੇ ਹਾਂ ਤਾਂ ਦੇਸ਼ ਦਾ ਰਾਜਨੀਤਕ ਦਿ੍ਸ਼ ਫਾਸ਼ੀਵਾਦ ਵੱਲ ਵਧ ਰਿਹਾ ਹੈ | ਇਸ ਸਮੇਂ ਪਾਰਟੀ ਨੂੰ ਇਕਮੁਠ ਹੋ ਕੇ ਅੱਗੇ ਵਧਣ ਦੀ ਲੋੜ ਹੈ | ਉਨ੍ਹਾ ਕਿਹਾ ਕਿ ਪਾਰਟੀ ਜਥੇਬੰਦੀ ਨੂੰ ਨਵਿਆਉਣਾ ਅਤੇ ਪਾਰਟੀ ਨੂੰ ਮਜ਼ਬੂਤ ਕਰਨਾ ਹੀ ਇਨ੍ਹਾਂ ਕਾਨਫਰੰਸਾਂ ਦਾ ਬੁਨਿਆਦੀ ਮਕਸਦ ਹੈ | ਕਾਨਫ਼ਰੰਸ ਨੇ ਸਰਬਸੰਮਤੀ ਨਾਲ ਨਵੀਂ ਜ਼ਿਲ੍ਹਾ ਕੌਂਸਲ ਅਤੇ ਸੂਬਾਈ ਕਾਨਫ਼ਰੰਸ ਲਈ ਡੈਲੀਗੇਟਾਂ ਦੀ ਚੋਣ ਕੀਤੀ | ਵਿਜੇ ਕੁਮਾਰ ਨੂੰ ਦੁਬਾਰਾ ਜ਼ਿਲ੍ਹਾ ਸਕੱਤਰ ਚੁਣਿਆ ਗਿਆ | ਇਕ ਵੱਖਰਾ ਮਤਾ ਪਾਸ ਕਰਕੇ ਚਰਨਜੀਤ ਸਿੰਘ ਥੰਮੂਵਾਲ ਅਤੇ ਪੱਤਰਕਾਰ ਗਿਆਨ ਸੈਦਪੁਰੀ ਉਪਰ ਦਰਜ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ | ਇਹ ਮੰਗ ਵੀ ਕੀਤੀ ਗਈ ਕਿ ਸ਼ਾਹਕੋਟ ਦੇ ਐੱਸ ਡੀ ਐੱਮ ਅਤੇ ਉਸ ਦੇ ਕੁਰੱਪਟ ਸਟੈਨੋ ਦੀ ਦੋ ਨੰਬਰ ਦੀ ਕਮਾਈ ਨਾਲ ਬਣੀ ਜਾਇਦਾਦ ਦੀ ਜਾਂਚ ਕਰਵਾਈ ਜਾਵੇ |