ਸ਼ਾਹਕੋਟ (ਗਿਆਨ ਸੈਦਪੁਰੀ)-ਬਿਹਾਰ ਵਿੱਚ ਸੱਤਾ ਦੀ ਤਬਦੀਲੀ ਪੂਰੇ ਦੇਸ਼ ਵਿੱਚ ਸੱਤਾ ਪਰਿਵਰਤਨ ਲਈ ਰਾਹ ਖੋਲ੍ਹੇਗੀ | ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਸਕੱਤਰ ਅਤੁਲ ਕੁਮਾਰ ਅਨਜਾਨ ਨੇ ਕੀਤਾ | ਉਹ ਨਵਾਂ ਜ਼ਮਾਨਾ ਨਾਲ ਟੈਲੀਫੋਨ ‘ਤੇ ਗੱਲਬਾਤ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਜਨਤਾ ਦਲ ਯੂ ਦੀ ਸਰਕਾਰ ਟੁੱਟਣ ਤੋਂ ਬਾਅਦ ਰਾਸ਼ਟਰੀ ਜਨਤਾ ਦਲ, ਜਨਤਾ ਦਲ ਯੂਨਾਈਟਿਡ, ਕਾਂਗਰਸ ਅਤੇ ਕਮਿਊਨਿਸਟ ਪਾਰਟੀਆਂ ਨੇ ਜਿਹੜਾ ਸਾਂਝਾ ਮੋਰਚਾ ਬਣਾਇਆ ਹੈ, ਉਹ ਸਥਾਈ ਹੋਵੇਗਾ | ਕਾਮਰੇਡ ਅਨਜਾਨ ਨੇ ਦੱਸਿਆ ਕਿ ਪਿਛਲੇ 8 ਮਹੀਨਿਆਂ ਤੋਂ ਭਾਰਤੀ ਜਨਤਾ ਪਾਰਟੀ ਨੂੰ ਸਰਕਾਰ ਤੋਂ ਬਾਹਰ ਕਰਕੇ ਵਿਕਾਸ ਨੂੰ ਤੇਜ਼ ਕਰਨ ਲਈ ਕੰਮ ਕੀਤਾ ਜਾ ਰਿਹਾ ਸੀ |
ਵਿਕਾਸ ਦਾ ਇਹ ਇਰਾਦਾ ਹੁਣ ਪੂਰਾ ਹੋਵੇਗਾ | ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਅਗਵਾਈ ਵਿੱਚ ਬਣਿਆ ਮਹਾਂਗਠਬੰਧਨ ਦੇਸ਼ ਨੂੰ ਇੱਕ ਨਵਾਂ ਸੰਦੇਸ਼ ਦੇਵੇਗਾ | ਇਹ ਸਰਕਾਰ ਭਾਜਪਾ ਦੀ ਕੇਂਦਰੀ ਸਰਕਾਰ ਤੋਂ ਵੱਖਰੀ ਤਰ੍ਹਾਂ ਅਤੇ ਅਸਲੀ ਅਰਥਾਂ ਵਿੱਚ ਲੋਕਾਂ ਦੀ ਸਰਕਾਰ ਬਣਨ ਦਾ ਯਤਨ ਕਰੇਗੀ | ਉਨ੍ਹਾਂ ਭਵਿੱਖਬਾਣੀ ਕੀਤੀ ਕਿ ਬਿਹਾਰ ਮਹਾਂਗਠਬੰਧਨ ਆਉਂਦੀ ਵਿਧਾਨ ਸਭਾ ਚੋਣ ਵਿੱਚ ਦੋ ਤਿਹਾਈ ਬਹੁਮਤ ਪ੍ਰਾਪਤ ਕਰੇਗੀ | ਕਾਮਰੇਡ ਅਨਜਾਨ ਨੇ ਕਿਹਾ ਕਿ ਇਹ ਗਠਬੰਧਨ ਭਾਰਤੀ ਜਨਤਾ ਪਾਰਟੀ ਨੂੰ ਮਹਾਰਾਸ਼ਟਰ ਵਰਗੀ ਸਥਿਤੀ ਬਣਾਉਣ ਦਾ ਮੌਕਾ ਨਹੀਂ ਦਵੇਗਾ |