ਅੰਮਿ੍ਰਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਦੇ ਤਨਖਾਹੀਆ ਕਰਾਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿਮਨੀ ਚੋਣਾਂ ਦੌਰਾਨ ਸਿਆਸੀ ਸਰਗਰਮੀਆਂ ਲਈ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾ ਕਿਹਾ ਕਿ ਮੰਗਲਵਾਰ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ’ਚ ਸੱਤ ਮੈਂਬਰੀ ਵਫਦ ਉਨ੍ਹਾ ਕੋਲ ਆਇਆ ਸੀ ਤੇ ਸੁਖਬੀਰ ਸਿੰਘ ਬਾਦਲ ਨੂੰ ਰਾਹਤ ਦੇਣ ਦੀ ਗੱਲ ਰੱਖੀ ਸੀ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਤਨਖਾਹੀਏ ਦੀ ਇਕ ਪਰਿਭਾਸ਼ਾ ਹੁੰਦੀ ਹੈ, ਜਿੰਨੀ ਦੇਰ ਉਹ ਪੰਜ ਸਿੰਘ ਸਾਹਿਬਾਨ ਵੱਲੋਂ ਲਾਈ ਤਨਖਾਹ ਪੂਰੀ ਨਹੀਂ ਕਰਦਾ, ਉਦੋਂ ਤੱਕ ਉਹ ਤਨਖਾਹੀਆ ਹੀ ਹੈ। ਉਸ ਨੂੰ ਤਨਖਾਹ ਲਗਾ ਕੇ ਪੂਰੀ ਕਰਨੀ ਜ਼ਰੂਰੀ ਹੈ। ਉਸ ਨੂੰ ਸਜ਼ਾ ਬਾਰੇ ਅਜੇ ਫੈਸਲਾ ਰਾਖਵਾਂ ਹੈ ਤੇ ਕੁਝ ਸਮੇਂ ਬਾਅਦ ਪੰਜ ਸਿੰਘ ਸਾਹਿਬਾਨ ਮੀਟਿੰਗ ਵਿਚ ਵਿਚਾਰ ਕਰਕੇ ਅਗਲਾ ਫੈਸਲਾ ਲੈਣਗੇ। ਉਨ੍ਹਾ ਸਪੱਸ਼ਟ ਕੀਤਾ ਕਿ ਜੇ ਕੋਈ ਸਿੱਖ ਤਨਖਾਹੀਆ ਹੈ ਤਾਂ ਉਸ ਦੇ ਮੁਤਾਬਕ ਹੀ ਚੱਲਣਾ ਚਾਹੀਦਾ ਹੈ। ਅਕਾਲੀ ਦਲ ਦੇ ਵਫਦ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਕਾਰਨ ਪਾਰਟੀ ਦੇ ਹੋ ਰਹੇ ਨੁਕਸਾਨ ਬਾਰੇ ਜਥੇਦਾਰ ਨੂੰ ਜਾਣੂ ਕਰਵਾਉਂਦਿਆਂ ਬੇਨਤੀ ਕੀਤੀ ਸੀ ਕਿ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ’ਚ ਵਿਚਰਨ ਦੀ ਛੋਟ ਦਿੱਤੀ ਜਾਵੇ। ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ ਭਾਰਤੀ ਜਨਤਾ ਪਾਰਟੀ ਤੇ ਆਰ ਐੱਸ ਐੱਸ ਪੂਰੇ ਯਤਨ ਕਰ ਰਹੀ ਹੈ। ਇਸ ਦੇ ਨਾਲ ਹੀ ਵਫਦ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਸਰਕਾਰ ਮਿਲ ਕੇ 28 ਅਕਤੂਬਰ ਨੂੰ ਹੋਣ ਵਾਲੇ ਜਨਰਲ ਇਜਲਾਸ ’ਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਤੋੜਨ ਦਾ ਯਤਨ ਕਰ ਰਹੀ ਹੈ। ਸਰਕਾਰੀ ਤੰਤਰ ਮੈਂਬਰਾਂ ਤੱਕ ਪਹੁੰਚ ਕਰਕੇ ਇਥੋਂ ਤੱਕ ਕਿ ਵਿਧਾਇਕ ਡਰਾਵੇ ਦੇ ਕੇ ਬੀਬੀ ਜਗੀਰ ਕੌਰ ਦੇ ਹੱਕ ’ਚ ਵੋਟ ਪਾਉਣ ਦੇ ਲਈ ਜ਼ੋਰ ਲਗਾ ਰਹੇ ਹਨ।