ਨਵੀਂ ਦਿੱਲੀ : ਉਲੰਪਿਕ ਕਾਂਸੀ ਤਮਗਾ ਜੇਤੂ ਭਲਵਾਨ ਸਾਕਸ਼ੀ ਮਲਿਕ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ’ਤੇ ਵਿਸਫੋਟਕ ਦੋਸ਼ ਲਾਏ ਹਨ। ਹਾਲ ਹੀ ’ਚ ਰਿਲੀਜ਼ ਆਪਣੀ ਆਤਮਕਥਾ ‘ਵਿਟਨੈੱਸ’ ਵਿਚ ਸਾਕਸ਼ੀ ਨੇ ਕਿਹਾ ਹੈ ਕਿ ਬਿ੍ਰਜ ਭੂਸ਼ਣ ਨੇ 2012 ’ਚ ਉਸ ਦੇ ਯੌਨ ਸ਼ੋਸ਼ਣ ਦੀ ਕੋਸ਼ਿਸ਼ ਕੀਤੀ ਸੀ। ਕਜ਼ਾਕਿਸਤਾਨ ਦੇ ਅਲਮਾਤੀ ਵਿਚ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਦੌਰਾਨ ਬਿ੍ਰਜ ਭੂਸ਼ਣ ਨੇ ਉਸ ਨੂੰ ਉਸ ਦੇ ਮਾਪਿਆਂ ਨਾਲ ਗੱਲਬਾਤ ਕਰਨ ਦੇ ਬਹਾਨੇ ਹੋਟਲ ਦੇ ਕਮਰੇ ’ਚ ਸੱਦਿਆ। ਫੋਨ ’ਤੇ ਗੱਲਬਾਤ ਖਤਮ ਹੋਣ ਤੋਂ ਬਾਅਦ ਉਸ ਨੇ ਸਰੀਰਕ ਛੇੜਛਾੜ ਦੀ ਕੋਸ਼ਿਸ਼ ਕੀਤੀ। ਉਹ ਉਸ ਨੂੰ ਧੱਕਾ ਮਾਰ ਕੇ ਕਮਰੇ ਵਿੱਚੋਂ ਨਿਕਲ ਆਈ।
ਅਖਬਾਰ ‘ਟਾਈਮਜ਼ ਆਫ ਇੰਡੀਆ’ ਵਿਚ ਛਪੇ ਆਤਮਕਥਾ ਦੇ ਕੁਝ ਹਿੱਸਿਆਂ ਮੁਤਾਬਕ ਸਾਕਸ਼ੀ ਨੇ ਕਿਹਾਬਿ੍ਰਜ ਭੂਸ਼ਣ ਨੇ ਫੋਨ ’ਤੇ ਮੇਰੇ ਮਾਪਿਆਂ ਨਾਲ ਮਿਲਵਾਇਆ। ਉਦੋਂ ਮੈਨੂੰ ਕੁਝ ਗਲਤ ਨਹੀਂ ਲੱਗਾ। ਜਦੋਂ ਮੈਂ ਮਾਪਿਆਂ ਨੂੰ ਆਪਣੇ ਮੈਚ ਤੇ ਮੈਡਲ ਬਾਰੇ ਦੱਸ ਕੇ ਫੋਨ ਬੰਦ ਕੀਤਾ, ਬਿ੍ਰਜ ਭੂਸ਼ਣ ਨੇ ਬੈੱਡ ’ਤੇ ਨਾਲ ਬੈਠੀ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ। ਮੈਂ ਉਸ ਨੂੰ ਪਰ੍ਹੇ ਧੱਕ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਮੈਂ ਕੁਝ ਸਮਾਂ ਚੁੱਪ ਰਹੀ, ਕਿਉਕਿ ਬਿ੍ਰਜ ਭੂਸ਼ਣ ਤਾਕਤਵਰ ਬੰਦਾ ਸੀ ਤੇ ਮੇਰਾ ਕੈਰੀਅਰ ਖਤਮ ਕਰ ਸਕਦਾ ਸੀ। ਸਾਕਸ਼ੀ ਮਲਿਕ ਰੇਲਵੇ ਵਿਚ ਸੀਨੀਅਰ ਅਧਿਕਾਰੀ ਹੈ ਤੇ ਉਸ ਨੇ ਭਲਵਾਨ ਕੁੜੀਆਂ ਦੇ ਯੌਨ ਸ਼ੋਸ਼ਣ ਨੂੰ ਲੈ ਕੇ ਭਲਵਾਨਾਂ ਵੱਲੋਂ ਦਿੱਲੀ ’ਚ ਕੀਤੇ ਗਏ ਵੱਡੇ ਅੰਦੋਲਨ ’ਚ ਵਧ-ਚੜ੍ਹ ਕੇ ਹਿੱਸਾ ਲਿਆ ਸੀ।
ਇਸੇ ਦੌਰਾਨ ਸੀਨੀਅਰ ਭਲਵਾਨ ਤੇ ਭਾਜਪਾ ਆਗੂ ਬਬੀਤਾ ਫੋਗਾਟ ਨੇ ਸਾਕਸ਼ੀ ਵੱਲੋਂ ਆਤਮਕਥਾ ਵਿਚ ਉਸ ਬਾਰੇ ਲਿਖੀਆਂ ਗੱਲਾਂ ਨੂੰ ਝੁਠਲਾਇਆ ਹੈ। ਸਾਕਸ਼ੀ ਨੇ ਲਿਖਿਆ ਹੈ ਕਿ ਬਬੀਤਾ ਫੋਗਾਟ ਨੇ ਭਲਵਾਨਾਂ ਨੂੰ ਬਿ੍ਰਜ ਭੂਸ਼ਣ ਖਿਲਾਫ ਪ੍ਰੋਟੈੱਸਟ ਲਈ ਉਕਸਾਇਆ ਸੀ। ਬਬੀਤਾ ਨੇ ਕਈ ਭਲਵਾਨਾਂ ਦੀ ਮੀਟਿੰਗ ਕਰਕੇ ਯੌਨ ਸ਼ੋਸ਼ਣ ਸਮੇਤ ਫੈਡਰੇਸ਼ਨ ਦੇ ਮਾੜੇ ਕੰਮਾਂ ਖਿਲਾਫ ਪ੍ਰੋਟੈੱਸਟ ਕਰਨ ’ਤੇ ਜ਼ੋਰ ਪਾਇਆ ਸੀ। ਦਰਅਸਲ ਬਬੀਤਾ ਫੈਡਰੇਸ਼ਨ ਦਾ ਪ੍ਰਧਾਨ ਬਣਨਾ ਚਾਹੁੰਦੀ ਸੀ। ਬਬੀਤਾ ਨੇ ਕਿਹਾ ਹੈ ਕਿ ਸਾਕਸ਼ੀ ਨੇ ਕਿਤਾਬ ਦੀ ਵਿਕਰੀ ਵਧਾਉਣ ਲਈ ਉਸ ਵਿਰੁੱਧ ਲਿਖਿਆ ਹੈ। ਬਬੀਤਾ ਨੇ ਕਿਹਾ ਹੈਖੁਦ ਦੇ ਕਿਰਦਾਰ ਨਾਲ ਜਗਮਗਾਓ। ਉਧਾਰ ਦੀ ਰੌਸ਼ਨੀ ਕਦੋਂ ਤੱਕ ਚੱਲੇਗੀ। ਕਿਸੇ (ਵਿਨੇਸ਼ ਫੋਗਾਟ) ਨੂੰ ਅਸੰਬਲੀ ਸੀਟ ਮਿਲ ਗਈ, ਕਿਸੇ ਨੂੰ ਅਹੁਦਾ, ਦੀਦੀ ਤੈਨੂੰ ਕੁਝ ਨਹੀਂ ਮਿਲਿਆ, ਅਸੀਂ ਸਮਝ ਸਕਦੇ ਹਾਂ ਤੇਰਾ ਦਰਦ। ਕਿਤਾਬ ਵੇਚਣ ਦੇ ਚੱਕਰ ’ਚ ਆਪਣਾ ਈਮਾਨ ਵੇਚ ਗਈ।