ਵਾਇਨਾਡ : ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਨੇ ਬੁੱਧਵਾਰ ਕੇਰਲਾ ਦੇ ਵਾਇਨਾਡ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ। ਇਹ ਉਸ ਦੀ ਪਹਿਲੀ ਚੋਣ ਹੈ। ਪਿ੍ਰਅੰਕਾ ਨੇ ਵਾਇਨਾਡ ਚੋਣ ਦੀ ਰਿਟਰਨਿੰਗ ਅਫਸਰ ਅਤੇ ਡੀ ਸੀ ਮੇਘਾਸ੍ਰੀ ਨੂੰ ਕਾਗਜ਼ਾਂ ਦੇ ਤਿੰਨ ਸੈੱਟ ਸੌਂਪੇ। ਪਤੀ ਰੌਬਰਟ ਵਾਡਰਾ ਅਤੇ ਪੁੱਤਰ ਵੀ ਨਾਲ ਸਨ। ਮਾਤਾ ਸੋਨੀਆ ਗਾਂਧੀ ਪਿੱਛੇ ਬੈਠੀ ਸੀ।
ਇਸ ਦੌਰਾਨ ਉਦੋਂ ਕੁਝ ਭੰਬਲਭੂਸਾ ਪੈਦਾ ਹੋਇਆ ਜਦੋਂ ਅਧਿਕਾਰੀਆਂ ਨੇ ਜ਼ੋਰ ਦਿੱਤਾ ਕਿ ਰਿਟਰਨਿੰਗ ਅਫਸਰ ਦੇ ਚੈਂਬਰ ਵਿਚ ਉਮੀਦਵਾਰ ਨਾਲ ਸਿਰਫ ਪੰਜ ਜਣੇ ਹੀ ਜਾ ਸਕਦੇ ਹਨ। ਰੌਬਰਟ ਵਾਡਰਾ ਤੇ ਪੁੱਤਰ ਚੈਂਬਰ ਤੋਂ ਬਾਹਰ ਆ ਗਏ ਤਾਂ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਅੰਦਰ ਜਾ ਸਕਣ। ਇਸ ਮੌਕੇ ਪਿ੍ਰਅੰਕਾ ਦੇ ਭਰਾ ਰਾਹੁਲ ਗਾਂਧੀ ਵੀ ਹਾਜ਼ਰ ਸਨ। ਵਾਇਨਾਡ ਦੀ ਜ਼ਿਮਨੀ ਚੋਣ ਇਸ ਹਲਕੇ ਨੂੰ ਰਾਹੁਲ ਗਾਂਧੀ ਵੱਲੋਂ ਖਾਲੀ ਕੀਤੇ ਜਾਣ ਕਾਰਨ ਹੋ ਰਹੀ ਹੈ, ਕਿਉਂਕਿ ਉਹ ਵਾਇਨਾਡ ਤੋਂ ਇਲਾਵਾ ਰਾਏ ਬਰੇਲੀ ਤੋਂ ਵੀ ਜਿੱਤੇ ਸਨ। ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਕਾਂਗਰਸ ਨੇ ਵਿਸ਼ਾਲ ਰੋਡ ਸ਼ੋਅ ਕੀਤਾ। ਇਸ ਮੌਕੇ ਬੋਲਦਿਆਂ ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਉਸ ਦਾ ਚੋਣ ਪ੍ਰਚਾਰ ਕਰਨ ਦਾ 35 ਸਾਲਾਂ ਦਾ ਤਜਰਬਾ ਹੈ ਅਤੇ ਉਸ ਨੇ 1989 ਵਿਚ 17 ਸਾਲਾਂ ਦੀ ਉਮਰ ਵਿਚ ਹੀ ਸਿਆਸੀ ਮੁਹਿੰਮਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਸਭ ਤੋਂ ਪਹਿਲਾਂ ਉਸ ਨੇ ਆਪਣੇ ਪਿਤਾ ਅਤੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਲਈ ਚੋਣ ਪ੍ਰਚਾਰ ਕੀਤਾ ਸੀ।
ਰੋਡ ਸ਼ੋਅ ਦੀ ਸ਼ੁਰੂਆਤ ਤੋਂ ਪਹਿਲਾਂ ਕਲਪੇਟਾ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਉਸ ਨੇ ਕਿਹਾ ਕਿ ਉਸ ਨੇ ਆਪਣੀ ਮਾਤਾ ਸੋਨੀਆ ਗਾਂਧੀ ਤੇ ਭਰਾ ਰਾਹੁਲ ਗਾਂਧੀ ਅਤੇ ਹੋਰ ਪਾਰਟੀ ਆਗੂਆਂ ਦੀਆਂ ਚੋਣ ਮੁਹਿੰਮਾਂ ਦੀ ਵੀ ਅਗਵਾਈ ਕੀਤੀ ਹੈ। ਗੌਰਤਲਬ ਹੈ ਕਿ ਬੀਤੇ ਦਿਨ ਵਾਇਨਾਡ ਤੋਂ ਭਾਜਪਾ ਉਮੀਦਵਾਰ ਨਵਿਆ ਹਰੀਦਾਸ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਲੋਕਾਂ ਦੀ ਨੁਮਾਇੰਦਗੀ ਦੇ ਮਾਮਲੇ ਵਿਚ ਪਿ੍ਰਅੰਕਾ ਤੋਂ ਵੱਧ ਤਜਰਬਾ ਹਾਸਲ ਹੈ।