ਮੱਧ ਪ੍ਰਦੇਸ਼ ਦੀ ਸੀਨੀਅਰ ਆਈ ਏ ਐੱਸ ਅਧਿਕਾਰੀ ਸ਼ੈਲਬਾਲਾ ਮਾਰਟਿਨ ਨੇ ਮੰਦਰਾਂ ’ਚ ਲੱਗੇ ਲਾਊਡ ਸਪੀਕਰਾਂ ਤੇ ਡੀ ਜੇ ਨਾਲ ਹੋਣ ਵਾਲੇ ਪ੍ਰਦੂਸ਼ਣ ’ਤੇ ਸਵਾਲ ਉਠਾਇਆ ਤਾਂ ਹਿੰਦੂ ਸੰਗਠਨ ਉਸ ਦੇ ਪਿੱਛੇ ਪੈ ਗਏ ਹਨ। ਸੂਬੇ ਦੀ ਰਾਜਧਾਨੀ ਭੋਪਾਲ ’ਚ ਪਿਛਲੇ ਹਫਤੇ ਦੁਰਗਾ ਮੂਰਤੀ ਦੇ ਵਿਸਰਜਨ ਦੌਰਾਨ ਤੇਜ਼ ਡੀ ਜੇ ਦੀ ਆਵਾਜ਼ ਨਾਲ 13 ਸਾਲ ਦੇ ਮੁੰਡੇ ਦੀ ਮੌਤ ਹੋ ਗਈ ਸੀ। ਉਹ ਡੀ ਜੇ ਦੀ ਆਵਾਜ਼ ’ਤੇ ਡਾਂਸ ਕਰਦਾ-ਕਰਦਾ ਅਚਾਨਕ ਡਿਗ ਪਿਆ ਤੇ ਸ਼ੁੱਕਰਵਾਰ ਉਸ ਦੀ ਮੌਤ ਹੋ ਗਈ। ਇਸ ਦੇ ਬਾਅਦ ਸੂਬੇ ਦੇ ਮੰਦਰਾਂ ਵਿਚ ਲਾਊਡ ਸਪੀਕਰ ਵਜਾਉਣ ਤੇ ਧਾਰਮਕ ਯਾਤਰਾ ਦੌਰਾਨ ਡੀ ਜੇ ਵਜਾਉਣ ਅਤੇ ਮਸਜਿਦਾਂ ਵਿਚ ਲੱਗੇ ਲਾਊਡ ਸਪੀਕਰਾਂ ਤੋਂ ਅਜ਼ਾਨ ’ਤੇ ਬਹਿਸ ਸ਼ੁਰੂ ਹੋ ਗਈ। ਸੋਸ਼ਲ ਮੀਡੀਆ ’ਤੇ ਇਕ ਪੱਤਰਕਾਰ ਨੇ ਮਸਜਿਦਾਂ ਵਿਚ ਲਾਊਡ ਸਪੀਕਰਾਂ ਦੀ ਵਰਤੋਂ ’ਤੇ ਇਤਰਾਜ਼ ਤੇ ਰੋਕਾਂ ਅਤੇ ਇਨ੍ਹਾਂ ਦੇ ਬਾਹਰ ਧਾਰਮਕ ਯਾਤਰਾ ਦੌਰਾਨ ਡੀ ਜੇ ਵਜਾਉਣ ਨੂੰ ਲੈ ਕੇ ਸਵਾਲ ਉਠਾਉਦਿਆਂ ਪੁੱਛਿਆ ਕਿ ਇਹ ਦੋਹਰਾ ਪੈਮਾਨਾ ਕਿਉ ਹੈ, ਯਾਨੀ ਤੁਸੀਂ ਮਸਜਿਦਾਂ ਦੇ ਲਾਊਡ ਸਪੀਕਰਾਂ ’ਤੇ ਅਜ਼ਾਨ ਦਾ ਵਿਰੋਧ ਕਰਦੇ ਹੋ ਤੇ ਖੁਦ ਮਸਜਿਦ ਦੇ ਬਾਹਰ ਤੇਜ਼ ਆਵਾਜ਼ ’ਚ ਡੀ ਜੇ ਵਜਾਉਦੇ ਹੋ ਤੇ ਇਤਰਾਜ਼ਯੋਗ ਨਾਅਰੇਬਾਜ਼ੀ ਕਰਦੇ ਹੋ। ਪੱਤਰਕਾਰ ਦੀ ਪੋਸਟ ’ਤੇ ਆਈ ਏ ਐੱਸ ਅਧਿਕਾਰੀ ਸ਼ੈਲਬਾਲਾ ਮਾਰਟਿਨ ਨੇ ਪ੍ਰਤੀਕਿਰਿਆ ਕਰਦਿਆਂ ਕਿਹਾਅਤੇ ਮੰਦਰਾਂ ’ਤੇ ਲੱਗੇ ਲਾਊਡ ਸਪੀਕਰ, ਜਿਹੜੇ ਕਈ-ਕਈ ਗਲੀਆਂ ਵਿਚ ਦੂਰ ਤੱਕ ਆਵਾਜ਼ ਪ੍ਰਦੂਸ਼ਣ ਫੈਲਾਉਦੇ ਹਨ, ਜਿਹੜੇ ਅੱਧੀ-ਅੱਧੀ ਰਾਤ ਤੱਕ ਵੱਜਦੇ ਹਨ, ਉਨ੍ਹਾਂ ਨਾਲ ਕਿਸੇ ਨੂੰ ਪ੍ਰੇਸ਼ਾਨੀ ਨਹੀਂ ਹੁੰਦੀ।
ਸ਼ੈਲਬਾਲਾ ਦੀ ਪੋਸਟ ਅਖੌਤੀ ਧਾਰਮਕ ਸੰਗਠਨਾਂ ਨੂੰ ਪਸੰਦ ਨਹੀਂ ਆਈ। ਦੱਖਣ ਪੰਥੀ ਸੰਗਠਨ ‘ਸੰਸ�ਿਤੀ ਬਚਾਓ ਮੰਚ’ ਦੇ ਪ੍ਰਧਾਨ ਚੰਦਰਸ਼ੇਖਰ ਤਿਵਾੜੀ ਨੇ ਕਿਹਾ ਕਿ ਉਹ ਇਸ ਅਧਿਕਾਰੀ ਦੇ ਖਿਲਾਫ ਪ੍ਰਦਰਸ਼ਨ ਕਰਨਗੇ। ਦੂਜੇ ਪਾਸੇ ਸ਼ੈਲਬਾਲਾ ਮਾਰਟਿਨ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਹਮਾਇਤ ਮਿਲ ਰਹੀ ਹੈ। ਕਈ ਪੱਤਰਕਾਰਾਂ ਨੇ ਉਨ੍ਹਾ ਦੇ ਹੱਕ ਵਿਚ ਆਵਾਜ਼ ਉਠਾਉਦਿਆਂ ਸਵਾਲ ਕੀਤਾ ਹੈ ਕਿ ਮਸਜਿਦ ਦੇ ਲਾਊਡ ਸਪੀਕਰਾਂ ਅਤੇ ਮੰਦਰਾਂ ਦੇ ਲਾਊਡ ਸਪੀਕਰਾਂ ਤੇ ਡੀ ਜੇ ਨੂੰ ਲੈ ਕੇ ਇਹ ਦੰਭ ਕਿਉ?
ਮੱਧ ਪ੍ਰਦੇਸ਼ ਸਰਕਾਰ ਨੇ ਪਿਛਲੇ ਸਾਲ ਆਵਾਜ਼ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਸਨ, ਜਿਨ੍ਹਾਂ ਦਾ ਮਕਸਦ ਖਾਸ ਤੌਰ ’ਤੇ ਧਰਮ ਸਥਾਨਾਂ ਵਿਚ ਲੱਗੇ ਲਾਊਡ ਸਪੀਕਰਾਂ ਨੂੰ ਕੰਟਰੋਲ ਕਰਨਾ ਸੀ। ਕਈ ਥਾਵਾਂ ’ਤੇ ਹਿੰਦੂ ਸੰਗਠਨਾਂ ਨੇ ਮਸਜਿਦਾਂ ਵਿਚ ਲੱਗੇ ਲਾਊਡ ਸਪੀਕਰਾਂ ਦਾ ਵਿਰੋਧ ਕੀਤਾ, ਹਾਲਾਂਕਿ ਅਜ਼ਾਨ ਮਸਾਂ ਦੋ-ਤਿੰਨ ਮਿੰਟ ਦੀ ਹੁੰਦੀ ਹੈ। ਨਤੀਜੇ ਵਜੋਂ ਕਈ ਮਸਜਿਦਾਂ ਦੇ ਲਾਊਡ ਸਪੀਕਰ ਉਤਰਵਾ ਦਿੱਤੇ ਗਏ। ਦੂਜੇ ਪਾਸੇ ਹਿੰਦੂ ਤਿਉਹਾਰਾਂ ’ਤੇ ਨਿਕਲਣ ਵਾਲੀਆਂ ਯਾਤਰਾਵਾਂ ਦੌਰਾਨ ਮਸਜਿਦ ਅੱਗੇ ਡੀ ਜੇ ਤੇਜ਼ ਆਵਾਜ਼ ਵਜਾਉਣ ਤੇ ਇਤਰਾਜ਼ਯੋਗ ਨਾਅਰੇ ਲਾਉਣ ਅਤੇ ਮੰਦਰਾਂ ਵਿਚ ਦੇਰ ਰਾਤ ਤੱਕ ਤੇਜ਼ ਆਵਾਜ਼ ’ਚ ਭਜਨ ਕਰਨ ’ਤੇ ਨਾ ਮੱਧ ਪ੍ਰਦੇਸ਼ ਦੀ ਸਰਕਾਰ ਨੂੰ ਇਤਰਾਜ਼ ਹੈ ਤੇ ਨਾ ਯੂ ਪੀ, ਗੁਜਰਾਤ ਤੇ ਮਹਾਰਾਸ਼ਟਰ ਆਦਿ ਦੀਆਂ ਸਰਕਾਰਾਂ ਨੂੰ। ਮੱਧ ਪ੍ਰਦੇਸ਼ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ੈਲਬਾਲਾ ਮਾਰਟਿਨ ਦਾ ਵਿਰੋਧ ਕਰਨ ਵਾਲਿਆਂ ਨਾਲ ਸਖਤੀ ਨਾਲ ਪੇਸ਼ ਆਵੇ। ਅਫਸਰਾਂ ਦੀ ਕੁਲ ਹਿੰਦ ਐਸੋਸੀਏਸ਼ਨ ਨੂੰ ਵੀ ਸ਼ੈਲਬਾਲਾ ਦੇ ਹੱਕ ਵਿਚ ਨਿੱਤਰਨਾ ਚਾਹੀਦਾ ਹੈ ਅਤੇ ਸਾਰੇ ਅਫਸਰਾਂ ਨੂੰ ਆਵਾਜ਼ ਦੇ ਪ੍ਰਦੂਸ਼ਣ ਖਿਲਾਫ ਸਖਤ ਕਦਮ ਚੁੱਕਣੇ ਚਾਹੀਦੇ ਹਨ, ਭਾਵੇਂ ਉਹ ਕਿਸੇ ਵੀ ਪਾਰਟੀ ਦੀ ਹਕੂਮਤ ਹੇਠ ਕੰਮ ਕਰ ਰਹੇ ਹਨ।