ਸ੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਇਲਾਕੇ ਦੇ ਬਟਾਗੁੰਡ ਵਿਚ ਵੀਰਵਾਰ ਸਵੇਰੇ ਦਹਿਸ਼ਤਗਰਦਾਂ ਨੇ ਯੂ ਪੀ ਦੇ ਇਕ ਮਜ਼ਦੂਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਗੋਲੀ ਬਿਜਨੌਰ ਵਾਸੀ ਸ਼ੁਭਮ ਕੁਮਾਰ ਦੇ ਹੱਥ ’ਤੇ ਵੱਜੀ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਿਛਲੇ ਇਕ ਹਫਤੇ ਵਿਚ ਕਸ਼ਮੀਰ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਗੋਲੀ ਮਾਰਨ ਦੀ ਇਹ ਤੀਜੀ ਘਟਨਾ ਹੈ। ਐਤਵਾਰ ਹੋਏ ਹਮਲੇ ਵਿਚ ਡਾਕਟਰ ਤੇ 6 ਮਜ਼ਦੂਰਾਂ ਦੀ ਮੌਤ ਹੋ ਗਈ ਸੀ।
ਇਸੇ ਦੌਰਾਨ ਜੰਮੂ-ਕਸ਼ਮੀਰ ਦੇ ਗਗਨਗੀਰ ਵਿਚ ਹੋਏ ਹਮਲੇ ’ਚ ਸ਼ਾਮਲ ਇਕ ਦਹਿਸ਼ਤਗਰਦ ਦਾ ਸੀ ਸੀ ਟੀ ਵੀ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਸ ਨੇ ਕਸ਼ਮੀਰੀ ਪੁਸ਼ਾਕ ਫੇਰਨ ਪਾਈ ਹੋਈ ਹੈ ਅਤੇ ਹੱਥ ਵਿਚ ਏ ਕੇ ਰਾਈਫਲ ਫੜੀ ਹੋਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਹ ਦਹਿਸ਼ਤਗਰਦ 20 ਅਕਤੂਬਰ ਨੂੰ ਹੋਏ ਹਮਲੇ ਵਿਚ ਸ਼ਾਮਲ ਸੀ ਜਾਂ ਨਹੀਂ। ਸੂਤਰਾਂ ਨੇ ਦੱਸਿਆ ਕਿ ਫੁਟੇਜ਼ ਵਿਚ 27 ਜਨਵਰੀ ਲਿਖਿਆ ਹੈ, ਹਾਲਾਂਕਿ ਇਹ ਕਿਸੇ ਸੈਟਿੰਗ ਜਾਂ ਤਕਨੀਕੀ ਸਮੱਸਿਆ ਦੇ ਕਾਰਨ ਵੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦਹਿਸ਼ਤਗਰਦ ਦੇ ਹੱਥ ਵਿਚ ਜੋ ਰਾਈਫਲ ਹੈ, ਉਸੇ ਤਰ੍ਹਾਂ ਦੀ ਰਾਈਫਲ ਪੀਰ ਪੰਜਾਲ ਖੇਤਰ ਵਿਚ ਸੁਰੱਖਿਆ ਬਲਾਂ ’ਤੇ ਕੀਤੇ ਗਏ ਹਮਲੇ ਵਿਚ ਵਰਤੀ ਗਈ ਸੀ, ਜੋ ਕਿ ਗਗਨਗੀਰ ਤੋਂ 200 ਕਿਲੋਮੀਟਰ ਦੂਰ ਹੈ। ਉਨ੍ਹਾਂ ਦੱਸਿਆ ਕਿ ਫੁਟੇਜ਼ ਵਿਚ ਦਹਿਸ਼ਤਗਰਦ ਨੇ ਆਪਣਾ ਮੂੰਹ ਨਹੀਂ ਢਕਿਆ ਹੋਇਆ, ਜਦੋਂ ਕਿ ਚਸ਼ਮਦੀਦਾਂ ਅਨੁਸਾਰ ਗਗਨਗੀਰ ਹਮਲੇ ਵਿਚ ਹਮਲਾਵਰਾਂ ਨੇ ਮੂੰਹ ਢਕਿਆ ਹੋਇਆ ਸੀ।