ਜਲੰਧਰ (ਕੇਸਰ)-ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ‘ਮੇਲਾ ਗਦਰੀ ਬਾਬਿਆਂ ਦਾ’, ਜੋ 7-8 ਤੇ 9 ਨਵੰਬਰ ਨੂੰ ਲੱਗ ਰਿਹਾ ਹੈ, ’ਤੇ ਆਉਦੇ ਪੁਸਤਕ ਵਿਕਰੇਤਾ ਅਤੇ ਪਬਲਿਸ਼ਰਾਂ ਦੀ ਮੀਟਿੰਗ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ। ਕਮੇਟੀ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਆਏ ਹੋਏ ਪੁਸਤਕ ਵਿਕਰੇਤਾ ਅਤੇ ਪਬਲਿਸ਼ਰਾਂ ਨੂੰ ਜੀ ਆਇਆਂ ਕਹਿੰਦੇ ਹੋਇਆਂ ਕਿਹਾ ਕਿ ਇਹ ਮੀਟਿੰਗ ਤੁਹਾਡੇ ਤੋਂ ਸਹਿਯੋਗ ਤੇ ਸੁਝਾਅ ਲੈਣ ਅਤੇ ਕਮੇਟੀ ਵੱਲੋਂ ਆਪਣੇ ਸੁਝਾਅ ਦੇਣ ਲਈ ਸੱਦੀ ਗਈ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਟਾਲਾਂ ਉੱਤੇ ਲੱਚਰ, ਫਿਰਕੂ ਅਤੇ ਵਹਿਮ-ਭਰਮ ਫੈਲਾਉਣ ਵਾਲਾ ਲਿਟਰੇਚਰ ਨਾ ਆਵੇ। ਵਿਕਰੇਤਾ ਆਪਣੇ ਮਟੀਰੀਅਲ ਦੇ ਹਿਸਾਬ ਨਾਲ ਟੇਬਲ ਲੈਣ, ਜਦੋਂ ਕਿ ਕਈਆਂ ਕੋਲ ਮਟੀਰੀਅਲ ਘੱਟ ਹੁੰਦਾ ਤੇ ਟੇਬਲ ਜ਼ਿਆਦਾ ਲਾ ਕੇ ਥਾਂ ਰੋਕ ਲੈਂਦੇ ਹਨ। ਕਈ ਵਿਕਰੇਤਾ ਇੱਕ ਸਟਾਲ ਤੋਂ ਦੂਜਾ ਜਾਲ੍ਹੀ ਸਟਾਲ ਬਣਾ ਕੇ ਇੱਕ ਦੇ ਦੋ ਬਣਾ ਲੈਂਦੇ ਹਨ, ਇਹ ਫਰਾਡ ਹੈ। ਕਮੇਟੀ ਵੱਲੋਂ ਜੋ ਬੁੱਕ ਸਟਾਲ ਕਮੇਟੀ ਬਣੀ ਹੈ, ਜਦੋਂ ਉਸ ਨੂੰ ਕਮੇਟੀ ਵਾਲੇ ਕਹਿੰਦੇ ਹਨ ਤਾਂ ਉਹ ਬੁਰਾ ਮਨਾਉਦੇ ਹਨ।ਇਸ ਤਰ੍ਹਾਂ ਕਰਨ ਵਾਲਿਆਂ ਨੂੰ ਕਮੇਟੀ ਦੀ ਜਨਰਲ ਬਾਡੀ ਨੇ ਫੈਸਲਾ ਕੀਤਾ ਹੈ ਕਿ ਜਗ੍ਹਾ ਨਹੀਂ ਦਿੱਤੀ ਜਾਵੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁੱਕ ਸਟਾਲ ਕਮੇਟੀ ਦੇ ਕਨਵੀਨਰ ਰਮਿੰਦਰ ਸਿੰਘ ਪਟਿਆਲਾ ਤੇ ਕਮੇਟੀ ਦੇ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਨੇ ਕਿਹਾ ਕਿ ਤੁਸੀਂ ਗ਼ਦਰੀਆਂ ਦੇ ਵਿਹੜੇ ਵਿੱਚ ਆਏ ਹੋ ਤਾਂ ਸਾਨੂੰ ਖੁਸ਼ੀ ਹੋਈ ਹੈ। ਸਾਨੂੰ ਪੂਰਨ ਆਸ ਹੈ ਕਿ ਜੋ ਅਸੀਂ ਨਾਰਮ ਤਹਿ ਕਰਾਂਗੇ, ਉਹ ਤੁਸੀਂ ਮੰਨੋਗੇ। ਇਸ ਮੌਕੇ ਟਰੱਸਟੀ ਰਣਜੀਤ ਸਿੰਘ ਔਲਖ, ਡਾਕਟਰ ਸੈਲੇਸ਼, ਵਿਜੇ ਬੰਬੇਲੀ ਤੇ ਕੇਸਰ ਨੇ ਵੀ ਸੰਬੋਧਨ ਕੀਤਾ। ਕਮੇਟੀ ਦਾ ਸਹਿਯੋਗ ਦੇਣ ਲਈ ਸੁਖਰਾਜ, ਜਸਬੀਰ, ਹਰਭਜਨ, ਦੀਪ ਦਿਲਬਰ ਤੇ ਸੁਮਿਤ ’ਤੇ ਆਧਾਰਤ ਇੱਕ ਬੁੱਕ ਸਟਾਲ ਕਮੇਟੀ ਵੀ ਬਣਾਈ ਗਈ, ਜਿਸ ਦੇ ਕਨਵੀਨਰ ਦੀਪ ਦਿਲਬਰ ਹਨ। ਅਖੀਰ ’ਤੇ ਅਜਮੇਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।