ਬਠਿੰਡਾ (ਪਰਵਿੰਦਰਜੀਤ ਸਿੰਘ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ 41 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਅਹਿਮ ਪ੍ਰਾਜੈਕਟ ਨਵਾਂ ਬਣਿਆ ਗਰਲਜ਼ ਸਕੂਲ ਅਤੇ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਾਸੀਆਂ ਨੂੰ ਸਮਰਪਤ ਕੀਤੇ।ਬਲਵੰਤ ਗਾਰਗੀ ਆਡੀਟੋਰੀਅਮ ਲੋਕਾਂ ਨੂੰ ਸਮਰਪਤ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਵਚਨਬੱਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਆਡੀਟੋਰੀਅਮ, ਜੋ ਇੰਜੀਨੀਅਰਿੰਗ ਦਾ ਇੱਕ ਅਦਭੁਤ ਨਮੂਨਾ ਹੈ, 30 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਆਡੀਟੋਰੀਅਮ ਵਿੱਚ ਇੱਕ ਸੈਮੀਨਾਰ ਹਾਲ, ਦੋ ਕਾਨਫਰੰਸ ਰੂਮ, ਪ੍ਰਦਰਸ਼ਨੀ ਹਾਲ ਅਤੇ ਲੋਕਾਂ ਲਈ ਹੋਰ ਲੋੜੀਂਦੀਆਂ ਸਹੂਲਤਾਂ ਹਨ। ਮਾਨ ਨੇ ਕਿਹਾ ਕਿ ਇਸ ਆਡੀਟੋਰੀਅਮ ਦਾ ਨਾਂਅ ਪ੍ਰਸਿੱਧ ਸਾਹਿਤਕਾਰ ਪਦਮਸ੍ਰੀ ਬਲਵੰਤ ਗਾਰਗੀ ਦੇ ਨਾਂਅ ’ਤੇ ਰੱਖਿਆ ਗਿਆ ਹੈ ਅਤੇ ਇਹ ਮਿੱਟੀ ਦੇ ਮਹਾਨ ਪੁੱਤਰ ਨੂੰ ਅਸਲ ਸ਼ਰਧਾਂਜਲੀ ਹੈ।
ਮਾਲ ਰੋਡ ’ਤੇ ਸਥਿਤ ਸ਼ਹੀਦ ਮੇਜਰ ਰਵੀਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਨਵੀਂ ਇਮਾਰਤ ਨੂੰ ਲੋਕਾਂ ਨੂੰ ਸਮਰਪਤ ਕਰਨ ਉਪਰੰਤ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਹੈ, ਜਿਸ ਨੇ ਸਮਾਜਿਕ-ਆਰਥਿਕ ਪਾੜੇ ਨੂੰ ਪੂਰਦਿਆਂ ਵਿਦਿਆਰਥੀਆਂ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਠਿੰਡਾ ਵਿੱਚ ਲੜਕੀਆਂ ਦਾ ਸਭ ਤੋਂ ਵੱਡਾ ਅਤੇ ਇਕਲੌਤਾ ਸਕੂਲ ਹੈ, ਜਿੱਥੇ 2200 ਲੜਕੀਆਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ ਅਤੇ 1958 ਵਿੱਚ ਬਣੇ ਇਸ ਸਕੂਲ ਦੇ ਨਵੀਨੀਕਰਨ ਦੀ ਸਖ਼ਤ ਲੋੜ ਸੀ। ਉਨ੍ਹਾ ਦੱਸਿਆ ਕਿ ਸਕੂਲ ਦੀ ਨਵੀਂ ਪੰਜ ਮੰਜ਼ਲਾ ਇਮਾਰਤ 11 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ ਅਤੇ ਇਸ ਵਿੱਚ ਸਮਾਰਟ ਕਲਾਸਰੂਮ, ਸਾਇੰਸ ਲੈਬ, ਕੰਪਿਊਟਰ ਲੈਬ, ਲਾਇਬ੍ਰੇਰੀ ਸਮੇਤ 73 ਕਮਰੇ ਹਨ। ਮਾਨ ਨੇ ਦੱਸਿਆ ਕਿ ਪਹਿਲਾਂ ਇਹ ਸਕੂਲ ਦੋ ਸ਼ਿਫਟਾਂ ਵਿੱਚ ਚੱਲਦਾ ਸੀ, ਪਰ ਹੁਣ ਵਿਦਿਆਰਥੀਆਂ ਦੀ ਭਲਾਈ ਲਈ ਇਹ ਇੱਕ ਸ਼ਿਫਟ ਵਿੱਚ ਹੀ ਚੱਲੇਗਾ।