ਭਿੱਖੀਵਿੰਡ/ਖਾਲੜਾ (ਲਖਵਿੰਦਰ ਸਿੰਘ ਗੋਲਣ/
ਰਣਬੀਰ ਸਿੰਘ ਗੋਲਣ)
ਤਰਨ ਤਾਰਨ ਅਧੀਨ ਆਉਦੇ ਪਿੰਡ ਮਰਗਿੰਦਪੁਰਾ ’ਚ ਕਥਿਤ ਤੌਰ ’ਤੇ ਨਿੱਜੀ ਰੰਜਿਸ਼ ਦੇ ਚੱਲਦਿਆਂ ਗੁਆਂਢ ਵਿੱਚ ਰਹਿੰਦੇ ਵਿਅਕਤੀ ਨੇ ਦੋ ਔਰਤਾਂ ਨਾਲ ਮਿਲ ਕੇ 60 ਸਾਲਾ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਮਿ੍ਰਤਕ ਦੀ ਪਛਾਣ ਚਰਨ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਮਰਗਿੰਦਪੁਰਾ ਵਜੋਂ ਹੋਈ ਹੈ। ਮਿ੍ਰਤਕ ਦੀ ਪਤਨੀ ਕੁਲਵੰਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਿੰਡਾਂ ਵਿੱਚ ਫੇਰੀ ਦਾ ਕੰਮ ਕਰਦਾ ਸੀ। ਉਨ੍ਹਾ ਦੇ ਘਰ ਦੇ ਨਜ਼ਦੀਕ ਪਿੰਡ ਵਿੱਚ ਸ਼ਾਮਲਾਟ ਜਗ੍ਹਾ ਸੀ, ਜਿੱਥੇ ਉਹ ਲੰਮੇ ਸਮੇਂ ਤੋਂ ਪਾਥੀਆਂ ਪੱਥਦੇ ਸਨ। ਉਸੇ ਜਗ੍ਹਾ ’ਤੇ ਉਨ੍ਹਾ ਦੇ ਗੁਆਂਢੀ ਬੂਟਾ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਮਰਗਿੰਦਪੁਰਾ ਹੁਰੀਂ ਵੀ ਪਾਥੀਆਂ ਪੱਥਦੇ ਸਨ ਤੇ ਉਹ ਉਨ੍ਹਾਂ ਨੂੰ ਉਸ ਜਗ੍ਹਾ ’ਤੇ ਪਾਥੀਆਂ ਪੱਥਣ ਤੋਂ ਰੋਕਦੇ ਸਨ। ਵੀਰਵਾਰ ਦੁਪਹਿਰ 2 ਵਜੇ ਜਦੋਂ ਉਹ ਪਾਥੀਆਂ ਪੱਥਣ ਲਈ ਗਈ ਤਾਂ ਉੱਥੇ ਬੂਟਾ ਸਿੰਘ, ਹਰਮਨ ਕੌਰ ਪਤਨੀ ਬੂਟਾ ਸਿੰਘ ਅਤੇ ਅਮਨ ਕੌਰ ਪਤਨੀ ਸੇਵਕ ਸਿੰਘ ਪਹਿਲਾਂ ਤੋਂ ਹੀ ਮੌਜੂਦ ਸਨ। ਕੁਲਵੰਤ ਕੌਰ ਨੇ ਦੱਸਿਆ ਕਿ ਪਾਥੀਆਂ ਪੱਥਣ ਤੋਂ ਰੋਕਣ ’ਤੇ ਉਸ ਦੀ ਤਕਰਾਰ ਹੋ ਗਈ ਤੇ ਬੂਟਾ ਸਿੰਘ, ਹਰਮਨ ਕੌਰ ਤੇ ਅਮਨ ਕੌਰ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਝਗੜਾ ਸੁਣ ਕੇ ਉਸ ਦਾ ਪਤੀ ਚਰਨ ਸਿੰਘ, ਜੋ ਘਰ ਵਿੱਚ ਮੌਜੂਦ ਸੀ, ਜਦ ਉਸ ਨੂੰ ਛੁਡਾਉਣ ਲਈ ਆਇਆ ਤਾਂ ਉਕਤ ਵਿਅਕਤੀ ਤੇ ਔਰਤਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਹ ਜ਼ਮੀਨ ’ਤੇ ਡਿੱਗ ਪਿਆ। ਉਨ੍ਹਾਂ ਤਿੰਨਾਂ ਨੇ ਜ਼ਮੀਨ ’ਤੇ ਡਿੱਗੇ ਉਸ ਦੇ ਪਤੀ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਕੁੱਟਮਾਰ ਦੌਰਾਨ ਉਸ ਦੇ ਪਤੀ ਦੇ ਗੁਪਤ ਅੰਗ ’ਤੇ ਸੱਟ ਲੱਗ ਗਈ। ਜਦੋਂ ਉਨ੍ਹਾਂ ਬਚਾਓ-ਬਚਾਓ ਦਾ ਰੌਲ਼ਾ ਪਾਇਆ ਤਾਂ ਉਕਤ ਵਿਅਕਤੀ ਤੇ ਔਰਤਾਂ ਮੌਕੇ ਤੋਂ ਫ਼ਰਾਰ ਹੋ ਗਏ। ਸੱਟ ਲੱਗਣ ਤੋਂ ਤੁਰੰਤ ਬਾਅਦ ਜਦੋਂ ਉਹ ਚਰਨ ਸਿੰਘ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ ’ਚ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਥਾਣਾ ਕੱਚਾ ਪੱਕਾ ਦੇ ਮੁਖੀ ਜਸਪਾਲ ਸਿੰਘ ਨੇ ਕਿਹਾ ਕਿ ਮਿ੍ਰਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਇੱਕ ਵਿਅਕਤੀ ਤੇ ਦੋ ਔਰਤਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਲਦ ਹੀ ਮੁਲਜ਼ਮ ਪੁਲਸ ਦੀ ਗਿ੍ਰਫਤ ਵਿੱਚ ਹੋਣਗੇ।