ਪਟਿਆਲਾ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਹਿਲ ਦੇ ਖਿਲਾਫ ਪਟਿਆਲਾ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਗਿ੍ਰਫਤਾਰੀ ਵਾਰੰਟ ਜਾਰੀ ਕਰਕੇ ਉਸ ਨੂੰ 28 ਅਕਤੂਬਰ ਤੱਕ ਗਿ੍ਰਫਤਾਰ ਕਰ ਕੇ ਅਦਾਲਤ ਲੱਗੇ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਚਹਿਲ ਦੇ ਖਿਲਾਫ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ 2 ਅਗਸਤ, 2023 ਨੂੰ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਧਾਰਾ 13 (1) ਬੀ, 13 (2) ਪੀ ਸੀ ਐਕਟ ਦੇ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਸੀ। ਚਹਿਲ ਵੱਲੋਂ ਅਗਾਊਂ ਜ਼ਮਾਨਤ ਲਈ ਦਾਇਰ ਕੀਤੀ ਗਈ ਅਰਜ਼ੀ ਪਿਛਲੇ ਦਿਨੀਂ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਸੀ।
ਅਨਮੋਲ ਬਿਸ਼ਨੋਈ ’ਤੇ 10 ਲੱਖ ਦਾ ਇਨਾਮ
ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ’ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਅਨਮੋਲ ਬਿਸ਼ਨੋਈ, ਜੋ ਅਪਰੈਲ ’ਚ ਸਲਮਾਨ ਖਾਨ ਦੇ ਮੁੰਬਈ ਨਿਵਾਸ ਦੇ ਬਾਹਰ ਗੋਲੀਬਾਰੀ ਦੀ ਘਟਨਾ ’ਚ ਕਥਿਤ ਸ਼ਮੂਲੀਅਤ ਲਈ ਰਾਡਾਰ ਅਧੀਨ ਹੈ, ਨੂੰ ਵੀ ਅੱਤਵਾਦ ਵਿਰੋਧੀ ਏਜੰਸੀ ਦੀ ਮੋਸਟ ਵਾਂਟਡ ਸੂਚੀ ’ਚ ਰੱਖਿਆ ਗਿਆ ਹੈ। ਮੁੰਬਈ ’ਚ ਐੱਨ ਸੀ ਪੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਦੇ ਪਿੱਛੇ ਵੀ ਅਨਮੋਲ ਬਿਸ਼ਨੋਈ ਦਾ ਹੱਥ ਦੱਸਿਆ ਜਾਂਦਾ ਹੈ।
ਹਰਵਿੰਦਰ ਕਲਿਆਣ ਬਣੇ ਸਪੀਕਰ
ਚੰਡੀਗੜ੍ਹ : ਤਿੰਨ ਵਾਰ ਵਿਧਾਇਕ ਹਰਵਿੰਦਰ ਕਲਿਆਣ ਸ਼ੁੱਕਰਵਾਰ ਸਰਬਸੰਮਤੀ ਨਾਲ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ। ਉਨ੍ਹਾ ਦੇ ਨਾਂਅ ਦੀ ਤਜਵੀਜ਼ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰੱਖੀ ਅਤੇ ਮੰਤਰੀ ਰਣਬੀਰ ਗੰਗਵਾ ਨੇ ਸਮਰਥਨ ਕੀਤਾ। ਕੋਈ ਹੋਰ ਉਮੀਦਵਾਰ ਨਾ ਹੋਣ ’ਤੇ ਉਨ੍ਹਾ ਦੇ ਸਪੀਕਰ ਚੁਣੇ ਜਾਣ ਦਾ ਐਲਾਨ ਕਰ ਦਿੱਤਾ ਗਿਆ। ਉਹ ਹਲਕਾ ਘਰੌਂਡਾ ਤੋਂ ਵਿਧਾਇਕ ਹਨ।
ਪਿ੍ਰਤਪਾਲ ਸ਼ਰਮਾ ਨੇ ਆਪ ਛੱਡੀ
ਗਿੱਦੜਬਾਹਾ : ਮਾਰਕੀਟ ਕਮੇਟੀ ਗਿੱਦੜਬਾਹਾ ਦੇ ਚੇਅਰਮੈਨ ਪਿ੍ਰਤਪਾਲ ਸ਼ਰਮਾ ਨੇ ਅਕਾਲੀ ਦਲ ਵਿੱਚੋਂ ਆਏ ਡਿੰਪੀ ਢਿੱਲੋਂ ਨੂੰ ਗਿੱਦੜਬਾਹਾ ਦੀ ਅਸੰਬਲੀ ਜ਼ਿਮਨੀ ਚੋਣ ਵਿਚ ਉਮੀਦਵਾਰ ਬਣਾਉਣ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਦਿੱਤੀ ਹੈ। 2022 ਦੀਆਂ ਅਸੰਬਲੀ ਚੋਣਾਂ ’ਚ ਆਪ ਉਮੀਦਵਾਰ ਵਜੋਂ ਤੀਸਰੇ ਸਥਾਨ ’ਤੇ ਰਹਿਣ ਵਾਲੇ ਐਡਵੋਕੇਟ ਸ਼ਰਮਾ ਟਿਕਟ ਦੇ ਦਾਅਵੇਦਾਰ ਸਨ।
ਜ਼ੀਸ਼ਾਨ ਸਿੱਦੀਕੀ ਐੱਨ ਸੀ ਪੀ ’ਚ
ਮੁੰਬਈ : ਬਾਬਾ ਸਿੱਦੀਕੀ ਦੇ ਪੁੱਤਰ ਜ਼ੀਸ਼ਾਨ ਸਿੱਦੀਕੀ ਸ਼ੁੱਕਰਵਾਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਮੌਜੂਦਗੀ ’ਚ ਐੱਨ ਸੀ ਪੀ ਦੇ ਅਜੀਤ ਪਵਾਰ ਧੜੇ ’ਚ ਸ਼ਾਮਲ ਹੋ ਗਏ। ਉਨ੍ਹਾ ਨੂੰ ਪਾਰਟੀ ਨੇ ਵਾਂਦਰਾ ਪੂਰਬ ਹਲਕੇ ਲਈ ਉਮੀਦਵਾਰ ਵੀ ਐਲਾਨ ਦਿੱਤਾ ਹੈ, ਜਿੱਥੇ ਉਨ੍ਹਾ ਕਾਂਗਰਸੀ ਉਮੀਦਵਾਰ ਵਜੋਂ ਪਿਛਲੀ ਅਸੰਬਲੀ ਚੋਣ ’ਚ ਸ਼ਿਵ ਸੈਨਾ ਦੇ ਵਿਸ਼ਵਨਾਥ ਮਹਾਦੇਸ਼ਵਰ ਨੂੰ ਹਰਾਇਆ ਸੀ।