ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਐਤਵਾਰ ਆਪਣੇ ਹਲਕੇ ਵਾਰਾਨਸੀ ’ਚ ਦੁਹਰਾਇਆ ਕਿ ਪਰਵਾਰਵਾਦ ਦੇਸ਼ ਤੇ ਜਮਹੂਰੀਅਤ ਲਈ ਵੱਡਾ ਖਤਰਾ ਹੈ। ਇਸ ਦੇ ਨਾਲ ਹੀ ਉਨ੍ਹਾ ਸਿਆਸਤ ’ਚੋਂ ਪਰਵਾਰਵਾਦ ਦੇ ਖਾਤਮੇ ਲਈ ਗੈਰ-ਸਿਆਸੀ ਪਿਛੋਕੜ ਵਾਲੇ ਇੱਕ ਲੱਖ ਨੌਜਵਾਨਾਂ ਨੂੰ ਸਿਆਸਤ ’ਚ ਲਿਆਉਣ ਦਾ ਸੰਕਲਪ ਵੀ ਦੁਹਰਾਇਆ। ਜਦੋਂ ਉਹ ਇਹ ਭਾਸ਼ਣ ਦੇ ਕੇ ਦਿੱਲੀ ਲਈ ਉੱਡੇ, ਉਸੇ ਸਮੇਂ ਮਹਾਰਾਸ਼ਟਰ ਅਸੰਬਲੀ ਚੋਣਾਂ ਲਈ ਭਾਜਪਾ ਦੇ 99 ਉਮੀਦਵਾਰਾਂ ਦੀ ਸੂਚੀ ਜਾਰੀ ਹੋਈ, ਜਿਸ ’ਚ ਸਿਰਫ 10 ਚਿਹਰੇ ਹੀ ਨਵੇਂ ਹਨ। ਹਾਲਾਂਕਿ ਇਹ ਵੀ ਗੈਰ-ਸਿਆਸੀ ਪਿਛੋਕੜ ਵਾਲੇ ਨਹੀਂ ਹਨ। ਇਹ ਉਹੀ ਹਨ, ਜਿਹੜੇ ਪਹਿਲੀ ਵਾਰ ਚੋਣ ਲੜਨਗੇ। ਸੂਚੀ ਵਿਚ ਬਾਕੀ ਸਾਰੇ ਪੁਰਾਣੇ ਆਗੂ ਹਨ। ਭਾਜਪਾ ਨੇ ਮਹਿਲਾਵਾਂ ਦੇ ਨਾਂਅ ’ਤੇ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਹੈ, ਉਨ੍ਹਾਂ ਵਿਚ ਇਕ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਦੀ ਬੇਟੀ ਤੇ ਦੂਜੀ ਜੇਲ੍ਹਬੰਦ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਦੀ ਪਤਨੀ ਹੈ। ਮੁੰਬਈ ਦੇ ਪਾਰਟੀ ਪ੍ਰਧਾਨ ਆਸ਼ੀਸ਼ ਸ਼ੇਲਾਰ ਤੇ ਉਨ੍ਹਾ ਦੇ ਸਕੇ ਭਰਾ ਨੂੰ ਵੀ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਕ ਹੋਰ ਸਾਬਕਾ ਮੁੱਖ ਮੰਤਰੀ ਨਾਰਾਇਣ ਰਾਣੇ ਦੇ ਬੇਟੇ ਵੀ ਉਮੀਦਵਾਰ ਬਣਾਏ ਗਏ ਹਨ। ਸਾਬਕਾ ਸਾਂਸਦ ਹਰੀਭਾਊ ਜਵਾਲੇ ਦੇ ਬੇਟੇ ਤੇ ਸਾਬਕਾ ਕੇਂਦਰੀ ਮੰਤਰੀ ਰਾਓ ਸਾਹਿਬ ਦਾਨਵੇ ਦੇ ਬੇਟੇ ਨੂੰ ਵੀ ਟਿਕਟ ਦਿੱਤੀ ਗਈ ਹੈ। ਇੱਕ ਲੱਖ ਨੌਜਵਾਨਾਂ ਨੂੰ ਸਿਆਸਤ ਵਿਚ ਲਿਆਉਣ ਦਾ ਸੰਕਲਪ ਕਰਨ ਵਾਲੀ ਪਾਰਟੀ ਸਿਰਫ ਤਿੰਨ ਵਿਧਾਇਕਾਂ ਦੀਆਂ ਟਿਕਟਾਂ ਹੀ ਕੱਟ ਸਕੀ। ਉਸ ਨੇ 89 ਵਿਧਾਇਕਾਂ ਨੂੰ ਦੁਬਾਰਾ ਟਿਕਟ ਦਿੱਤੀ ਹੈ। ਕੁਲ ਮਿਲਾ ਕੇ ਆਗੂਆਂ ਦੇ ਬੇਟੇ-ਬੇਟੀਆਂ, ਪੋਤੇ-ਪੋਤੀਆਂ, ਭਰਾ, ਪਤਨੀਆਂ ਤੇ ਕਰੀਬੀ ਹੀ ਚੋਣਾਂ ਲੜ ਰਹੇ ਹਨ। ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ (ਸ਼ਿੰਦੇ) ਤੇ ਰਾਸ਼ਟਵਾਦੀ ਕਾਂਗਰਸ ਪਾਰਟੀ ਦੀ ਹਾਲਤ ਵਿਚ ਵੱਖਰੀ ਨਹੀਂ। ਦੋਹਾਂ ਨੇ ਜਿੰਨੇ ਉਮੀਦਵਾਰ ਉਤਾਰੇ ਹਨ, ਉਨ੍ਹਾਂ ਵਿੱਚੋਂ ਕਈ ਅਜਿਹੇ ਹਨ, ਜਿਹੜੇ ਕਿਸੇ ਨਾ ਕਿਸੇ ਆਗੂ ਦੇ ਪਰਵਾਰ ਵਿੱਚੋਂ ਹਨ, ਪਰ ਇਨ੍ਹਾਂ ਸਾਰਿਆਂ ’ਚ ਪ੍ਰਧਾਨ ਮੰਤਰੀ ਤੇ ਭਾਜਪਾ ਨੂੰ ਪਰਵਾਰਵਾਦ ਨਜ਼ਰ ਨਹੀਂ ਆਉਦਾ।
ਦਰਅਸਲ ਮੋਦੀ ਤੇ ਉਨ੍ਹਾ ਦੀ ਪਾਰਟੀ ਨੂੰ ਹਰ ਮੁੱਦੇ ’ਤੇ ਪਖੰਡ ਜਾਂ ਦੋਹਰਾ ਰਵੱਈਆ ਅਪਣਾਉਣ ’ਚ ਇਸ ਲਈ ਸੰਕੋਚ ਨਹੀਂ ਹੁੰਦਾ, ਕਿਉਕਿ ਮੁੱਖ ਧਾਰਾ ਦਾ ਮੀਡੀਆ ਡਰ ਤੇ ਲਾਲਚ ਦੇ ਚਲਦਿਆਂ ਪੂਰੀ ਤਰ੍ਹਾਂ ਉਨ੍ਹਾਂ ਦਾ ਪਿਛਲੱਗ ਤੇ ਢੰਡੋਰਚੀ ਬਣਿਆ ਹੋਇਆ ਹੈ। ਅਜਿਹੇ ਮੁੱਦਿਆਂ ’ਤੇ ਉਹ ਨਾ ਖੁਦ ਸਵਾਲ ਕਰਦਾ ਹੈ ਤੇ ਨਾ ਹੀ ਉਨ੍ਹਾਂ ਲੋਕਾਂ ਨੂੰ ਤਵੱਜੋ ਦਿੰਦਾ ਹੈ, ਜਿਹੜੇ ਸਵਾਲ ਉਠਾਉਦੇ ਹਨ। ਇਸ ਲਈ ਪ੍ਰਧਾਨ ਮੰਤਰੀ ਦੇ ਜੋ ਮਨ ਵਿਚ ਆਉਦਾ ਹੈ, ਉਹ ਬੋਲ ਕੇ ਕੱਢ ਲੈਂਦੇ ਹਨ।