ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਗ਼ਦਰੀ ਬਾਬਾ ਨਿਰੰਜਨ ਸਿੰਘ ਪੰਡੋਰੀ ਲੱਧਾ ਸਿੰਘ (ਹੁਸ਼ਿਆਰਪੁਰ) ਦੇ ਪੋਤਰੇ ਅਮਰਜੀਤ ਸਿੰਘ ਢਿੱਲੋਂ, ਉਹਨਾ ਦੀ ਜੀਵਨ ਸਾਥਣ ਰਾਜ ਢਿੱਲੋਂ ਅਤੇ ਉਹਨਾਂ ਨਾਲ਼ ਲੱਖਾ ਸਿੰਘ ਝਿੰਗੜ ਦਾ ਦੇਸ਼ ਭਗਤ ਯਾਦਗਾਰ ਹਾਲ ਆਉਣ ’ਤੇ ਨਿੱਘਾ ਸੁਆਗਤ ਕੀਤਾ ਗਿਆ ਅਤੇ ਉਨ੍ਹਾ ਦੇ ਸਨਮਾਨ ਵਿੱਚ ਕਮੇਟੀ ਵੱਲੋਂ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ।
ਇਸ ਮੌਕੇ ਪਰਵਾਸ ਹੰਢਾਅ ਰਹੇ ਨੌਜਵਾਨਾਂ, ਪੰਜਾਬ ਦੇ ਕਿਰਤੀ ਕਿਸਾਨਾਂ ਅਤੇ ਔਰਤਾਂ ਦੀਆਂ ਵਧ ਰਹੀਆਂ ਚੌਤਰਫੀਆਂ ਤੰਗੀਆਂ ਬਾਰੇ ਚਰਚਾ ਕੀਤੀ। ਗ਼ਦਰੀ ਬਾਬਿਆਂ ਦੇ ਮੇਲੇ ਦੇ ਪ੍ਰਭਾਵ ਅਤੇ ਕੈਨੇਡਾ ਵਿਚ ਇਸ ਦੀ ਚਰਚਾ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਦੇਸ਼ ਭਗਤ ਯਾਦਗਾਰ ਹਾਲ ਦੀਆਂ ਸਰਗਰਮੀਆਂ ’ਤੇ ਲੋਕਾਂ ਨੂੰ ਮਾਣ ਹੈ ਅਤੇ ਲੋਕਾਂ ਵਿਚ ਗ਼ਦਰੀ ਬਾਬਿਆਂ ਦੇ ਮੇਲੇ ’ਤੇ ਆਉਣ ਦਾ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਮਾੜੀਮੇਘਾ ਨੇ ਜੀ ਆਇਆਂ ਕਹਿੰਦਿਆਂ ਕਿਹਾ ਕਿ ਦੇਸ਼ ਭਗਤ ਯਾਦਗਾਰ ਹਾਲ ਦੀ ਕਮੇਟੀ ਇਹ ਸਮਝਦੀ ਹੈ ਕਿ ਇਹ ਇਤਿਹਾਸਕ ਵਿਰਾਸਤ ਦੀ ਧਰੋਹਰ ਲੋਕਾਂ ਦੀ ਹੈ ਅਤੇ ਲੋਕਾਂ ਨੇ ਹੀ ਇਸ ਦੀ ਹਰ ਪੱਖੋਂ ਸਾਂਭ-ਸੰਭਾਲ ਕਰਨੀ ਹੈ।ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਨੇ ਪਰਵਾਰ ਨੂੰ ਮਿਊਜ਼ੀਅਮ ਅਤੇ ਦੇਸ਼ ਭਗਤ ਗੰਧਰਵ ਸੈਨ ਕੋਛੜ ਯਾਦਗਾਰੀ ਥੀਏਟਰ ਦਿਖਾਇਆ ਅਤੇ ਇਸ ਤੋਂ ਪ੍ਰੇਰਨਾ ਲੈ ਰਹੇ ਨੌਜਵਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪਰਵਾਰ ਨੂੰ ਜੀ ਆਇਆਂ ਕਹਿਣ ਵਾਲਿਆਂ ਵਿਚ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਮੈਂਬਰ ਗੁਰਮੀਤ ਸਿੰਘ, ਹਰਵਿੰਦਰ ਭੰਡਾਲ, ਡਾ. ਹਰਜੀਤ ਸਿੰਘ ਦਰਦ, ਭੂਵਨ, ਰਾਮਜੀ ਵੀ ਹਾਜ਼ਰ ਸਨ।